ਆਂਗਣਵਾੜੀ ਵਰਕਰ ਵਲੋਂ ਨੌਕਰੀ ਬਹਾਲ ਕਰਨ 'ਤੇ ਰਿਸ਼ਵਤ ਲੈਣ ਦੇ ਦੋਸ਼, ਸੁੁਪਰਵਾਈਜ਼ਰ ਨੇ ਦੋਸ਼ ਨਕਾਰੇ
ਚੋਗਾਵਾਂ/ਅੰਮ੍ਰਿਤਸਰ, 15 ਮਾਰਚ (ਗੁਰਵਿੰਦਰ ਸਿੰਘ ਕਲਸੀ)- ਸਰਹੱਦੀ ਪਿੰਡ ਕੁੱਤੀਵਾਲ ਦੀ ਗਰੀਬ ਪਰਿਵਾਰ ਨਾਲ ਸੰਬੰਧਤ ਆਂਗਣਵਾੜੀ ਵਰਕਰ ਦੀ ਨੌਕਰੀ ਬਹਾਲ ਕਰਨ ਤੇ ਰਿਸ਼ਵਤ ਲੈਣ ਦੇ ਦੋਸ਼ ਲੱਗੇ ਹਨ। ਇਸ ਸੰਬੰਧੀ ਦੋਸ਼ ਲਗਾਉਂਦਿਆਂ ਪਿੰਡ ਕੁੱਤੀਵਾਲ ਦੀ ਜਿੰਦਰ ਕੌਰ ਪਤਨੀ ਰਣਜੀਤ ਸਿੰਘ ਨੇ ਦੱਸਿਆ ਕਿ 20 ਫਰਵਰੀ 2024 ਨੂੰ ਉਨ੍ਹਾਂ ਨੇ ਆਂਗਣਵਾੜੀ ਵਰਕਰ ਦੀ ਨੌਕਰੀ ਮਿਲੀ। ਉਸ ਵਕਤ ਵੀ ਉਨ੍ਹਾਂ ਤੋਂ ਡਿਊਟੀ ਜੁਆਇਨ ਕਰਨ ਤੋਂ ਪਹਿਲਾਂ ਸੀ.ਡੀ.ਪੀ.ਓ. ਦਫਤਰ ਚੋਗਾਵਾਂ ਵਿਖੇ ਪੈਸੇ ਲਏ ਗਏ ਸਨ। 18 ਨਵੰਬਰ 2025 ਨੂੰ ਉਨ੍ਹਾਂ ਕੋਲੋਂ ਇੱਕ ਵਰਕੇ ਉਤੇ ਦਸਤਖਤ ਕਰਾ ਕੇ ਅਸਤੀਫਾ ਲਿਆ ਗਿਆ। ਜਿਸ ਦਾ ਉਨ੍ਹਾਂ ਨੂੰ ਬਾਅਦ ਵਿਚ ਪਤਾ ਲੱਗਾ ਕਿ ਇਨ੍ਹਾਂ ਉਸ ਕੋਲੋਂ ਅਸਤੀਫਾ ਲਿਖਵਾ ਲਿਆ ਹੈ। ਉਸ ਤੋਂ 10 ਦਿਨਾਂ ਬਾਅਦ ਸੁਪਰਵਾਈਜ਼ਰ ਬਲਵਿੰਦਰ ਕੌਰ ਸਾਡੇ ਘਰ ਆਏ। ਉਸਦੀ ਨੌਕਰੀ ਬਹਾਲ ਕਰਨ ਲਈ ਡੇਢ ਲੱਖ ਰੁਪਏ ਦੀ ਮੰਗ ਕੀਤੀ। ਜੋ ਉਨ੍ਹਾਂ ਨੇ ਉੱਚ ਅਧਿਕਾਰੀਆਂ ਨੂੰ ਦੇਣ ਬਾਰੇ ਵੀ ਕਿਹਾ।
ਪੀੜਤਾ ਨੇ ਅੱਗੇ ਦੱਸਿਆ ਕਿ ਅਸੀਂ ਇਕ ਲੱਖ ਰੁਪਿਆ ਵਿਆਜੀ ਚੁੱਕ ਕੇ ਦੇ ਦਿੱਤੇ। ਅਸੀਂ ਪੈਸੇ ਦਿੰਦਿਆਂ ਦੀ ਵੀਡੀਓ ਮੌਕੇ ਉਤੇ ਬਣਾ ਲਈ, ਜੋ ਸਾਡੇ ਕੋਲ ਹੈ। ਉਨ੍ਹਾਂ ਕਿਹਾ ਕਿ ਅਸੀਂ ਜੋ ਵਿਆਜੀ ਪੈਸੇ ਚੁੱਕੇ ਸਨ ਉਹ ਸਾਡੇ ਘਰ ਦੇ ਬੂਹੇ ਤੋੜ ਰਹੇ ਹਨ। ਅਸੀਂ ਵਿਆਜ ਦੇਣ ਤੋਂ ਵੀ ਅਸਮਰਥ ਹਾਂ। ਸਾਡਾ ਘਰ ਵੀ ਖੁੱਸਣ ਕਿਨਾਰੇ ਹੈ। ਸਾਡਾ ਪੁੱਤਰ ਵੀ ਇਸ ਸਦਮੇ ਕਾਰਨ ਬਿਮਾਰ ਹੋ ਗਿਆ ਹੈ। ਪਰ ਸੁਪਰਵਾਈਜ਼ਰ ਨੇ ਸਾਨੂੰ ਕੋਈ ਇਨਸਾਫ ਨਹੀਂ ਦਿੱਤਾ। ਉਨ੍ਹਾਂ ਦੁਖੀ ਮਨ ਨਾਲ ਕਿਹਾ ਕਿ ਜੇਕਰ ਸਾਡੇ ਪਰਿਵਾਰ ਦੇ ਕਿਸੇ ਵੀ ਜੀਅ ਨੇ ਕੋਈ ਵੀ ਗਲਤ ਕਦਮ ਚੁੱਕ ਲਿਆ ਤਾਂ ਉਸਦੇ ਜ਼ਿੰਮੇਵਾਰ ਉਕਤ ਮੁਲਾਜ਼ਮ ਹੋਣਗੇ।
ਇਸ ਸੰਬੰਧੀ ਸੁਪਰਵਾਈਜ਼ਰ ਬਲਵਿੰਦਰ ਕੌਰ ਨੇ ਆਪਣੇ ਉੱਪਰ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਬੇਬੁਨਿਆਦ ਦੱਸਿਆ। ਸੀ.ਡੀ.ਪੀ.ਓ. ਚੋਗਾਵਾਂ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਇਸ ਸੰਬੰਧੀ ਹੈਡ ਆਫਿਸ ਤੋਂ ਸ਼ਿਕਾਇਤ ਪ੍ਰਾਪਤ ਹੋਈ ਹੈ। ਇਸ ਸੰਬੰਧੀ ਰਿਪੋਰਟ ਤਿਆਰ ਕਰਕੇ ਭੇਜੀ ਜਾ ਰਹੀ ਹੈ।
;
;
;
;
;
;
;
;
;