ਹੜਤਾਲ ’ਤੇ ਅੱਜ ਪੰਜਾਬ ਭਰ ਦੇ ਵਕੀਲ
ਸਮਾਣਾ, (ਪਟਿਆਲਾ )24 ਅਪ੍ਰੈਲ (ਸਾਹਿਬ ਸਿੰਘ)- ਪੰਜਾਬ ਦੀਆਂ ਸਮੂਹ ਬਾਰ ਐਸੋਸੀਏਸ਼ਨਾਂ ਵਲੋਂ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ‘ਤੇ ਅੱਜ “ਨੋ ਵਰਕ ਡੇ” ਮਨਾਇਆ ਜਾ ਰਿਹਾ ਹੈ। ਇਹ ਫ਼ੈਸਲਾ 23 ਅਪ੍ਰੈਲ ਨੂੰ ਵੀਡੀਓ ਕਾਨਫ਼ਰੰਸਿੰਗ ਰਾਹੀਂ ਹੋਈ ਮੀਟਿੰਗ ਦੌਰਾਨ ਲਿਆ ਗਿਆ ਸੀ, ਜਿਸ ਵਿਚ ਨਿਆਂ ਪ੍ਰਣਾਲੀ ਨਾਲ ਸੰਬੰਧਿਤ ਹਾਲੀਆ ਕਦਮਾਂ ’ਤੇ ਵਿਚਾਰ ਕੀਤਾ ਗਿਆ।
ਮੀਟਿੰਗ ਵਿਚ ਖਾਸ ਤੌਰ ’ਤੇ ਸਰਪੰਚਾਂ ਨੂੰ ਮੀਡੀਏਟਰ ਬਣਾਉਣ ਅਤੇ ਪਰਿਵਾਰਕ ਅਦਾਲਤਾਂ, ਮਹਿਲਾਵਾਂ ਖ਼ਿਲਾਫ਼ ਅਪਰਾਧਾਂ ਵਾਲੀਆਂ ਅਦਾਲਤਾਂ ਅਤੇ ਜੂਵੇਨਾਈਲ ਕੋਰਟਾਂ ਦੇ ਬਾਹਰ ਹੈਲਪ ਡੈਸਕ ਸਥਾਪਿਤ ਕਰਨ ਦੇ ਪ੍ਰਸਤਾਵਾਂ ’ਤੇ ਚਰਚਾ ਹੋਈ। ਕਮੇਟੀ ਨੇ ਸਰਪੰਚਾਂ ਦੀ ਮੀਡੀਏਟਰ ਵਜੋਂ ਨਿਯੁਕਤੀ ਨੂੰ ਗਲਤ ਅਤੇ ਨਿਆਂ ਪ੍ਰਣਾਲੀ ਦੇ ਖ਼ਿਲਾਫ਼ ਕਰਾਰ ਦਿੰਦਿਆਂ ਕਿਹਾ ਕਿ ਮੀਡੀਏਸ਼ਨ ਲਈ ਕਾਨੂੰਨੀ ਜਾਣਕਾਰੀ ਅਤੇ ਤਜ਼ਰਬਾ ਲਾਜ਼ਮੀ ਹੁੰਦਾ ਹੈ। ਬਿਨ੍ਹਾਂ ਕਾਨੂੰਨੀ ਪਿਛੋਕੜ ਵਾਲੇ ਵਿਅਕਤੀਆਂ ਨੂੰ ਇਹ ਜ਼ਿੰਮੇਵਾਰੀ ਦੇਣਾ ਠੀਕ ਨਹੀਂ।
ਕਮੇਟੀ ਨੇ ਇਹ ਵੀ ਦਰਸਾਇਆ ਕਿ ਹਰ ਸਾਲ ਕਈ ਨਵੇਂ ਵਕੀਲ ਪੇਸ਼ੇ ਵਿਚ ਆਉਂਦੇ ਹਨ, ਜਿਨ੍ਹਾਂ ਕੋਲ ਕੰਮ ਦੀ ਘਾਟ ਹੈ। ਜੇ ਮੀਡੀਏਟਰਾਂ ਦੀ ਲੋੜ ਹੈ ਤਾਂ ਇਹ ਨਿਯੁਕਤੀ ਵਕੀਲਾਂ ਵਿਚੋਂ ਹੀ ਕੀਤੀ ਜਾਵੇ, ਜਿਸ ਨਾਲ ਨਵੇਂ ਵਕੀਲਾਂ ਨੂੰ ਮੌਕਾ ਮਿਲ ਸਕੇ। ਹੈਲਪ ਡੈਸਕਾਂ ਦੇ ਮਾਮਲੇ ’ਚ ਵੀ ਕਮੇਟੀ ਨੇ ਚਿੰਤਾ ਜਤਾਈ ਅਤੇ ਕਿਹਾ ਕਿ ਇਸ ਦਾ ਗਲਤ ਇਸਤੇਮਾਲ ਹੋ ਸਕਦਾ ਹੈ, ਜਦਕਿ ਅਦਾਲਤਾਂ ਵਿਚ ਪਹਿਲਾਂ ਹੀ ਜਾਗਰੂਕਤਾ ਲਈ ਪ੍ਰਚਾਰ ਕੀਤਾ ਜਾ ਰਿਹਾ ਹੈ।
ਇਸ ਸੰਬੰਧੀ ਪੰਜਾਬ ਭਰ ਦੀਆਂ ਬਾਰ ਐਸੋਸੀਏਸ਼ਨਾਂ ਨੇ ਨਾਰਾਜ਼ਗੀ ਜਤਾਉਂਦਿਆਂ 24 ਅਪ੍ਰੈਲ ਨੂੰ ਸੂਬਾ ਪੱਧਰੀ ਹੜਤਾਲ ਕਰਨ ਦਾ ਫੈਸਲਾ ਕੀਤਾ। ਨਾਲ ਹੀ 9 ਮਈ 2026 ਨੂੰ ਹੋਣ ਵਾਲੀ ਰਾਸ਼ਟਰੀ ਲੋਕ ਅਦਾਲਤ ਦਾ ਬਾਇਕਾਟ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ।
;
;
;
;
;
;
;
;