ਧੁੰਦ ਕਾਰਨ ਦਿੱਲੀ ਹਵਾਈ ਅੱਡੇ ’ਤੇ 131 ਉਡਾਣਾਂ ਰੱਦ
ਨਵੀਂ ਦਿੱਲੀ, 16 ਦਸੰਬਰ - ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਅੱਜ ਘੱਟ ਦਿਸਣ ਹੱਦ ਕਾਰਨ 131 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਇਹ ਜਾਣਕਾਰੀ ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਦਿੰਦਿਆਂ ਦੱਸਿਆ ਕਿ ਮੰਗਲਵਾਰ ਨੂੰ ਘੱਟ ਦਿਸਣਯੋਗਤਾ ਕਾਰਨ ਦਿੱਲੀ ਹਵਾਈ ਅੱਡੇ ’ਤੇ ਉਡਾਣਾਂ ਦੇ ਸੰਚਾਲਨ ਵਿੱਚ ਵਿਘਨ ਪਿਆ। ਦਿੱਲੀ ਹਵਾਈ ਅੱਡੇ ’ਤੇ ਹੁਣ ਤੱਕ ਰਵਾਨਾ ਹੋਣ ਵਾਲੀਆਂ 52 ਅਤੇ ਆਉਣ ਵਾਲੀਆਂ 79 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਜ਼ਿਕਰਯੋਗ ਹੈ ਕਿ ਉਤਰੀ ਭਾਰਤ ਦੇ ਮੁੱਖ ਕੇਂਦਰ ਦਿੱਲੀ ਵਿਚ ਦਸੰਬਰ ਦੇ ਮਹੀਨੇ ਦੇ ਅਖੀਰ ਵਿਚ ਸੰਘਣੀ ਧੁੰਦ ਪੈਂਦੀ ਹੈ ਜਿਸ ਕਾਰਨ ਦਿਸਣ ਹੱਦ ਕਾਫੀ ਹੱਦ ਤਕ ਘੱਟ ਜਾਂਦੀ ਹੈ। ਇਸ ਕਾਰਨ ਏਅਰ ਇੰਡੀਆ ਤੇ ਹੋਰ ਏਅਰਲਾਈਨਜ਼ ਦੀਆਂ ਉਡਾਣਾਂ ਪ੍ਰਭਾਵਤ ਹੁੰਦੀਆਂ ਹਨ ਜਿਸ ਨਾਲ ਉਡਾਣ ਸ਼ਡਿਊਲ ਪ੍ਰਭਾਵਿਤ ਹੁੰਦਾ ਹੈ। ਦਿੱਲੀ ਹਵਾਈ ਅੱਡਾ ਇਕ ਦਿਨ ਵਿਚ ਲਗਭਗ 1,360 ਉਡਾਣਾਂ ਦਾ ਪ੍ਰਬੰਧਨ ਕਰਦਾ ਹੈ।
ਭਾਰਤ ਦੀ ਸਭ ਤੋਂ ਵੱਡੀ ਕੈਰੀਅਰ ਇੰਡੀਗੋ ਨੇ ਆਪਣੀ ਵੈੱਬਸਾਈਟ 'ਤੇ ਕਿਹਾ ਕਿ ਰਾਸ਼ਟਰੀ ਰਾਜਧਾਨੀ ਖੇਤਰ ਅਤੇ ਇਸ ਦੇ ਆਲੇ-ਦੁਆਲੇ ਪ੍ਰਤੀਕੂਲ ਮੌਸਮ ਦੇ ਕਾਰਨ ਮੰਗਲਵਾਰ ਨੂੰ 113 ਉਡਾਣਾਂ ਰੱਦ ਕੀਤੀਆਂ ਗਈਆਂ।
ਅਕਾਸਾ ਏਅਰ ਨੇ ਐਕਸ 'ਤੇ ਇਹ ਵੀ ਕਿਹਾ ਕਿ ਉੱਤਰੀ ਭਾਰਤ ਵਿਚ ਗੰਭੀਰ ਮੌਸਮੀ ਹਾਲਾਤ ਕਾਰਨ ਉਸ ਦੇ ਨੈੱਟਵਰਕ ਦੀਆਂ ਕੁਝ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਸਿਵਲ ਹਵਾਬਾਜ਼ੀ ਮੰਤਰਾਲੇ ਨੇ ਐਕਸ 'ਤੇ ਕਿਹਾ ਕਿ ਸੰਘਣੀ ਧੁੰਦ ਸਮੇਤ ਪ੍ਰਤੀਕੂਲ ਮੌਸਮੀ ਹਾਲਾਤ ਮੰਗਲਵਾਰ ਨੂੰ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿਚ ਹਵਾਬਾਜ਼ੀ ਕਾਰਜਾਂ ਨੂੰ ਪ੍ਰਭਾਵਿਤ ਕਰ ਰਹੇ ਸਨ।
;
;
;
;
;
;
;
;