ਡਾਊਨ ਟਾਊਨ ’ਚ ਦੋ ਧਿਰਾਂ ਵਿਚਾਲੇ ਚੱਲੀਆਂ ਗੋਲ਼ੀਆਂ, 4 ਗ੍ਰਿਫਤਾਰ
ਪਠਾਨਕੋਟ, 5 ਫਰਵਰੀ (ਵਿਨੋਦ)- ਮਲਿਕਪੁਰ ਦੇ ਨਜ਼ਦੀਕ ਡਾਊਨ ਟਾਊਨ ’ਚ ਦੋ ਧਿਰਾਂ ਦੀ ਆਪਸੀ ਕਹਾ-ਸੁਣੀ ’ਚ ਗੋਲ਼ੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ । ਜਿਸ ਦੇ ਚਲਦੇ ਪੁਲਿਸ ਵਲੋਂ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ. ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਡਮਟਾਲ ਪਠਾਨਕੋਟ ਨੈਸ਼ਨਲ ਹਾਈਵੇ ਉਤੇ ਦੋ ਧਿਰਾਂ ’ਚ ਹਾਰਨ ਦੀ ਆਵਾਜ਼ ਨੂੰ ਲੈ ਕੇ ਆਪਸ ’ਚ ਕਹਾ-ਸੁਣੀ ਹੋ ਗਈ, ਜਿਸ ਤੋਂ ਬਾਅਦ ਇਕ ਧਿਰ ਸਿਮਰਨਜੀਤ ਸਿੰਘ ਆਪਣੀ ਪਾਰਟੀ ਸਹਿਤ ਮਲਿਕਪੁਰ ਦੇ ਨਜ਼ਦੀਕ ਡਾਊਨ ਟਾਊਨ ’ਤੇ ਇਕ ਰੈਸਟੋਰੈਂਟ ’ਚ ਕੁਝ ਖਾਣ-ਪੀਣ ਲਈ ਆ ਗਏ, ਤੇ ਦੂਸਰੀ ਧਿਰ ਨੇ ਵੀ ਕੁਝ ਆਪਣੇ ਬੰਦਿਆਂ ਨੂੰ ਉੱਥੇ ਹੀ ਬੁਲਾ ਲਿਆ, ਜਿਨ੍ਹਾਂ ਕੋਲ ਤੇਜ਼ਤਾਰ ਹਥਿਆਰ ਸਨ। ਸਿਮਰਨਜੀਤ ਸਿੰਘ ਕੋਲ ਆਪਣਾ ਲਾਈਸੈਂਸੀ ਵੈਪਨ ਸੀ, ਜਿਸ ਤੋਂ ਉਸ ਨੇ ਗੋਲੀਆਂ ਚਲਾਈਆਂ।
ਮੌਕੇ ’ਤੇ ਕਿਸੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੁੰਚੀ ਤਾਂ ਦੋਸ਼ੀ ਉਥੋਂ ਫਰਾਰ ਹੋ ਗਏ। ਪੁਲਿਸ ਨੇ ਉਨ੍ਹਾਂ ਦਾ ਕਾਫੀ ਦੂ ਤੱਕ ਪਿੱਛਾ ਕਰਕੇ 4 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਵਲੋਂ ਇਸ ਸੰਬੰਧੀ 5 ਲੋਕਾਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ ਜਦਕਿ 7, 8 ਅਣਪਛਾਤੇ ਲੋਕਾਂ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸਿਮਰਨਜੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਦੀਨਾ ਨਗਰ ਗੁਰਦਾਸਪੁਰ, ਕੇਤਨ ਕੁਮਾਰ ਪੁੱਤਰ ਸੁਰਿੰਦਰ ਪਾਲ ਵਾਸੀ ਦੀਨਾ ਨਗਰ, ਸ਼ੁਭਮ ਕੁਮਾਰ ਪੁੱਤਰ ਸੁਖਦੇਵ ਰਾਜ ਵਾਸੀ ਬਹਿਰਾਮਪੁਰ, ਰਣਜੀਤ ਕੁਮਾਰ ਪੁੱਤਰ ਕਤਵਾਲ ਕੁਮਾਰ ਵਾਸੀ ਪੁਰਾਣਾ ਸਾਲਾ, ਰਾਜੀਵ ਕੁਮਾਰ ਉਰਫ ਰਿੰਕਲ ਪੁੱਤਰ ਰਮੇਸ਼ ਕੁਮਾਰ ਵਾਸੀ ਫਿਰੋਜ਼ਪੁਰ ਕਲਾਂ ਜ਼ਿਲ੍ਹਾ ਪਠਾਨਕੋਟ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਖਿਲਾਫ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਕਿਸੇ ਨੂੰ ਵੀ ਦਹਿਸ਼ਤ ਫੈਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਜਿਹੜਾ ਵੀ ਕਾਨੂੰਨ ਨੂੰ ਆਪਣੇ ਹੱਥ ’ਚ ਲੇਵੇਗਾ, ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
;
;
;
;
;
;
;
;