ਸਮਾਜਵਾਦੀ ਪਾਰਟੀ ਨੇ "ਬੁਰਕਾ ਪਹਿਨੇ ਵੋਟਰਾਂ ਦੀ ਪਛਾਣ ਦੀ ਪੁਸ਼ਟੀ ਲਈ ਚੋਣ ਕਮਿਸ਼ਨ ਦੇ ਨਿਰਦੇਸ਼" ਵਾਪਸ ਲੈਣ ਦੀ ਕੀਤੀ ਮੰਗ

ਲਖਨਊ (ਉੱਤਰ ਪ੍ਰਦੇਸ਼) , 13 ਅਕਤੂਬਰ (ਏਐਨਆਈ): ਸਮਾਜਵਾਦੀ ਪਾਰਟੀ ਨੇ ਬਿਹਾਰ ਚੋਣਾਂ ਵਿਚ ਵੋਟ ਪਾਉਣ ਤੋਂ ਪਹਿਲਾਂ ਪੋਲਿੰਗ ਸਟੇਸ਼ਨਾਂ 'ਤੇ ਆਂਗਣਵਾੜੀ ਵਰਕਰਾਂ ਦੁਆਰਾ "ਬੁਰਕਾ ਪਹਿਨੇ ਮਹਿਲਾ ਵੋਟਰਾਂ ਦੀ ਪਛਾਣ ਕਰਨ" ਸੰਬੰਧੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕਦਮ "ਪਾਰਦਰਸ਼ੀ, ਸੁਤੰਤਰ ਅਤੇ ਨਿਰਪੱਖ ਚੋਣਾਂ" ਦੇ ਵਿਰੁੱਧ ਹੈ।
ਚੋਣ ਕਮਿਸ਼ਨ ਨੂੰ ਦਿੱਤੇ ਇਕ ਮੰਗ ਪੱਤਰ ਵਿਚ ਉੱਤਰ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਸ਼ਿਆਮ ਲਾਲ ਪਾਲ ਨੇ ਕਿਹਾ ਕਿ ਇਹ ਨਿਰਦੇਸ਼ ਨਾ ਸਿਰਫ਼ ਬਿਹਾਰ ਚੋਣਾਂ ਲਈ ਜਾਰੀ ਕੀਤਾ ਗਿਆ ਹੈ ਬਲਕਿ ਭਵਿੱਖ ਵਿਚ ਹੋਣ ਵਾਲੀਆਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਵਿਚ ਵੀ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਇਸ ਦੇ ਸਹਿਯੋਗੀਆਂ ਨੇ ਬੁਰਕਾ ਪਹਿਨੀਆਂ ਔਰਤਾਂ ਦੀ ਪਛਾਣ ਦੀ ਮੰਗ ਕੀਤੀ ਸੀ। ਪਾਲ ਨੇ ਕਿਹਾ ਕਿ "ਮੁੱਖ ਚੋਣ ਕਮਿਸ਼ਨਰ ਦਾ ਨਿਰਦੇਸ਼" ਚੋਣ ਕਮਿਸ਼ਨ ਦੇ ਨਿਯਮਾਂ ਦੇ ਵਿਰੁੱਧ ਹੈ। ਉਨ੍ਹਾਂ 'ਹੈਂਡ ਬੁੱਕ ਆਫ਼ ਰਿਟਰਨਿੰਗ ਅਫ਼ਸਰ' ਦੇ ਇਕ ਪੈਰੇ ਦਾ ਹਵਾਲਾ ਵੀ ਦਿੱਤਾ।