ਗੈਸ ਚੈਂਬਰ ਬਣੀ ਰਾਸ਼ਟਰੀ ਰਾਜਧਾਨੀ, ਖ਼ਤਰਨਾਕ ਪੱਧਰ ’ਤੇ ਪੁੱਜੀ ਹਵਾ ਦੀ ਗੁਣਵੱਤਾ

ਨਵੀਂ ਦਿੱਲੀ, 21 ਅਕਤੂਬਰ- ਦੀਵਾਲੀ ’ਤੇ ਦਿੱਲੀ-ਐਨ.ਸੀ.ਆਰ. ਵਿਚ ਹਵਾ ਦੀ ਗੁਣਵੱਤਾ ਖ਼ਤਰਨਾਕ ਪੱਧਰ ’ਤੇ ਪਹੁੰਚ ਗਈ ਹੈ। ਰਾਜਧਾਨੀ ‘ਗੈਸ ਚੈਂਬਰ’ ਬਣ ਗਈ ਹੈ। ਸੋਮਵਾਰ ਨੂੰ 38 ਨਿਗਰਾਨੀ ਸਟੇਸ਼ਨਾਂ ਵਿਚੋਂ 34 ਨੇ ਰੈਡ ਜ਼ੋਨ ਵਿਚ ਪ੍ਰਦੂਸ਼ਣ ਦਾ ਪੱਧਰ ਦਰਜ ਕੀਤਾ ਗਿਆ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ ਦਿੱਲੀ ਵਿਚ ਹਵਾ ਦੀ ਗੁਣਵੱਤਾ ‘ਬਹੁਤ ਮਾੜੀ’ ਅਤੇ ‘ਗੰਭੀਰ’ ਸ਼੍ਰੇਣੀਆਂ ਵਿਚ ਹੈ। ਪੂਰੇ ਸ਼ਹਿਰ ਲਈ ਹਵਾ ਦੀ ਗੁਣਵੱਤਾ ਸੂਚਕਾਂਕ (ਏਕਿਊਆਈ) 531 ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ ਅਨੁਸਾਰ ਜਵਾਹਰ ਲਾਲ ਨਹਿਰੂ ਸਟੇਡੀਅਮ ਖੇਤਰ ਦੇ ਆਲੇ ਦੁਆਲੇ ਹਵਾ ਦੀ ਗੁਣਵੱਤਾ ਸੂਚਕਾਂਕ (ਏਕਿਊਆਈ) 317 ਦਰਜ ਕੀਤਾ ਗਿਆ।
ਅੱਜ ਸਵੇਰੇ ਆਈ.ਟੀ.ਓ. ਵਿਖੇ ਹਵਾ ਦੀ ਗੁਣਵੱਤਾ ਸੂਚਕਾਂਕ (ਏਕਿਊਆਈ) 259 ਦਰਜ ਕੀਤੀ ਗਈ, ਜੋ ‘ਮਾੜੀ’ ਸ਼੍ਰੇਣੀ ਵਿਚ ਆਉਂਦੀ ਹੈ। ਦਿੱਲੀ ਦੇ ਆਰ.ਕੇ. ਪੁਰਮ ਦੇ ਆਲੇ ਦੁਆਲੇ ਹਵਾ ਦੀ ਗੁਣਵੱਤਾ ਸੂਚਕਾਂਕ (ਏਕਿਊਆਈ) 368 ਦਰਜ ਕੀਤਾ ਗਿਆ, ਜੋ ਬਹੁਤ ਮਾੜੀ ਸ਼੍ਰੇਣੀ ਵਿਚ ਆਉਂਦਾ ਹੈ। ਦਿੱਲੀ ਦੇ ਨਰੇਲਾ ਖੇਤਰ ਵਿਚ ਹਵਾ ਦੀ ਗੁਣਵੱਤਾ 551 ਦਰਜ ਕੀਤੀ ਗਿਆ, ਜੋ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਹੈ। ਅਸ਼ੋਕ ਵਿਹਾਰ ਵਿਚ ਵੀ ਹਵਾ ਦੀ ਗੁਣਵੱਤਾ 493 ਦਰਜ ਕੀਤੀ ਗਈ। ਦਿੱਲੀ ਦੇ ਨਾਲ ਲੱਗਦੇ ਨੋਇਡਾ ਵਿਚ ਹਵਾ ਦੀ ਗੁਣਵੱਤਾ 369 ਹੈ, ਜਦੋਂ ਕਿ ਗਾਜ਼ੀਆਬਾਦ ਵਿਚ 402 ਦਰਜ ਕੀਤੀ ਗਈ। ਇਹ ਬਹੁਤ ਮਾੜੀ ਸ਼੍ਰੇਣੀ ਵਿਚ ਆਉਂਦਾ ਹੈ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ ਦਿੱਲੀ ਵਿਚ ਇੰਡੀਆ ਗੇਟ ਦੇ ਆਲੇ-ਦੁਆਲੇ ਹਵਾ ਦੀ ਗੁਣਵੱਤਾ ਸੂਚਕਾਂਕ ਅੱਜ ਸਵੇਰੇ 342 ਦਰਜ ਕੀਤਾ ਗਿਆ, ਜੋ ਕਿ ਗੰਭੀਰ ਸ਼੍ਰੇਣੀ ਵਿਚ ਹੈ। ਦਿੱਲੀ ਵਿਚ ਅਕਸ਼ਰਧਾਮ ਦੇ ਆਲੇ-ਦੁਆਲੇ ਹਵਾ ਦੀ ਗੁਣਵੱਤਾ ਸੂਚਕਾਂਕ 358 ਦਰਜ ਕੀਤਾ ਗਿਆ, ਜੋ ਕਿ ਬਹੁਤ ਮਾੜੀ ਸ਼੍ਰੇਣੀ ਵਿਚ ਹੈ।