JALANDHAR WEATHER

ਸਿੱਖ ਸਾਬਕਾ ਫ਼ੌਜੀ ਅਤੇ ਉਸਦੇ ਪੁੱਤਰ ਦੀ ਕੁੱਟਮਾਰ ਦੇ ਮਾਮਲੇ ’ਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸਖ਼ਤ ਕਾਰਵਾਈ ਕਰਨ ਲਈ ਕਿਹਾ

ਅੰਮ੍ਰਿਤਸਰ, 5 ਮਈ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬੀਤੀ ਰਾਤ ਮਾਛੀਵਾੜਾ ਸਾਹਿਬ ਨਗਰ ਵਿੱਚ ਇੱਕ ਕਿਰਤੀ ਸਿੱਖ ਕਿਸਾਨ (ਸਾਬਕਾ ਫ਼ੌਜੀ) ਸ. ਕੁਲਦੀਪ ਸਿੰਘ ਅਤੇ ਉਸਦੇ ਪੁੱਤਰ ਕਾਕਾ ਸੁਮਨਪ੍ਰੀਤ ਸਿੰਘ (16) ਨਾਲ ਨਗਰ ਕੌਂਸਲ ਦੇ ਕਰਮਚਾਰੀਆਂ ਵੱਲੋਂ ਬੇਰਹਿਮੀ ਨਾਲ ਕੀਤੀ ਗਈ ਕੁੱਟਮਾਰ ਦਾ ਗੰਭੀਰ ਨੋਟਿਸ ਲਿਆ ਹੈ। ਸਿੱਖ ਕਿਸਾਨ ਦੇ ਸਿਰ ’ਤੇ ਗੰਭੀਰ ਚੋਟ ਲੱਗੀ ਹੈ, ਜਦਕਿ ਉਸਨੂੰ ਸੱਜੇ ਕੰਨ ਨਾਲ ਸੁਣਨ ਅਤੇ ਸੱਜੀ ਅੱਖ ਨਾਲ ਵੇਖਣ ਵਿੱਚ ਮੁਸ਼ਕਲ ਆ ਰਹੀ ਹੈ।

ਉਨ੍ਹਾਂ ਖੰਨਾ ਪੁਲਿਸ ਪ੍ਰਸ਼ਾਸਨ ਨੂੰ ਨਗਰ ਕੌਂਸਲ ਦੇ ਦੋਸ਼ੀ ਕਰਮਚਾਰੀਆਂ ਦੀ ਪਛਾਣ ਉਪਰੰਤ ਇਨ੍ਹਾਂ ਵਿਰੁੱਧ ਪਰਚਾ ਦਰਜ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕਰਨ ਲਈ ਆਖਿਆ ਹੈ। ਜਥੇਦਾਰ ਗੜਗੱਜ ਨੇ ਸਖ਼ਤੀ ਨਾਲ ਕਿਹਾ ਕਿ ਜੇਕਰ 24 ਘੰਟਿਆਂ ਦੇ ਅੰਦਰ ਦੋਸ਼ੀ ਵਿਅਕਤੀਆਂ ਵਿਰੁੱਧ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਪੀੜਤ ਸਿੱਖ ਨੌਜਵਾਨ ਪਰਿਵਾਰ ਨਾਲ ਮੁਲਾਕਾਤ ਕਰਕੇ ਅਗਲੀ ਕਾਰਵਾਈ ਲਈ ਖੁਦ ਉਨ੍ਹਾਂ ਦਾ ਸਾਥ ਦੇਣ ਪਹੁੰਚਣਗੇ। ਜਥੇਦਾਰ ਗੜਗੱਜ ਨੇ ਕਿਹਾ ਕਿ ਜੇਕਰ ਅੱਜ ਇੱਕ ਸੇਵਾਮੁਕਤ ਫ਼ੌਜੀ ਨਾਲ ਸਥਾਨਕ ਨਗਰ ਪ੍ਰਸ਼ਾਸਨ ਇਸ ਤਰ੍ਹਾਂ ਧੱਕਾ ਕਰ ਰਿਹਾ ਹੈ ਤਾਂ ਇਸ ਤੋਂ ਆਮ ਪੰਜਾਬੀ

ਲੋਕਾਂ ਨਾਲ ਕੀਤੇ ਜਾ ਰਹੇ ਧੱਕੇ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਉਨ੍ਹਾਂ ਨੇ ਖੰਨਾ ਦੇ ਐੱਸ.ਐੱਸ.ਪੀ ਅਤੇ ਮਾਛੀਵਾੜਾ ਸਾਹਿਬ ਦੇ ਨਗਰ ਕੌਂਸਲ ਪ੍ਰਧਾਨ ਨਾਲ ਖੁਦ ਗੱਲ ਕਰਕੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਲਈ ਆਖਿਆ ਹੈ। ਜਥੇਦਾਰ ਨੇ ਕਿਹਾ ਕਿ ਪੰਜਾਬ ਦੇ ਕਿਰਤੀ ਸਿੱਖ ਕਿਸਾਨਾਂ ਨਾਲ ਅਜਿਹਾ ਵਿਵਹਾਰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਸਿੱਖ ਨੌਜਵਾਨ ਆਪਣੀ ਮਿਹਨਤ ਸਦਕਾ ਕੋਈ ਸੱਚੀ-ਸੁੱਚੀ ਕਿਰਤ ਕਰਦੇ ਹਨ ਤਾਂ ਸਰਕਾਰੀ ਸ਼ਹਿ ਵਾਲੇ ਗੁੰਡਾ ਅਨਸਰ ਉਨ੍ਹਾਂ ਨੂੰ ਸੂਬੇ ਅੰਦਰ ਤੰਗ ਪਰੇਸ਼ਾਨ ਕਰ ਰਹੇ ਹਨ, ਜਿਸ ਨੂੰ ਤੁਰੰਤ ਪ੍ਰਭਾਵ ਨਾਲ ਨੱਥ ਪਾਈ ਜਾਵੇ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ