ਸੜਕ ਹਾਦਸੇ ਦੌਰਾਨ ਇਕ ਨੌਜਵਾਨ ਦੀ ਮੌਕੇ ’ਤੇ ਮੌਤ, ਦੂਜਾ ਜ਼ਖਮੀ
ਹਠੂਰ, 22 ਮਾਰਚ (ਜਸਵਿੰਦਰ ਸਿੰਘ ਛਿੰਦਾ)- ਬੀਤੀ ਰਾਤ ਪਿੰਡ ਹਠੂਰ ਵਿਖੇ ਸੜਕ ਹਾਦਸੇ ਦੌਰਾਨ ਇਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋਣ ਦੀ ਦੁਖਦ ਖਬਰ ਮਿਲੀ ਹੈ। ਇਸ ਸੰਬੰਧੀ ਪੁਲਸ ਥਾਣਾ ਹਠੂਰ ਦੇ ਮੁਖੀ ਐੱਸ. ਐੱਚ. ਓ. ਕੁਲਦੀਪ ਕੁਮਾਰ ਨੇ ‘ਅਜੀਤ’ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬੀਤੀ ਰਾਤ ਮਨੀ ਕਰਿਆਨਾ ਸਟੋਰ ਵਾਲਿਆਂ ਦੇ ਘਰ ਵਿਆਹ ਸਮਾਗਮ ਦੌਰਾਨ ਰਾਤ ਜਾਗੋ ਦਾ ਪ੍ਰੋਗਰਾਮ ਸੀ, ਜਿਉਂ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਸਟੋਰ ਨੂੰ ਅੱਗ ਲੱਗ ਗਈ ਹੈ ਤਾਂ ਸਾਰੇ ਇਕਦਮ ਦੌੜੇ। ਜਿਸ ਵਿਚ ਉਕਤ ਨੌਜਵਾਨ ਜਿਸ ਦਾ ਨਾਂਅ ਭਵਨਪ੍ਰੀਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਹਠੂਰ ਵੀ ਆਪਣੇ ਇਕ ਦੋਸਤ ਨਾਲ ਆਪਣੀ ਹੰਡਈ ਗੱਡੀ ਨੰਬਰ ਪੀ ਬੀ 31 ਜੈੱਡ 6329 ਵਿਚ ਸਵਾਰ ਹੋ ਕੇ ਤੇਜ਼ੀ ਨਾਲ ਉੱਧਰ ਗਏ ਅਤੇ ਦੁਕਾਨ ਨੇੜੇ ਜਾਂਦਿਆਂ ਸੜਕ ਉਪਰ ਪਏ ਇੱਟਾਂ ਰੋੜਿਆਂ ਵਿਚ ਗੱਡੀ ਦੀ ਜ਼ਬਰਦਸਤ ਟੱਕਰ ਹੋਣ ਕਾਰਨ ਭਵਨਪ੍ਰੀਤ ਸਿੰਘ ਪੁੱਤਰ ਗੁਰਨਾਮ ਸਿੰਘ (22) ਸਾਲ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਨਾਲ ਦੇ ਮੁੰਡੇ ਦੇ ਸੱਟਾਂ ਲੱਗੀਆਂ ਅਤੇ ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਟਰੱਕ ਯੂਨੀਅਨ ਹਠੂਰ ਦੇ ਮੁਨਸ਼ੀ ਗੁਰਪ੍ਰੀਤ ਸਿੰਘ ਛਿੰਦੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਹਠੂਰ ਵਾਸੀਆਂ ਲਈ ਇਹ ਬੀਤੀ ਰਾਤ ਕਹਿਰ ਦੀ ਰਾਤ ਸੀ, ਜਿਸ ਦੌਰਾਨ ਹੋਏ ਦੋ ਹਾਦਸਿਆਂ ਵਿਚ ਇਕ ਕੀਮਤੀ ਜਾਨ ਚਲੀ ਗਈ ਅਤੇ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ।
;
;
;
;
;
;
;
;