ਘਰੇਲੂ ਕਲੇਸ਼ ’ਚ ਪਤੀ-ਪਤਨੀ ਨੇ ਨਿਗਲਿਆ ਜ਼ਹਿਰ, ਪਤੀ ਦੀ ਮੌਤ, ਪਤਨੀ ਗੰਭੀਰ
ਡੱਬਵਾਲੀ, 26 ਫਰਵਰੀ (ਇਕਬਾਲ ਸਿੰਘ ਸ਼ਾਂਤ)- ਪਿੰਡ ਚੌਟਾਲਾ ਦੀ ਜਵਾਹਰ ਕਾਲੋਨੀ ਸਥਿਤ ਇਕ ਖੇਤ ਦੀ ਢਾਣੀ ਵਿਚ ਘਰੇਲੂ ਕਲੇਸ਼ ਨੇ ਪਰਿਵਾਰ ਨੂੰ ਉਜਾੜੇ ਦੇ ਰਾਹ ਪਾ ਦਿੱਤਾ ਹੈ। ਘਟਨਾ ਵਿਚ 35 ਸਾਲਾ ਸੁਭਾਸ਼ ਅਤੇ ਉਸ ਦੀ ਪਤਨੀ ਸੁਨੀਤਾ ਨੇ ਜ਼ਹਿਰੀਲੀ ਚੀਜ਼ ਨਿਗਲ ਲਈ। ਇਹ ਘਟਨਾ ਬੀਤੀ ਰਾਤ ਕਰੀਬ 8:30 ਵਜੇ ਵਾਪਰੀ। ਜ਼ਹਿਰ ਨਿਗਲਣ ਕਾਰਨ ਸੁਭਾਸ਼ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਸੁਨੀਤਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਹ ਹਨੂੰਮਾਨਗੜ੍ਹ ਦੇ ਇਕ ਹਸਪਤਾਲ ਵਿਚ ਜ਼ੇਰੇ-ਇਲਾਜ ਹੈ।
ਜਾਣਕਾਰੀ ਮੁਤਾਬਕ ਇਸ ਪਤੀ-ਪਤਨੀ ਦੇ ਚਾਰ ਪੁੱਤਰ ਅਤੇ ਇਕ ਪੁਤੱਰੀ ਹੈ, ਜਿਨ੍ਹਾਂ ਵਿਚ ਸਭ ਤੋਂ ਵੱਡਾ ਪੁੱਤਰ ਮਹਿਜ 12 ਵਰ੍ਹਿਆਂ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਹਿਰ ਨਿਗਲਣ ਤੋਂ ਪਹਿਲਾਂ ਸੁਭਾਸ਼ ਨੇ ਆਪਣੇ ਦੋ ਛੋਟੇ ਬੱਚਿਆਂ ਨਾਲ ਬੇ-ਰਹਿਮੀ ਨਾਲ ਮਾਰ-ਕੁੱਟ ਕੀਤੀ, ਜਿਸ ਨਾਲ ਉਹ ਜ਼ਖਮੀ ਹੋ ਗਏ। ਪੁਲਿਸ ਵਲੋਂ ਬੱਚਿਆਂ ਨੂੰ ਹਸਪਤਾਲ ਵਿਚ ਮੁਢਲੀ ਡਾਕਟਰੀ ਮਦਦ ਮੁਹੱਈਆ ਕਰਵਾਈ ਗਈ। ਇਸ ਘਟਨਾ ਵਿਚ ਇਸ ਪਰਿਵਾਰ ਦੇ ਪੰਜ ਮਾਸੂਮ ਬੱਚਿਆਂ ਦਾ ਭਵਿੱਖ ਦਾਅ 'ਤੇ ਲੱਗ ਗਿਆ ਹੈ।
ਜਾਣਕਾਰੀ ਮੁਤਾਬਕ ਗਰੀਬ ਮਜ਼ਦੂਰ ਮ੍ਰਿਤਕ ਸੁਭਾਸ਼, ਕਿਸਾਨ ਚੁੰਨੀ ਰਾਮ ਦੇ ਖੇਤ ਵਿਚ ਹਿੱਸੇ ’ਤੇ ਖੇਤੀ ਕਰਦਾ ਸੀ ਅਤੇ ਪਿਛਲੇ ਪੰਜ ਸਾਲਾਂ ਤੋਂ ਪਰਿਵਾਰ ਸਮੇਤ ਢਾਣੀ ਵਿਚ ਰਹਿ ਰਿਹਾ ਸੀ। ਇਹ ਵੀ ਚਰਚਾ ਹੈ ਕਿ ਉਹ ਕਥਿਤ ਧਾਰਮਿਕ ਅੰਧਵਿਸ਼ਵਾਸ ਤੋਂ ਪ੍ਰਭਾਵਿਤ ਸੀ। ਹਾਲਾਂਕਿ ਇਸ ਮਾਰੂ ਘਟਨਾ ਦੇ ਅਸਲ ਕਾਰਨਾਂ ਦਾ ਅਜੇ ਤੱਕ ਖੁਲਾਸਾ ਨਹੀਂ ਹੋ ਸਕਿਆ ਹੈ।
ਘਟਨਾ ਸਮੇਂ ਦੋਵਾਂ ਦੀ ਹਾਲਤ ਵਿਗੜਣ ’ਤੇ ਉਨ੍ਹਾਂ ਦਾ 12 ਸਾਲਾ ਪੁੱਤਰ ਘਬਰਾਹਟ ਵਿਚ ਕਰੀਬ 4-5 ਏਕੜ ਦੂਰ ਸਥਿਤ ਕਿਸਾਨ ਰੋਹਤਾਸ਼ ਦੇ ਘਰ ਪੁੱਜਿਆ ਅਤੇ ਜਾਣਕਾਰੀ ਦਿੱਤੀ। ਸੂਚਨਾ ਮਿਲਣ ’ਤੇ ਰੋਹਤਾਸ਼ ਨੇ ਖੇਤ ਮਾਲਕ ਅਤੇ ਡਾਇਲ 112 ਨੂੰ ਸੂਚਿਤ ਕੀਤਾ। ਖੇਤ ਮਾਲਕ ਦਾ ਪੁੱਤਰ ਮੌਕੇ ’ਤੇ ਪਹੁੰਚਿਆ ਤਾਂ ਸੁਭਾਸ਼ ਦੀ ਮੌਤ ਹੋ ਚੁੱਕੀ ਸੀ, ਜਦਕਿ ਸੁਨੀਤਾ ਦੀ ਨਬਜ਼ ਚੱਲ ਰਹੀ ਸੀ। ਉਸ ਨੂੰ ਤੁਰੰਤ ਸੰਗਰੀਆ ਵਿਖੇ ਹਸਪਤਾਲ ਲਿਜਾਇਆ ਗਿਆ, ਜਿਥੋਂ ਗੰਭੀਰ ਹਾਲਤ ਦੇ ਚਲਦੇ ਹਨੂੰਮਾਨਗੜ੍ਹ ਰੈਫਰ ਕਰ ਦਿੱਤਾ ਗਿਆ।
ਸੂਚਨਾ ਮਿਲਣ ’ਤੇ ਥਾਣਾ ਸਦਰ ਦੇ ਮੁਖੀ ਸ਼ੈਲੇਂਦਰ ਕੁਮਾਰ, ਚੌਟਾਲਾ ਚੌਕੀ ਦੇ ਮੁਖੀ ਸੱਤਪਾਲ ਅਤੇ ਡਾਇਲ 112 ਦੀ ਟੀਮ ਮੌਕੇ ’ਤੇ ਪੁੱਜੀ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਸਬ-ਡਵੀਜਨ ਹਸਪਤਾਲ ਡੱਬਵਾਲੀ ਦੇ ਮੁਰਦਾ ਘਰ ਵਿਖੇ ਰਖਵਾਇਆ ਹੈ। ਚੌਟਾਲਾ ਚੌਕੀ ਦੇ ਮੁਖੀ ਸੱਤਪਾਲ ਨੇ ਦੱਸਿਆ ਕਿ ਪਤੀ ਸੁਭਾਸ਼ ਦੀ ਮੌਤ ਹੋ ਚੁੱਕੀ ਹੈ, ਜਦਕਿ ਮਹਿਲਾ ਸੁਨੀਤਾ ਜ਼ੇਰੇ-ਇਲਾਜ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
;
;
;
;
;
;
;
;