ਨਗਰ ਕੀਰਤਨ ’ਚ ਲੁੱਟਖੋਹ ਕਰਨ ਆਇਆ 12 ਔਰਤਾਂ ਦਾ ਗਿਰੋਹ ਪੁਲਿਸ ਅੜਿੱਕਾ ਚੜ੍ਹਿਆ
ਮਾਛੀਵਾੜਾ ਸਾਹਿਬ, 23 ਨਵੰਬਰ (ਰਾਜਦੀਪ ਸਿੰਘ ਅਲਬੇਲਾ) - ਮਾਛੀਵਾੜਾ ਪੁਲਿਸ ਨੇ ਆਸਾਮ ਦੇ ਧੋਬੜੀ ਸਾਹਿਬ ਤੋਂ ਮਾਛੀਵਾੜਾ ਪੁੱਜੇ ਨਗਰ ਕੀਰਤਨ ਦੇ ਅਗਲੇ ਪੜਾਅ ਲਈ ਰਵਾਨਾ ਹੋਣ ਸਮੇਂ ਸ਼ਾਮਲ ਸੰਗਤ ਨੂੰ ਲੁੱਟਣ ਦੀ ਫਿਰਾਕ ਵਿਚ ਆਈਆਂ 12 ਔਰਤਾਂ ਦਾ ਇਕ ਵੱਡਾ ਗਿਰੋਹ ਕਾਬੂ ਕੀਤਾ ਹੈ।
ਪੁਲਿਸ ਕੋਲ ਆੜ੍ਹਤੀ ਤੇਜਵਿੰਦਰ ਸਿੰਘ ਉਰਫ਼ ਡੀ.ਸੀ. ਨੇ ਬਿਆਨ ਦਰਜ ਕਰਵਾਏ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਜੋ ਕਿ 22 ਨਵੰਬਰ ਨੂੰ ਮਾਛੀਵਾੜਾ ਦੇ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ ਹੋਇਆ, ਜੋ ਅਨਾਜ ਮੰਡੀ ਦੇ ਬਾਹਰ ਪੁੱਜਾ ਤਾਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਨ ਲਈ ਪਾਲਕੀ ਸਾਹਿਬ ਕੋਲ ਗਿਆ, ਪ੍ਰਸ਼ਾਦਿ ਲੈਣ ਉਪਰੰਤ ਜਦੋਂ ਉਹ ਪਿੱਛੇ ਆਇਆ ਤਾਂ ਉਸਨੇ ਆਪਣੀ ਜੇਬ ਨੂੰ ਹੱਥ ਮਾਰਿਆ ਤਾਂ ਦੇਖਿਆ ਕਿ ਉਸ ’ਚੋਂ ਪਰਸ ਗਾਇਬ ਸੀ। ਬਿਆਨਕਰਤਾ ਅਨੁਸਾਰ ਉਸਦੇ ਪਰਸ ਵਿਚ 16 ਹਜ਼ਾਰ ਰੁਪਏ ਨਕਦ, ਡਰਾਇਵਿੰਗ ਲਾਇਸੈਂਸ, ਅਸਲਾ ਲਾਇਸੈਂਸ ਸਮੇਤ ਹੋਰ ਜ਼ਰੂਰੀ ਦਸਤਾਵੇਜ ਵੀ ਚੋਰੀ ਹੋ ਚੁੱਕੇ ਸਨ। ਇਸ ਤੋਂ ਇਲਾਵਾ ਨਾਲ ਹੀ ਖੜ੍ਹੇ ਆੜ੍ਹਤੀ ਸ਼ਸ਼ੀ ਭਾਟੀਆ ਨੇ ਦੱਸਿਆ ਕਿ ਉਸਦਾ ਪਰਸ ਵੀ ਚੋਰੀ ਹੋ ਚੁੱਕਾ । ਮਾਛੀਵਾੜਾ ਸਾਹਿਬ ਦੀ ਇਕ ਮਹਿਲਾ ਭਿੰਦਰ ਕੌਰ ਪਤਨੀ ਮੁਕੰਦ ਸਿੰਘ ਨੇ ਦੱਸਿਆ ਕਿ ਨਗਰ ਕੀਰਤਨ ਦੌਰਾਨ ਉਸਦੇ ਖੱਬੇ ਹੱਥ ’ਚੋਂ ਕਰੀਬ 2 ਤੋਲੇ ਦੀ ਸੋਨੇ ਦੀ ਚੂੜੀ ਉਤਾਰ ਲਈ ਗਈ ਹੈ।
ਮਾਛੀਵਾੜਾ ਪੁਲਸ ਵਲੋਂ ਗਿਰੋਹ ਦੀ ਤਲਾਸ਼ ਸ਼ੁਰੂ ਕੀਤੀ ਤਾਂ 12 ਔਰਤਾਂ ਜਿਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ, ਸੀਮਾ ਰਾਣੀ ਵਾਸੀ ਪਿੰਡ ਢੇਰ ਮਾਜਰਾ, ਅਮਰਜੀਤ ਕੌਰ ਵਾਸੀ ਪਿੰਡ ਜੌਲੀਆਂ, ਬਿਮਲਾ ਕੌਰ, ਮਨਜਿੰਦਰ ਕੌਰ ਵਾਸੀ ਬਸਤੀ ਰਾਮ ਨਗਰ ਸੰਗਰੂਰ, ਲਵਪ੍ਰੀਤ ਕੌਰ, ਮੁਖਤਿਆਰੋ ਉਰਫ਼ ਹੁਸ਼ਿਆਰੋ ਉਰਫ਼ ਸੀਤੋ ਵਾਸੀ ਸਮੁੰਦਗੜ੍ਹ ਛੰਨਾ, ਰੇਖਾ ਵਾਸੀ ਪਿੰਡ ਮਾਜੀ, ਕੈਲੋ ਵਾਸੀ ਹੰਢਿਆਇਆ, ਪ੍ਰੀਤੋ ਉਰਫ਼ ਬੀਰੋ ਵਾਸੀ ਇੰਦਰਾ ਬਸਤੀ ਸੁਨਾਮ, ਸਰਬੋ ਉਰਫ਼ ਮੋਨੀ ਉਰਫ਼ ਸੋਨੀ ਵਾਸੀ ਬਰਨਾਲਾ, ਕ੍ਰਿਸ਼ਨਾ ਵਾਸੀ ਪਿੰਡ ਸ਼ੇਰ ਮਾਜਰਾ, ਜਰਨੈਲ ਕੌਰ ਵਾਸੀ ਬਾਘੜੀਆਂ ਦੇ ਗਿਰੋਹ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਥਾਣਾ ਮੁਖੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਔਰਤਾਂ ਨੂੰ ਅਦਾਲਤ ਵਿਚ ਪੇਸ਼ ਕਰਨ ਉਪਰੰਤ ਰਿਮਾਂਡ ’ਤੇ ਲਿਆਂਦਾ ਹੈ ਅਤੇ ਪੁੱਛਗਿੱਛ ਕੀਤੀ ਜਾਵੇਗੀ।
;
;
;
;
;
;
;
;