ਸੁਲਤਾਨਪੁਰ ਲੋਧੀ ਦੇ ਵਿੱਕੀ ਦਿਓਲ ਨੇ 40 ਸਕਿੰਟਾਂ ਵਿਚ 64 ਡੰਡ ਮਾਰ ਕੇ ਵਿਸ਼ਵ ਕੀਰਤੀਮਾਨ ਸਥਾਪਿਤ ਕੀਤਾ
ਸੁਲਤਾਨਪੁਰ ਲੋਧੀ ,15 ਮਾਰਚ (ਥਿੰਦ) - ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਨਾਲ ਸੰਬੰਧਿਤ 50 ਸਾਲਾ ਨੌਜਵਾਨ ਹਰਪ੍ਰੀਤ ਸਿੰਘ ਉਰਫ਼ ਵਿੱਕੀ ਦਿਓਲ ਨੇ ਫਿਟਨੈੱਸ ਦੇ ਖੇਤਰ ਵਿਚ ਸ਼ਾਨਦਾਰ ਉਪਲਬਧੀ ਹਾਸਿਲ ਕਰਦਿਆਂ ਵਿਸ਼ਵ ਪੱਧਰ ’ਤੇ ਨਵਾਂ ਕੀਰਤੀਮਾਨ ਸਥਾਪਿਤ ਕਰ ਦਿੱਤਾ ਹੈ।ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਸਹਿਯੋਗ ਨਾਲ ਆਯੋਜਿਤ ਫਿੱਟ ਇੰਡੀਆ ਕਾਰਨੀਵਲ ਦੌਰਾਨ ਵਿੱਕੀ ਦਿਓਲ ਨੇ ਸਿਰਫ਼ 40 ਸਕਿੰਟਾਂ ਵਿਚ 64 ਵਾਰ ਦੋ ਅੰਗੂਠਿਆਂ ਵਾਲੀਆਂ ਪੁਸ਼ਅੱਪ ਲਗਾ ਕੇ ਵਿਸ਼ਵ ਰਿਕਾਰਡ ਕਾਇਮ ਕੀਤਾ। ਇਹ ਕਾਰਨਾਮਾ ਹੋਰ ਵੀ ਵਿਲੱਖਣ ਇਸ ਕਰਕੇ ਬਣ ਗਿਆ ਕਿਉਂਕਿ ਉਹ 3 ਫੁੱਟ ਉੱਚਾਈ ‘ਤੇ ਲੱਗੀਆਂ 3 ਲੋਹੇ ਦੀਆਂ ਰਾਡਾਂ ‘ਤੇ ਸੰਤੁਲਨ ਬਣਾਉਂਦੇ ਹੋਏ ਅਤੇ ਇਕ ਪੈਰ ਹਵਾ ਵਿਚ ਰੱਖ ਕੇ ਇਹ ਮੁਸ਼ਕਿਲ ਪ੍ਰਦਰਸ਼ਨ ਕਰ ਰਹੇ ਸਨ। ਇਸ ਪ੍ਰਦਰਸ਼ਨ ਦੀ ਖਾਸ ਗੱਲ ਇਹ ਰਹੀ ਕਿ ਵਿੱਕੀ ਦਿਓਲ ਨੇ ਆਪਣਾ ਹੀ ਪੁਰਾਣਾ ਰਿਕਾਰਡ ਵੀ ਤੋੜ ਦਿੱਤਾ। ਇਸ ਤੋਂ ਪਹਿਲਾਂ ਉਹ 40 ਸਕਿੰਟਾਂ ਵਿਚ 40 ਪੁਸ਼ਅੱਪ ਲਗਾ ਕੇ ਕੀਰਤੀਮਾਨ ਸਥਾਪਿਤ ਕਰ ਚੁੱਕੇ ਸਨ, ਜਿਸ ਨੂੰ ਹੁਣ ਉਨ੍ਹਾਂ ਨੇ ਪਿੱਛੇ ਛੱਡਦਿਆਂ ਨਵਾਂ ਮਾਪਦੰਡ ਕਾਇਮ ਕੀਤਾ ਹੈ।ਵਿੱਕੀ ਦਿਓਲ ਦੇ ਇਸ ਸ਼ਾਨਦਾਰ ਜੌਹਰ ਨੂੰ ਵਰਲਡ ਬੁੱਕ ਆਫ ਰਿਕਾਰਡਜ਼, ਲੰਡਨ ਵਲੋਂ ਪ੍ਰਮਾਣਿਤ ਕੀਤਾ ਗਿਆ।
ਇਸ ਮੌਕੇ ‘ਤੇ ਅਪੂਰਵਾ ਮੇਨਨ, ਰਣਦੀਪ ਸਿੰਘ ਕੋਹਲੀ, ਜਸਵੀਰ ਸਿੰਘ ਸ਼ਿੰਦਾ, ਸੁਦੀਪ ਡੋਗਰਾ, ਗੁਰਪ੍ਰੀਤ ਸਿੰਘ ਅਤੇ ਪੰਕਜ ਠਾਕੁਰ ਸਮੇਤ ਹੋਰ ਅਧਿਕਾਰੀਆਂ ਦੀ ਮੌਜੂਦਗੀ ਵਿਚ ਰਿਕਾਰਡ ਦੀ ਪੁਸ਼ਟੀ ਕੀਤੀ ਗਈ। ਜ਼ਿਕਰ ਯੋਗ ਹੈ ਕਿ ਫਿੱਟ ਇੰਡੀਆ ਕਾਰਨੀਵਲ ਦੌਰਾਨ ਲਗਭਗ 1000 ਤੋਂ 1500 ਵਿਦਿਆਰਥੀਆਂ ਨੇ ਭਾਗ ਲਿਆ। ਕਾਰਨੀਵਲ ਵਿਚ ਵੱਖ-ਵੱਖ ਖੇਡਾਂ ਅਤੇ ਮਨੋਰੰਜਕ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ, ਜਿਸ ਨਾਲ ਵਿਦਿਆਰਥੀਆਂ ਵਿਚ ਫਿੱਟਨੈੱਸ ਪ੍ਰਤੀ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ । ਵਿੱਕੀ ਦਿਓਲ ਦੀ ਇਸ ਉਪਲਬਧੀ ਨਾਲ ਸੁਲਤਾਨਪੁਰ ਲੋਧੀ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਹੈ।
;
;
;
;
;
;
;
;
;