ਕੇਜਰੀਵਾਲ ਦੇ ਇਸ਼ਾਰੇ 'ਤੇ ਹੋ ਰਹੀ ਪੰਜਾਬ ਦੇ ਨੌਜਵਾਨਾਂ ਦੀ ਨਸਲਕੁਸ਼ੀ- ਮਜੀਠੀਆ
ਚੰਡੀਗੜ੍ਹ 28 ਫਰਵਰੀ- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਸਾਬਕਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਬਠਿੰਡਾ (ਰਾਮਪੁਰਾ ਫੂਲ) ਰੈਲੀ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀ.ਜੀ.ਪੀ. ਆਪਣੇ ਦਿੱਲੀ ਦੇ ਆਕਾ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ ਉਤੇ ਪੰਜਾਬ ਦੇ ਨੌਜਵਾਨਾਂ ਦੀ ਨਸਲਕੁਸ਼ੀ ਕਰ ਰਹੇ ਹਨ, ਜਿਸਨੂੰ ਨਾ ਅਕਾਲੀ ਦਲ, ਨਾ ਪੰਜਾਬ ਅਤੇ ਨਾ ਪੰਜਾਬੀ ਬਰਦਾਸ਼ਤ ਕਰਨਗੇ।
ਉਨ੍ਹਾਂ ਕਿਹਾ ਕਿ ਗੁਰਦਾਸਪੁਰ ਵਿਚ ਪੁਲਿਸ ਮੁਲਾਜ਼ਮਾਂ ਦੇ ਕਤਲ ਦੇ ਦੋਸ਼ ਹੇਠ ਇਕ ਬੇਦੋਸ਼ੇ ਸਿੱਖ ਨੌਜਵਾਨ ਦਾ ਫੇਕ ਐਨਕਾਊਂਟਰ ਕੀਤਾ ਗਿਆ ਹੈ ਅਤੇ ਇਸਨੂੰ ਲੈ ਕੇ ਪਿੰਡ ਆਦੀਆਂ ਤੋਂ ਲੈ ਕੇ ਵਿਦੇਸ਼ਾਂ ਵਿਚ ਬੈਠੇ ਪੰਜਾਬੀਆਂ ਵਿਚ ਵੀ ਰੋਹ ਵੱਧ ਰਿਹਾ ਹੈ l ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਮੁੱਖ ਮੰਤਰੀ ਵਲੋਂ ਪਹਿਲਾਂ ਆਪਣੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਗਿਆ ਕਿ ਦੋਵੇਂ ਪੁਲਿਸ ਮੁਲਾਜ਼ਮਾਂ ਦੀ ਆਪਸ ਵਿਚ ਹੀ ਹੋਈ ਲੜਾਈ ਦੌਰਾਨ ਮੌਤ ਦੀ ਸੂਚਨਾ ਆ ਰਹੀ ਹੈ ਅਤੇ ਫਿਰ ਇਕ ਨਿਰਦੋਸ਼ 19 ਸਾਲਾ ਸਿੱਖ ਨੌਜਵਾਨ ਨੂੰ ਪੁੱਛ ਗਿੱਛ ਲਈ ਘਰੋਂ ਹਿਰਾਸਤ ਵਿਚ ਲਿਆ ਅਤੇ ਜਿਸ ਤਰ੍ਹਾਂ ਪਿਛਲੇ ਦਿਨੀ ਮੋਹਾਲੀ ਵਿਚ ਇਕ 17 ਸਾਲਾ ਨੌਜਵਾਨ ਦੇ ਐਨਕਾਊਂਟਰ ਦੀ ਥਿਊਰੀ ਘੜੀ ਗਈ, ਉਸੇ ਤਰ੍ਹਾਂ ਦੀ ਰਲਦੀ-ਮਿਲਦੀ ਕਹਾਣੀ ਇਸ ਕੇਸ ਵਿਚ ਵੀ ਬਣਾ ਕੇ ਪੇਸ਼ ਕਰ ਦਿੱਤੀ ਗਈ, ਜਿਸਦੇ ਚਲਦੇ ਇਸ ਝੂਠੇ ਪੁਲਿਸ ਮੁਕਾਬਲੇ ਦੀ ਉੱਚ ਪੱਧਰੀ ਜਾਂਚ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਮੁੱਖ ਮੰਤਰੀ ਤੇ ਡੀ.ਜੀ.ਪੀ, ਐਸ.ਐਸ.ਪੀ. ਗੁਰਦਾਸਪੁਰ ਉੱਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ ਹੈ।
ਇਸ ਮੌਕੇ ਬੋਲਦਿਆਂ ਸ. ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਇਸ ਹਲਕੇ ਨੂੰ ਵਿਕਾਸ ਕਾਰਜਾਂ ਲਈ ਗੱਫੇ ਦੇਣ 'ਚ ਪਹਿਲਾਂ ਵੀ ਕੋਈ ਕਸਰ ਕਦੇ ਨਹੀਂ ਸੀ ਛੱਡੀ ਗਈ, ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੋਂ ਜੋ ਵੀ ਇਸ ਹਲਕੇ ਲਈ ਮੰਗਿਆ ਗਿਆ, ਉਨ੍ਹਾਂ ਪਹਿਲ ਦੇ ਅਧਾਰ ਉਤੇ ਦਿੱਤਾ। ਉਨ੍ਹਾਂ ਕਿਹਾ ਕਿ ਸਭ ਤੋਂ ਵੱਧ ਸਕੂਲ ਇਸ ਹਲਕੇ ਵਿਚ ਖੋਲ੍ਹੇ ਗਏ ਹਨ। ਸਭ ਤੋਂ ਵੱਧ ਗਰਿੱਡ ਇਸ ਹਲਕੇ ਵਿਚ ਲਗਾਏ ਗਏ ਹਨ। ਸਭ ਤੋਂ ਵੱਧ ਅਨਾਜ ਮੰਡੀਆਂ , ਚੌੜੀਆਂ ਸੜਕਾਂ , 2 ਕਾਲਜ ਅਤੇ ਹੋਰ ਕਈ ਸਹੂਲਤਾਂ ਦਿੱਤੀਆਂ ਅਤੇ ਇਸ ਵਿਕਾਸ ਦਾ ਸਿਹਰਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਜਾਂਦਾ ਹੈ ਅਤੇ ਹੁਣ ਮੁੜ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣਨ ਉਤੇ ਇਸ ਹਲਕੇ ਵਿਚ ਵਿਕਾਸ ਦੀ ਹਨੇਰੀ ਲਿਆਂਦੀ ਜਾਵੇਗੀ।
;
;
;
;
;
;
;
;
;