ਸਿੰਘ ਸਾਹਿਬ ਸਿੱਖੀ ਸਿਧਾਂਤ ਅਤੇ ਮਰਿਆਦਾ ਦੇ ਹਨ ਪੂਰਨ ਧਾਰਨੀ- ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ
ਅੰਮ੍ਰਿਤਸਰ, 31 ਮਾਰਚ (ਜਸਵੰਤ ਸਿੰਘ ਜੱਸ)- ਸਕੱਤਰੇਤ ਅਕਾਲ ਤਖ਼ਤ ਸਾਹਿਬ ਦੇ ਇੰਚਾਰਜ ਨੇ ਬੀਤੇ ਦਿਨੀਂ ਸੋਸ਼ਲ ਮੀਡੀਆ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਬਟਾਲਾ ਵਿਖੇ ਗੁਰਮਤਿ ਸਮਾਗਮ ਮੌਕੇ ਦੀ ਇਕ ਵੀਡੀਓ ਨੂੰ ਗਲਤ ਰੰਗਤ ਦੇ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਲਈ ਕਥਿਤ ਸ਼ਰਾਰਤੀ ਅਨਸਰਾਂ ਦੀ ਕਰੜੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੰਘ ਸਾਹਿਬ ਸਿੱਖੀ ਸਿਧਾਂਤ ਅਤੇ ਮਰਯਾਦਾ ਦੇ ਪੂਰਨ ਧਾਰਨੀ ਹਨ ਅਤੇ ਉਹ ਕਿਸੇ ਵੀ ਹਾਲ ਵਿਚ ਮਰਯਾਦਾ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਜਿਸ ਵੀਡੀਓ ਨੂੰ ਵਾਇਰਲ ਕਰਕੇ ਇਹ ਪੇਸ਼ ਕੀਤਾ ਜਾ ਰਿਹਾ ਹੈ ਕਿ ਸਿੰਘ ਸਾਹਿਬ ਨੇ ਇਕ ਅਕਾਲੀ ਆਗੂ ਦੇ ਪੈਰੀਂ ਹੱਥ ਲਗਾਇਆ, ਦਰਅਸਲ ਉਸ ਦੀ ਸੱਚਾਈ ਇਹ ਨਹੀਂ। ਅਸਲ ਵਿਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸਮਾਗਮ ਦੌਰਾਨ ਸਟੇਜ ਸਕੱਤਰ ਦੀ ਬੇਨਤੀ ’ਤੇ ਸੰਬੋਧਨ ਕਰਨ ਉਪਰੰਤ ਸਨਮਾਨ ਲੈ ਕੇ ਬੈਠਣ ਲੱਗਦੇ ਹਨ। ਇਸੇ ਦੌਰਾਨ ਸਟੇਜ ਸਕੱਤਰ ਸੰਬੰਧਿਤ ਅਕਾਲੀ ਆਗੂ, ਜੋ ਇਸ ਮੌਕੇ ਸਿੰਘ ਸਾਹਿਬ ਦੇ ਨਾਲ ਹੀ ਸਟੇਜ ਉੱਤੇ ਮੌਜੂਦ ਸਨ, ਨੂੰ ਵੀ ਸੰਬੋਧਨ ਕਰਨ ਲਈ ਆਖਦੇ ਹਨ, ਪਰੰਤੂ ਅਕਾਲੀ ਆਗੂ ਇਹ ਕਹਿ ਕੇ ਮਨ੍ਹਾ ਕਰ ਦਿੰਦੇ ਹਨ ਕਿ ਸਿੰਘ ਸਾਹਿਬ ਸੰਗਤ ਨੂੰ ਸੰਬੋਧਤ ਹੋ ਚੁੱਕੇ ਹਨ, ਇਸ ਲਈ ਉਨ੍ਹਾਂ ਦੇ ਬੋਲਣ ਦੀ ਲੋੜ ਨਹੀਂ। ਇਸ ਮੌਕੇ ਅਕਾਲੀ ਆਗੂ ਪੂਰੀ ਵੀਡੀਓ ਵਿਚ ਮਾਈਕ ਨੂੰ ਪਾਸੇ ਕਰਦੇ ਹੋਏ ਵੀ ਦੇਖੇ ਜਾ ਸਕਦੇ ਹਨ। ਇਸੇ ਦੌਰਾਨ ਹੀ ਸਿੰਘ ਸਾਹਿਬ ਅਚਾਨਕ ਬੈਠਦੇ ਬੈਠਦੇ ਦੁਬਾਰਾ ਉੱਠ ਕੇ ਸਟੇਜ ਉੱਤੇ ਬਾਕੀ ਸ਼ਖ਼ਸੀਅਤਾਂ ਨਾਲ ਖੜ੍ਹੇ ਹੋ ਜਾਂਦੇ ਹਨ। ਇਸ ਸਾਰੀ ਘਟਨਾਕ੍ਰਮ ਨੂੰ ਸ਼ਰਾਰਤੀ ਅਨਸਰਾਂ ਵਲੋਂ ਜਥੇਦਾਰ ਦੀ ਉੱਚ ਪਦਵੀ ਨੂੰ ਸੱਟ ਮਾਰਨ ਦੀ ਮਨਸ਼ਾ ਨਾਲ ਵੀਡੀਓ ਅਗਾਂਹ ਪਿਛਾਂਹ ਐਡਿਟ ਕਰਕੇ ਗਲਤ ਰੰਗਤ ਦਿੱਤੀ ਗਈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਜਥੇਦਾਰ ਦੀ ਵੀਡੀਓ ਨੂੰ ਗਲਤ ਢੰਗ ਨਾਲ ਪੇਸ਼ ਕਰਨ ਵਾਲੇ ਸੋਸ਼ਲ ਮੀਡੀਆ ਮੰਚਾਂ ਨੂੰ ਤਾੜਨਾ ਕੀਤੀ ਕਿ ਉਹ ਅਜਿਹੀਆਂ ਹਰਕਤਾਂ ਕਰਨ ਤੋਂ ਬਾਜ਼ ਆਉਣ ਅਤੇ ਆਪਣੇ ਮੰਚਾਂ ਉੱਤੇ ਪਾਈਆਂ ਗਲਤ ਵੀਡੀਓ ਨੂੰ ਹਟਾਉਣ।
;
;
;
;
;
;
;
;