ਮਾਮੂਲੀ ਤਕਰਾਰ ਤੋਂ ਬਾਅਦ ਨੌਜਵਾਨ ਦੀ ਕੀਤੀ ਬੇਤਹਾਸ਼ਾ ਕੁੱਟਮਾਰ, ਹੋਈ ਮੌਤ

ਅਜਨਾਲਾ, (ਅੰਮ੍ਰਿਤਸਰ), 18 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਬੀਤੇ ਕੱਲ੍ਹ ਦੋ ਧਿਰਾਂ ਵਿਚਾਲੇ ਹੋਏ ਮਾਮੂਲੀ ਤਕਰਾਰ ਤੋਂ ਬਾਅਦ ਦੇਰ ਸ਼ਾਮ ਇਕ ਧਿਰ ਵਲੋਂ ਦੂਸਰੀ ਧਿਰ ਦੇ ਨੌਜਵਾਨ ਦੀ ਬੇਤਹਾਸ਼ਾ ਕੁੱਟਮਾਰ ਕੀਤੀ ਗਈ, ਜਿਸ ਨੂੰ ਤੁਰੰਤ ਇਲਾਜ ਲਈ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿਸ ਦੀ ਅੱਜ ਸਵੇਰੇ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਥਾਣਾ ਅਜਨਾਲਾ ਦੇ ਐਸ.ਐਚ.ਓ. ਸਬ ਇੰਸਪੈਕਟਰ ਹਰਚੰਦ ਸਿੰਘ ਸੰਧੂ ਨੇ ਦੱਸਿਆ ਕਿ ਨੌਜਵਾਨ ਹਰਪ੍ਰੀਤ ਸਿੰਘ, ਜੋ ਕਿ ਪਿੰਡ ਕੋਟਲੀ ਦਸੰਦੀ ਦਾ ਰਹਿਣ ਵਾਲਾ ਹੈ, ਦੀ ਅੱਜ ਸਵੇਰੇ ਮੌਤ ਹੋ ਗਈ ਹੈ, ਜਿਸ ਸੰਬੰਧੀ ਥਾਣਾ ਅਜਨਾਲਾ ਵਿਖੇ ਮੁਕਦਮਾ ਦਰਜ ਕਰਨ ਉਪਰੰਤ ਲੋੜੀਂਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।