ਦੁਕਾਨ 'ਚ ਅੱਗ ਲੱਗਣ ਦੌਰਾਨ ਇਕ ਵਿਅਕਤੀ ਜ਼ਖਮੀ
ਫਤਿਹਗੜ੍ਹ ਸਾਹਿਬ, 17 ਸਤੰਬਰ (ਬਲਜਿੰਦਰ ਸਿੰਘ)-ਰੇਲਵੇ ਸਟੇਸ਼ਨ ਸਰਹਿੰਦ ਨਜ਼ਦੀਕ ਮਾਰਕੀਟ ਵਿਚ ਇਕ ਵੀਡੀਓ ਗੇਮਜ਼ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ। ਲਗਾਤਾਰ ਕਈ ਘੰਟੇ ਫਾਇਰ ਬ੍ਰਿਗੇਡ ਦੀਆਂ ਕਰੀਬ 5 ਤੋਂ 6 ਗੱਡੀਆਂ ਵਲੋਂ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਜਦੋਂ ਫਿਰ ਵੀ ਅੱਗ ਨਾ ਬੁੱਝੀ ਤਾਂ ਦੁਕਾਨ ਦੇ ਪਿਛਲੇ ਪਾਸੇ ਕੰਧ ਨੂੰ ਸੰਨ੍ਹ ਲਗਾ ਕੇ ਨੌਜਵਾਨਾਂ ਵਲੋਂ ਅੱਗ ਬੁਝਾਉਣ ਦੀ ਅਣਥੱਕ ਕੋਸ਼ਿਸ਼ ਕੀਤੀ ਗਈ। ਜਦੋਂ ਫਿਰ ਵੀ ਅੱਗ ਨਾ ਬੁੱਝੀ ਤਾਂ ਨੌਜਵਾਨਾਂ ਵਲੋਂ ਜੇ.ਸੀ.ਬੀ. ਦੀ ਮਦਦ ਨਾਲ ਦੁਕਾਨ ਦੀ ਉੱਪਰਲੀ ਮੰਜ਼ਿਲ ਜਿਥੇ ਕਿ ਅੱਗ ਦੀਆਂ ਲਪਟਾਂ ਬਹੁਤ ਭਿਆਨਕ ਸਨ, ਦੇ ਸ਼ਟਰ ਨੂੰ ਤੋੜ ਅੱਗ ਉਤੇ ਕਾਬੂ ਪਾਇਆ ਗਿਆ।
ਦੱਸਣਯੋਗ ਹੈ ਕਿ ਇਸ ਅੱਗ ਨੂੰ ਬੁਝਾਉਣ ਲਈ ਜੱਦੋ-ਜਹਿਦ ਕਰ ਰਿਹਾ ਇਕ ਨੌਜਵਾਨ ਦੁਕਾਨ ਦੀ ਦੂਸਰੀ ਮੰਜ਼ਿਲ ਤੋਂ ਡਿੱਗ ਕੇ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਭਰਤੀ ਕਰਵਾਇਆ ਗਿਆ ਜਿਥੇ ਡਾਕਟਰਾਂ ਵਲੋਂ ਉਸ ਦੇ ਸਿਰ ਉਤੇ 18 ਅਤੇ ਸੱਜੇ ਹੱਥ ਵਿਚ 3 ਅਤੇ ਖੱਬੇ ਹੱਥ ਵਿਚ ਦੋ ਟਾਂਕੇ ਲਗਾਏ ਗਏ, ਜਿਸ ਦੌਰਾਨ ਦੁਕਾਨਦਾਰ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ, ਇਹ ਸਭ ਦੇਖ ਕੇ ਉਕਤ ਦੁਕਾਨਦਾਰ ਬੇਹੋਸ਼ ਹੋ ਕੇ ਡਿੱਗ ਪਿਆ।