ਓਮਾਨ 'ਚ ਫਸੀਆਂ ਭਾਰਤੀ ਮਹਿਲਾਵਾਂ ਦੀ ਸੁਰੱਖਿਆ ਚਿੰਤਾ ਦਾ ਵਿਸ਼ਾ-ਸੰਤ ਸੀਚੇਵਾਲ
ਸੁਲਤਾਨਪੁਰ ਲੋਧੀ, 19 ਮਾਰਚ (ਥਿੰਦ)-ਖਾੜੀ ਖੇਤਰ 'ਚ ਵਧ ਰਹੇ ਤਣਾਅ ਅਤੇ ਅਮਰੀਕਾ-ਇਜ਼ਰਾਇਲ ਅਤੇ ਈਰਾਨ ਵਿਚਾਲੇ ਚੱਲ ਰਹੇ ਜੰਗ ਦੇ ਮੱਦੇਨਜ਼ਰ ਉੱਥੇ ਰਹਿ ਰਹੇ ਭਾਰਤੀਆਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾਵਾਂ ਸਾਹਮਣੇ ਆ ਰਹੀਆਂ ਹਨ। ਅਜਿਹੇ ਮਾਮਲੇ ਵਿਚ ਓਮਾਨ ਵਿਚ ਫਸੀਆਂ 88 ਭਾਰਤੀ ਮਹਿਲਾਵਾਂ ਦੀ ਸੁਰੱਖਿਅਤ ਵਾਪਸੀ ‘ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਹ ਮਹਿਲਾਵਾਂ ਜੰਗੀ ਤਣਾਅ ਤੋਂ ਪਹਿਲਾਂ ਹੀ ਓਮਾਨ ਦੇ ਸ਼ੈਲਟਰ ਹਾਊਸਾਂ ਵਿਚ ਮੁਸ਼ਕਲ ਹਾਲਾਤਾਂ ਵਿਚ ਰਹਿ ਰਹੀਆਂ ਹਨ ਅਤੇ ਅਜੇ ਤੱਕ ਉਨ੍ਹਾਂ ਦੀ ਵਾਪਸੀ ਨਹੀਂ ਹੋ ਸਕੀ। ਬੀਤੇ ਸਮੇਂ ਦੌਰਾਨ ਓਮਾਨ ਵਿਚ ਹੋਏ ਹਮਲੇ ਵਿਚ 2 ਭਾਰਤੀਆਂ ਦੀ ਮੌਤ ਵੀ ਇਸ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਹੋਰ ਵਧਾ ਦਿੱਤਾ ਹੈ। ਜਿਸ ਕਾਰਣ ਉੱਥੇ ਫਸੀਆਂ ਭਾਰਤੀ ਔਰਤਾਂ ਡਰ ਅਤੇ ਸਹਿਮ ਦੇ ਮਾਹੌਲ ਵਿੱਚ ਹਨ।
ਜ਼ਿਕਰਯੋਗ ਹੈ ਕਿ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਖਾੜੀ ਦੇਸ਼ਾਂ ਵਿਚ ਫਸੀਆਂ, ਮਨੁੱਖੀ ਤਸਕਰੀ ਜਾਂ ਸ਼ੋਸ਼ਣ ਦਾ ਸ਼ਿਕਾਰ ਹੋ ਰਹੀਆਂ ਭਾਰਤੀ ਮਹਿਲਾਵਾਂ ਬਾਰੇ ਸੰਸਦ ਵਿਚ ਸੁਆਲ ਕੀਤਾ ਗਿਆ ਸੀ। ਉਨ੍ਹਾਂ ਦੇ ਸਵਾਲ ਦੇ ਜਵਾਬ ਵਿਚ ਵਿਦੇਸ਼ ਮੰਤਰਾਲੇ ਵੱਲੋਂ ਕੇਂਦਰੀ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਦੱਸਿਆ ਸੀ ਕਿ ਇਸ ਵੇਲੇ ਓਮਾਨ ਦੇ ਮਸਕਟ ਵਿਚ ਸਥਿਤ “ਵਨ ਸਟਾਪ ਸੈਂਟਰ” ਵਿਚ 88 ਭਾਰਤੀ ਮਹਿਲਾਵਾਂ ਰਹਿ ਰਹੀਆਂ ਹਨ, ਜਦਕਿ ਯੂਏਈ ਵਿਚ ਵੀ ਇਕ ਮਹਿਲਾ ਦੀ ਵਾਪਸੀ ਲਈ ਕਾਰਵਾਈ ਜਾਰੀ ਹੈ। ਵਿਦੇਸ਼ ਮੰਤਰਾਲੇ ਵਲੋਂ ਰਾਜ ਸਭਾ ਵਿਚ ਪੇਸ਼ ਕੀਤੇ ਗਏ ਅੰਕੜਿਆਂ ਮੁਤਾਬਿਕ ਪਿਛਲੇ ਛੇ ਸਾਲਾਂ ਦੌਰਾਨ ਲਗਭਗ 10,526 ਭਾਰਤੀ ਮਹਿਲਾਵਾਂ ਨੂੰ ਖਾੜੀ ਦੇਸ਼ਾਂ ਤੋਂ ਸੁਰੱਖਿਅਤ ਤਰੀਕੇ ਨਾਲ ਵਾਪਸ ਭਾਰਤ ਲਿਆਂਦਾ ਗਿਆ ਹੈ। ਇਹ ਮਹਿਲਾਵਾਂ ਓਮਾਨ, ਕੂਵੈਤ, ਕਤਰ, ਸਾਊਦੀ ਅਰਬ ਅਤੇ ਯੂਏਈ ਵਿੱਚੋਂ ਵਾਪਸ ਲਿਆਂਦੀਆਂ ਗਈਆਂ ਹਨ। ਅੰਕੜਿਆਂ ਅਨੁਸਾਰ ਸਭ ਤੋਂ ਵੱਧ ਮਾਮਲੇ ਓਮਾਨ ਅਤੇ ਕੂਵੈਤ ਨਾਲ ਸੰਬੰਧਿਤ ਹਨ। ਸਾਲ 2021 ਤੋਂ 2025 ਤੱਕ ਓਮਾਨ ਤੋਂ 3,647 ਅਤੇ ਕੂਵੈਤ ਤੋਂ 5,592 ਮਹਿਲਾਵਾਂ ਦੀ ਸੁਰੱਖਿਅਤ ਵਾਪਸੀ ਦਰਜ ਕੀਤੀ ਗਈ ਹੈ। ਹਾਲਾਂਕਿ, ਸੰਤ ਸੀਚੇਵਾਲ ਵਲੋਂ ਇਸ ਸਮੱਸਿਆ ਦੇ ਮੁੱਖ ਕਾਰਣਾਂ ਬਾਰੇ ਪੁੱਛੇ ਜਾਣ ‘ਤੇ ਕੋਈ ਵਿਸਥਾਰਪੂਰਵਕ ਜਵਾਬ ਨਹੀਂ ਦਿੱਤਾ ਗਿਆ।
;
;
;
;
;
;
;
;
;