ਬਠਿੰਡਾ ਕਿਸਾਨ ਤਸ਼ੱਦਦ ਮਾਮਲੇ 'ਚ ਭਾਕਿਯੂ ਉਗਰਾਹਾਂ ਨੇ ਬਰਨਾਲਾ 'ਚ ਸੱਦੀ ਬੈਠਕ
ਬਠਿੰਡਾ, 24 ਫਰਵਰੀ (ਸੱਤਪਾਲ ਸਿੰਘ ਸਿਵੀਆਂ)- ਬੀਤੇ 18 ਫਰਵਰੀ ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਜਿਉਂਦ ਵਿਚ ਕਿਸਾਨਾਂ ਉਪਰ ਬਠਿੰਡਾ ਪੁਲਿਸ ਵਲੋਂ ਢਾਹੇ ਗਏ ਤਸ਼ੱਦਦ ਅਤੇ ਇਕ ਕਿਸਾਨ ਦੀ ਲੱਤ ਤੋੜਣ ਦੇ ਮਾਮਲੇ ਸੰਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਡੇ ਸੰਘਰਸ਼ ਦਾ ਬਿਗੁਲ ਵਜਾਉਣ ਜਾ ਰਹੀ ਹੈ, ਜਿਸ ਸੰਬੰਧੀ 26 ਫਰਵਰੀ ਨੂੰ ਬਰਨਾਲਾ ਵਿਖੇ ਵੱਡੀ ਕਿਸਾਨ ਇਕੱਤਰਤਾ ਸੱਦੀ ਹੈ। ਇਸ ਸੰਬੰਧੀ ਭਾਕਿਯੂ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਵੀਡੀਓ ਸੰਦੇਸ਼ ਜਾਰੀ ਕਰਦਿਆਂ ਸਮੂਹ ਕਿਸਾਨ, ਮਜ਼ਦੂਰ, ਮੁਲਾਜ਼ਮ, ਠੇਕਾ ਮੁਲਾਜ਼ਮ, ਜਨਤਕ ਅਤੇ ਇਨਸਾਫ਼ ਪਸੰਦ ਧਿਰਾਂ ਨੂੰ ਉਕਤ ਮੀਟਿੰਗ ਪੁਜਣ ਦਾ ਸੱਦਾ ਦਿੱਤਾ ਹੈ। ਦੱਸਣਯੋਗ ਹੈ ਕਿ ਜਿਉਂਦ ਘਟਨਾ ਮੌਕੇ ਕਿਸਾਨ ਅਤੇ ਪੁਲਿਸ ਵਿਚ ਜ਼ਬਰਦਸਤ ਟਕਰਾਓ ਹੋਇਆ ਸੀ ਤੇ ਪੁਲਿਸ ਨੇ ਅੱਥਰੂ ਗੈਸ ਛਡਦਿਆਂ ਕਿਸਾਨਾਂ ਉਪਰ ਕਾਫ਼ੀ ਤਸ਼ੱਦਦ ਕੀਤਾ ਸੀ, ਜਿਸ ਦੌਰਾਨ ਜਥੇਬੰਦੀ ਨੇ ਕਿਸਾਨ ਚਰਨਜੀਤ ਸਿੰਘ ਦੀ ਨਜਾਇਜ਼ ਕੁੱਟਮਾਰ ਕਰਕੇ ਉਸ ਦੀ ਲੱਤ ਤੋੜਣ ਦੇ ਬਠਿੰਡਾ ਪੁਲਿਸ ਉਪਰ ਦੋਸ਼ ਮੜੇ ਹਨ। ਇਸ ਮਾਮਲੇ ਦਾ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਵੀ ਨੋਟਿਸ ਲੈਂਦਿਆਂ ਐਸ. ਐਸ. ਪੀ. ਡਾ. ਜਯੋਤੀ ਯਾਦਵ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮਾਮਲੇ ਵਿਚ ਕਿਸਾਨਾਂ ਦਾ ਉਕਤ ਬਰਨਾਲਾ ਦੀ ਮੀਟਿੰਗ ਬਾਅਦ ਬਠਿੰਡਾ ਪੁਲਿਸ ਨਾਲ ਮੁੜ ਪੇਚਾ ਪੈ ਸਕਦਾ ਹੈ।
;
;
;
;
;
;
;
;