ਦਿਨ ਦਿਹਾੜੇ ਤਿੰਨ ਨਾਬਾਲਗ ਕੁੜੀਆਂ ਸ਼ੱਕੀ ਹਾਲਾਤ ’ਚ ਗਾਇਬ
ਜਲੰਧਰ, 24 ਫਰਵਰੀ (ਜਲੰਧਰ)- ਜਲੰਧਰ ਦੇ ਸੁੰਦਰ ਨਗਰ ਇਲਾਕੇ ਤੋਂ ਸੋਮਵਾਰ ਸ਼ਾਮ ਨੂੰ ਤਿੰਨ ਨਾਬਾਲਗ ਕੁੜੀਆਂ ਸ਼ੱਕੀ ਹਾਲਾਤ ਵਿਚ ਲਾਪਤਾ ਹੋ ਗਈਆਂ। ਇਨ੍ਹਾਂ ਵਿਚ ਦੋ ਭੈਣਾਂ (12 ਅਤੇ 13 ਸਾਲ) ਅਤੇ ਉਨ੍ਹਾਂ ਦੀ 16 ਸਾਲਾ ਸਹੇਲੀ ਸ਼ਾਮਿਲ ਹਨ। ਪੁਲਿਸ ਨੂੰ ਸੀ.ਸੀ.ਟੀ.ਵੀ. ਫੁਟੇਜ ਮਿਲੀ ਹੈ, ਜਿਸ ਵਿਚ ਤਿੰਨੋਂ ਦੁਪਹਿਰ 1:30 ਵਜੇ ਦੇ ਕਰੀਬ ਆਪਣੇ ਘਰੋਂ ਨਿਕਲਦੀਆਂ ਦਿਖਾਈ ਦੇ ਰਹੀਆਂ ਹਨ ਅਤੇ ਉਨ੍ਹਾਂ ਦੀ ਭਾਲ ਜਾਰੀ ਹੈ। ਇਹ ਘਟਨਾ ਜਲੰਧਰ ਦੇ ਸੁੰਦਰ ਨਗਰ ਵਿਚ ਵਾਪਰੀ।
ਪਰਿਵਾਰ ਨੂੰ ਸੋਮਵਾਰ ਸ਼ਾਮ ਨੂੰ ਕੰਮ ਤੋਂ ਵਾਪਸ ਆਉਣ 'ਤੇ ਕੁੜੀਆਂ ਦੇ ਲਾਪਤਾ ਹੋਣ ਦਾ ਪਤਾ ਲੱਗਾ। ਘਰ ਵਿਚ ਬੱਚੇ ਨਾ ਮਿਲਣ 'ਤੇ ਉਨ੍ਹਾਂ ਨੇ ਇਲਾਕੇ ’ਚ ਕਾਫ਼ੀ ਭਾਲ ਕੀਤੀ, ਪਰ ਜਦੋਂ ਉਨ੍ਹਾਂ ਨੂੰ ਕੋਈ ਸੁਰਾਗ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।
ਸੂਚਨਾ ਮਿਲਣ 'ਤੇ ਏ.ਸੀ.ਪੀ. ਉੱਤਰੀ ਅਸ਼ੋਕ ਮੀਨਾ ਅਤੇ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 8 ਦੀ ਇਕ ਪੁਲਿਸ ਟੀਮ ਮੌਕੇ 'ਤੇ ਪਹੁੰਚੀ। ਪੁਲਿਸ ਨੇ ਇਲਾਕੇ ਵਿਚ ਲੱਗੇ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਫੁਟੇਜ ਵਿਚ ਸੋਮਵਾਰ ਦੁਪਹਿਰ 1:30 ਵਜੇ ਦੇ ਕਰੀਬ ਤਿੰਨੋਂ ਕੁੜੀਆਂ ਘਰੋਂ ਨਿਕਲਦੀਆਂ ਦਿਖਾਈ ਦਿੱਤੀਆਂ।
ਪਰਿਵਾਰ ਦੇ ਅਨੁਸਾਰ ਉਹ ਸਵੇਰੇ ਆਮ ਵਾਂਗ ਕੰਮ 'ਤੇ ਗਏ ਸਨ ਅਤੇ ਜਦੋਂ ਉਹ ਸ਼ਾਮ 5:30 ਵਜੇ ਵਾਪਸ ਆਏ ਤਾਂ ਘਰ ਖਾਲੀ ਸੀ। ਏ.ਸੀ.ਪੀ. ਉੱਤਰੀ ਅਸ਼ੋਕ ਮੀਣਾ ਨੇ ਦੱਸਿਆ ਕਿ ਕੰਟਰੋਲ ਰੂਮ ਤੋਂ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਕਈ ਪੁਲਿਸ ਟੀਮਾਂ ਕੁੜੀਆਂ ਦੀ ਭਾਲ ਕਰ ਰਹੀਆਂ ਹਨ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਨਿਯਮਾਂ ਅਨੁਸਾਰ ਢੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਰਸਤੇ ਦਾ ਪਤਾ ਲਗਾਉਣ ਲਈ ਇਲਾਕੇ ਦੇ ਹੋਰ ਸੀ.ਸੀ.ਟੀ.ਵੀ. ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
;
;
;
;
;
;
;
;