ਸਲਾਇਟ ਵਲੋਂ ਪੰਜਾਬ ਵਿਚ ਪਹਿਲੀ ਵਾਰ ਮਖਾਣੇ ਦੀ ਖੇਤੀ ਦੀ ਸ਼ੁਰੂਆਤ
ਲੌਂਗੋਵਾਲ (ਸੰਗਰੂਰ), 20 ਦਸੰਬਰ (ਵਿਨੋਦ, ਖੰਨਾ) - ਸਲਾਈਟ ਡੀਮਡ ਯੂਨੀਵਰਸਿਟੀ ਲੌਂਗੋਵਾਲ ਵਲੋਂ ਪੰਜਾਬ ਵਿਚ ਮਖਾਣਿਆਂ ਦੀ ਖੇਤੀ ਆਰੰਭ ਕਰਨ ਦਾ ਉਪਰਾਲਾ ਅਮਲ ਵਿਚ ਲਿਆਂਦਾ ਗਿਆ ਹੈ। ਇਸੇ ਲੜੀ ਤਹਿਤ ਸਲਾਈਟ ਦੇ ਡਾਇਰੈਕਟਰ ਅਤੇ ਉੱਘੇ ਵਿਗਿਆਨੀ ਪ੍ਰੋ. ਮਨੀ ਕਾਂਤ ਪਾਸਵਾਨ ਦੇ ਮਾਰਗਦਰਸ਼ਨ ਹੇਠ ਮਖਾਣਾ ਦੀ ਖੇਤੀ ਲਈ ਸਲਾਇਟ ਸਥਿਤ ਤਲਾਬ ਝੀਲਾਂ ਵਿਚ ਮਖਾਣੇ ਦਾ ਬੀਜ ਪਾਇਆ ਗਿਆ ਹੈ।
ਡਾਇਰੈਕਟਰ ਪ੍ਰੋ. ਪਾਸਵਾਨ ਨੇ ਦੱਸਿਆ ਕਿ ਇਸ ਉਪਰਾਲੇ ਨਾਲ ਪੰਜਾਬ ਦੇ ਕਿਸਾਨਾਂ ਲਈ ਨਵਾਂ ਅਧਿਆਇ ਸ਼ੁਰੂ ਹੋ ਸਕੇਗਾ ਅਤੇ ਆਸ-ਪਾਸ ਦੇ ਵਾਤਾਵਰਣ ਦੀ ਸੰਭਾਲ ਵੀ ਕੀਤੀ ਜਾ ਸਕੇਗੀ। ਉਨ੍ਹਾਂ ਦੱਸਿਆ ਕਿ ਅਨੇਕਾਂ ਮਖਾਣਾ ਖੇਤੀ ਮਾਹਿਰਾਂ ਦੀ ਰਾਏ ਅਤੇ ਵਿਭਾਗੀ ਪਰਵਾਨਗੀਆਂ ਉਪਰੰਤ ਸ਼ੁਰੂਆਤ ਵਿਚ ਮਖਾਣਾ ਵਿਕਾਸ ਕੇਂਦਰ ਦਰਭੰਗਾ ਤੋਂ 50 ਕਿੱਲੋ ਸਰਵੋਤਮ ਕੁਆਲਟੀ ਦਾ ਬੀਜ ਮੰਗਵਾਇਆ ਹੈ। ਇਸ ਪ੍ਰੋਜੈਕਟ ਦੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਸੀ.ਪੇਟ. ਦੇ ਵਿਗਿਆਨੀ ਡਾ. ਨਿਚਿਕੇਤ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਮਖਾਣੇ ਦੀ ਖੇਤੀ ਮੱਛੀ ਪਾਲਣ ਕਰਨ ਵਾਲੇ ਕਿਸਾਨਾਂ ਲਈ ਵਰਦਾਨ ਸਿੱਧ ਹੋਵੇਗੀ। ਮੱਛੀ ਪਾਲਣ ਦੇ ਨਾਲ ਨਾਲ ਮਖਾਣੇ ਦੀ ਖੇਤੀ ਸੋਨੇ 'ਤੇ ਸੁਹਾਗਾ ਹੈ। ਮਖਾਣੇ ਦੀਆਂ ਜੜ੍ਹਾਂ ਮੱਛੀ ਦੀ ਖੁਰਾਕ ਹੁੰਦੀ ਹੈ ਅਤੇ ਇਸ ਦਾ ਪੌਦਾ ਵਾਤਾਵਰਨ ਲਈ ਬੇਹੱਦ ਲਾਹੇਵੰਦ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਦੌਰ ਵਿਚ ਨੇੜਲੇ ਕਿਸਾਨਾਂ ਨੂੰ ਮੁਫ਼ਤ ਬੀਜ ਮੁਹਈਆ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਇਹ ਪ੍ਰੋਜੈਕਟ ਮਖਾਣੇ ਨੂੰ ਤਿਆਰ ਕਰਨ ਅਤੇ ਮੰਡੀਕਰਨ ਤੱਕ ਅਨੇਕਾਂ ਨੌਜਵਾਨਾਂ ਅਤੇ ਔਰਤਾਂ ਨੂੰ ਰੋਜ਼ਗਾਰ ਦੇਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਵਿਚ ਸਿੰਗਾੜੇ ਅਤੇ ਕਮਲ ਦੇ ਫੁੱਲ ਦੀ ਖੇਤੀ ਲਈ ਵੀ ਸਲਾਇਟ ਵਲੋਂ ਖੋਜ ਕੀਤੀ ਜਾ ਰਹੀ ਹੈ। ਜੇਕਰ ਇਸ ਦਾ ਪੰਜਾਬ ਦੇ ਵਾਤਾਵਰਨ 'ਤੇ ਕੋਈ ਮਾੜਾ ਪ੍ਰਭਾਵ ਨਾ ਹੋਇਆ ਤਾਂ ਭਵਿੱਖ ਵਿਚ ਕਿਸਾਨਾਂ ਨੂੰ ਸਿੰਗਾੜੇ ਅਤੇ ਕਮਲ ਦੇ ਫੁੱਲ ਦੀ ਖੇਤੀ ਲਈ ਵੀ ਉਤਸ਼ਾਹਿਤ ਕੀਤਾ ਜਾਵੇਗਾ।
;
;
;
;
;
;
;
;