ਅਮਰੀਕੀ ਅਦਾਲਤ ਵਲੋਂ ਗੌਤਮ ਅਡਾਨੀ ਨੂੰ ਰਾਹਤ
ਨਿਊਯਾਰਕ, 8 ਅਪ੍ਰੈਲ (ਪੀ. ਟੀ. ਆਈ.)-ਇਕ ਅਮਰੀਕੀ ਜੱਜ ਨੇ ਭਾਰਤੀ ਅਰਬਪਤੀ ਗੌਤਮ ਅਡਾਨੀ ਦੀ ਉਸ ਬੇਨਤੀ ਨੂੰ ਪ੍ਰਵਾਨ ਕਰ ਲਿਆ ਹੈ, ਜਿਸ ਵਿਚ ਉਨ੍ਹਾਂ ਨੇ ਅਮਰੀਕੀ ਸਕਿਓਰਟੀਜ਼ ਅਤੇ ਐਕਸਚੇਂਜ ਕਮਿਸ਼ਨ (ਐਸ. ਈ. ਸੀ.) ਵਲੋਂ ਦਰਜ ਕੀਤੇ ਗਏ ਧੋਖਾਧੜੀ ਦੇ ਕੇਸ ਨੂੰ ਖਾਰਜ ਕਰਨ ਲਈ ਸੁਣਵਾਈ ਦੀ ਮੰਗ ਕੀਤੀ ਸੀ | ਨਿਊਯਾਰਕ ਦੀ ਈਸਟਰਨ ਡਿਸਟਿ੍ਕਟ ਅਦਾਲਤ ਨੇ ਆਪਣੇ ਹੁਕਮ ਵਿਚ ਦੋਵਾਂ ਧਿਰਾਂ ਨੂੰ ਪ੍ਰੀ-ਮੋਸ਼ਨ ਕਾਨਫ਼ਰੰਸ ਤੈਅ ਕਰਨ ਦੇ ਨਿਰਦੇਸ਼ ਦਿੱਤੇ ਹਨ | ਅਡਾਨੀ ਅਤੇ ਉਨ੍ਹਾਂ ਦੇ ਭਤੀਜੇ ਸਾਗਰ ਅਡਾਨੀ ਦੇ ਵਕੀਲਾਂ ਵਲੋਂ ਦਾਇਰ ਕੀਤੀ ਗਈ ਇਸ ਪਟੀਸ਼ਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਸ ਕੇਸ ਵਿਚ ਅਮਰੀਕੀ ਅਦਾਲਤ ਕੋਲ ਲੋੜੀਂਦਾ ਅਧਿਕਾਰ ਖੇਤਰ ਨਹੀਂ ਹੈ ਅਤੇ ਇਹ ਕੇਸ ਕਈ ਕਾਨੂੰਨੀ ਅਧਾਰਾਂ 'ਤੇ ਟਿਕਣਯੋਗ ਨਹੀਂ ਹੈ | ਅਡਾਨੀ ਦੇ ਕਾਨੂੰਨੀ ਮਾਹਰਾਂ ਨੇ ਅਦਾਲਤ ਵਿਚ ਦਲੀਲ ਦਿੱਤੀ ਹੈ ਕਿ ਕਥਿਤ ਰਿਸ਼ਵਤਖੋਰੀ ਦੀ ਯੋਜਨਾ ਦਾ ਸਮਰਥਨ ਕਰਨ ਵਾਲਾ ਕੋਈ ਵੀ ਭਰੋਸੇਯੋਗ ਸਬੂਤ ਮੌਜੂਦ ਨਹੀਂ ਹੈ | ਉਨ੍ਹਾਂ ਸਪੱਸ਼ਟ ਕੀਤਾ ਕਿ ਐਸ.ਈ.ਸੀ. ਜਿਨ੍ਹਾਂ ਬਿਆਨਾਂ ਨੂੰ ਗੁੰਮਰਾਹਕੁੰਨ ਦੱਸ ਰਿਹਾ ਹੈ, ਉਹ ਸਿਰਫ਼ ਆਮ ਕਾਰਪੋਰੇਟ ਆਸ਼ਾਵਾਦ ਹਨ, ਜਿਨ੍ਹਾਂ ਨੂੰ ਨਿਵੇਸ਼ਕਾਂ ਲਈ ਗਰੰਟੀ ਵਜੋਂ ਨਹੀਂ ਦੇਖਿਆ ਜਾ ਸਕਦਾ | ਵਕੀਲਾਂ ਅਨੁਸਾਰ ਸ਼ਿਕਾਇਤ ਵਿਚ ਅਜਿਹਾ ਕੋਈ ਵੀ ਸਬੂਤ ਨਹੀਂ ਦਿੱਤਾ ਗਿਆ ਕਿ ਗੌਤਮ ਅਡਾਨੀ ਨੇ ਕਿਸੇ ਗਲਤ ਦਸਤਾਵੇਜ਼ ਨੂੰ ਤਿਆਰ ਕਰਨ ਜਾਂ ਉਸ ਨੂੰ ਮਨਜ਼ੂਰੀ ਦੇਣ ਵਿਚ ਸਿੱਧੀ ਭੂਮਿਕਾ ਨਿਭਾਈ ਹੋਵੇ |
;
;
;
;
;
;
;
;