JALANDHAR WEATHER

ਕੱਪੜੇ ਦੇ ਤਿੰਨ ਮੰਜ਼ਿਲਾਂ ਸ਼ੋਅ ਰੂਮ ਨੂੰ ਲੱਗੀ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ

ਜੰਡਿਆਲਾ ਮੰਜਕੀ, (ਜਲੰਧਰ), 26 ਅਪ੍ਰੈਲ (ਸੁਰਜੀਤ ਸਿੰਘ ਜੰਡਿਆਲਾ)- ਸਥਾਨਕ ਕਸਬੇ ਦੇ ਪ੍ਰਸਿੱਧ ਰੈਡੀਮੇਡ ਕੱਪੜਿਆਂ ਦੇ ਸ਼ੋਅ ਰੂਮ ਹਰੀ ਓਮ ਕਲੈਕਸ਼ਨ ਵਿਚ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਕਰਕੇ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਸਮਾਚਾਰ ਹੈ। ਦੁਕਾਨਦਾਰ ਹਰਿੰਦਰ ਕੁਮਾਰ ਨੇ ਦੱਸਿਆ ਕਿ ਸਵੇਰੇ 4 ਵਜੇ ਦੇ ਕਰੀਬ ਕਿਸੇ ਨੇ ਮੇਰੀ ਦੁਕਾਨ ਵਿਚ ਧੂੰਆਂ ਨਿਕਲਦੇ ਦੇਖ ਕੇ ਫੋਨ ਰਾਹੀਂ ਸੂਚਿਤ ਕੀਤਾ ਅਤੇ ਜਦੋਂ ਮੈਂ ਦੁਕਾਨ ’ਤੇ ਪੁੱਜਾ ਤਾਂ ਦੁਕਾਨ ਅੰਦਰੋਂ ਲਪਟਾਂ ਨਿਕਲ ਰਹੀਆਂ ਸਨ ਅਤੇ ਮੇਨ ਸ਼ਟਰ ਭੰਨਣ ਦੇ ਬਾਵਜੂਦ ਵੀ ਨਹੀਂ ਖੁੱਲ੍ਹ ਰਿਹਾ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਚੌਂਕੀ ਜੰਡਿਆਲਾ ਦੇ ਮੁਲਾਜ਼ਮਾਂ ਨੂੰ ਸੂਚਿਤ ਕੀਤੇ ਜਾਣ ’ਤੇ ਪੁਲਿਸ ਮੁਲਾਜ਼ਮ ਚੌਂਕੀ ਇੰਚਾਰਜ ਗੁਲਜ਼ਾਰ ਸਿੰਘ ਦੀ ਅਗਵਾਈ ਵਿਚ ਤੁਰੰਤ ਪੁੱਜੇ ਅਤੇ ਅੱਗ ’ਤੇ ਕਾਬੂ ਪਾਉਣ ਲਈ ਭਰਪੂਰ ਯਤਨ ਅਰੰਭ ਕੀਤੇ। ਉਨ੍ਹਾਂ ਇਸ ਸੰਬੰਧੀ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ।

ਅੱਧੇ ਘੰਟੇ ਵਿਚ ਹੀ ਦੋ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਪੁੱਜ ਗਈਆਂ ਤੇ ਅੱਗ ਤੇ ਕਾਬੂ ਪਾਉਣ ਲਈ ਜਦੋ ਜਹਿਦ ਕਰਨ ਲੱਗੀਆਂ। ਪੱਤਰਕਾਰ ਦੀ ਮੌਜੂਦਗੀ ਵਿਚ ਤਿੰਨ ਘੰਟੇ ਦੀ ਜੱਦੋ ਜਹਿਦ ਤੋਂ ਬਾਅਦ ਵੀ ਅੱਗ ’ਤੇ ਕਾਬੂ ਨਹੀਂ ਪਾਇਆ ਜਾ ਰਿਹਾ ਸੀ। ਜੇ.ਸੀ.ਬੀ. ਮਸ਼ੀਨ ਦੀ ਮਦਦ ਨਾਲ ਦੁਕਾਨ ਦਾ ਮੇਨ ਸ਼ਟਰ ਤੋੜਿਆ ਗਿਆ ਤਾਂ ਅੰਦਰੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ ਅਤੇ ਸਾਰਾ ਸਮਾਨ ਸੜ੍ਹ ਕੇ ਸੁਆਹ ਹੋ ਚੁੱਕਾ ਸੀ। ਖ਼ਬਰ ਲਿਖੇ ਜਾਣ ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ’ਤੇ ਕਾਬੂ ਪਾਉਣ ਲਈ ਸੰਘਰਸ਼ ਕਰ ਰਹੀਆਂ ਸਨ। ਚੌਂਕੀ ਇੰਚਾਰਜ ਗੁਲਜ਼ਾਰ ਸਿੰਘ ਨੇ ਦੱਸਿਆ ਕਿ ਹੋਏ ਨੁਕਸਾਨ ਸੰਬੰਧੀ ਦੁਕਾਨਦਾਰ ਕੋਲੋਂ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ। ਸ਼ਾਪਕੀਪਰ ਐਸੋਸੀਏਸ਼ਨ ਜੰਡਿਆਲਾ ਦੇ ਪ੍ਰਧਾਨ ਅਤੇ ਸੈਣ ਸਮਾਜ ਵੈਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਮੱਖਣ ਪੱਲਣ ਨੇ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਕਸਬੇ ਦੇ ਸਮੂਹ ਦੁਕਾਨਦਾਰਾਂ ਦੀ ਹਮਦਰਦੀ ਪੀੜਤ ਦੁਕਾਨਦਾਰ ਦੇ ਨਾਲ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ