350 ਸਾਲਾ ਜਾਗਿ੍ਤੀ ਯਾਤਰਾ: ਪ੍ਰਧਾਨ ਮੰਤਰੀ ਮੋਦੀ ਨੇ ਭੇਜਿਆ ਸੁਨੇਹਾ, ਭੇਟ ਕੀਤੀ ਸ਼ਰਧਾਂਜਲੀ

ਨਵੀਂ ਦਿੱਲੀ, 17 ਸਤੰਬਰ- 350 ਸਾਲਾ ਜਾਗਿ੍ਰਤੀ ਯਾਤਰਾ ਸੰਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣਾ ਇਕ ਸੁਨੇਹਾ ਭੇਜਿਆ ਹੈ। ਉਨ੍ਹਾਂ ਚਿੱਠੀ ਭੇਜ ਕਿਹਾ ਮੈਂ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀਦਾਸ, ਭਾਈ ਸਤੀਦਾਸ ਅਤੇ ਭਾਈ ਦਿਆਲਾ ਜੀ ਨੂੰ ਆਪਣੀ ਸਤਿਕਾਰਯੋਗ ਸ਼ਰਧਾਂਜਲੀ ਭੇਟ ਕਰਦਾ ਹਾਂ। ਮੈਨੂੰ ਉਨ੍ਹਾਂ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹੀਦੀ ਜਾਗ੍ਰਿਤੀ ਯਾਤਰਾ ਬਾਰੇ ਜਾਣ ਕੇ ਖੁਸ਼ੀ ਹੋਈ, ਜੋ ਪ੍ਰਬੰਧਕ ਕਮੇਟੀ ਬਿਹਾਰ ਸਰਕਾਰ ਅਤੇ ਸਾਧ ਸੰਗਤਾਂ ਦੇ ਸਹਿਯੋਗ ਨਾਲ ਵੱਖ-ਵੱਖ ਰਾਜਾਂ ਵਿਚੋਂ ਲੰਘ ਕੇ ਸ੍ਰੀ ਕੇਸਗੜ੍ਹ ਸਾਹਿਬ ਪਹੁੰਚੇਗੀ।
ਉਨ੍ਹਾਂ ਕਿਹਾ ਕਿ ਸਾਡੇ ਗੁਰੂਆਂ ਦੀ ਕੁਰਬਾਨੀ ਦੀ ਪਰੰਪਰਾ ਭਾਰਤੀ ਇਤਿਹਾਸ ਦੀ ਇਕ ਅਮਰ ਗਾਥਾ ਹੈ, ਜਿਸ ਵਿਚ ਉਨ੍ਹਾਂ ਨੇ ਧਰਮ, ਮਨੁੱਖਤਾ ਅਤੇ ਸੱਚ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਬੇਮਿਸਾਲ ਬਲੀਦਾਨ ਅਤੇ ਸ਼ਹਾਦਤ ਨੇ ਅਨਿਆਂ ਅਤੇ ਜ਼ੁਲਮ ਦੇ ਸਾਹਮਣੇ ਦ੍ਰਿੜਤਾ, ਹਿੰਮਤ ਅਤੇ ਸੱਚਾਈ ਦਾ ਮਾਰਗ ਦਿਖਾਇਆ। ਉਨ੍ਹਾਂ ਨੇ ਸਮਾਜ ਨੂੰ ਅਨਿਆਂ, ਜ਼ੁਲਮ ਅਤੇ ਤੰਗ-ਦਿਲੀ ਵਿਰੁੱਧ ਲੜਨ ਲਈ ਪ੍ਰੇਰਿਤ ਕੀਤਾ।
ਸ੍ਰੀ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਕਿ ਸੱਚ, ਆਜ਼ਾਦੀ ਅਤੇ ਮਨੁੱਖੀ ਕਦਰਾਂ-ਕੀਮਤਾਂ ਦੀ ਰੱਖਿਆ ਮਨੁੱਖ ਦਾ ਸਭ ਤੋਂ ਵੱਡਾ ਫਰਜ਼ ਹੈ। ਉਨ੍ਹਾਂ ਦੇ ਸਾਥੀਆਂ ਨੇ ਅਸਹਿ ਦੁੱਖਾਂ ਦੇ ਬਾਵਜੂਦ, ਧਾਰਮਿਕਤਾ ਅਤੇ ਸਿਧਾਂਤਾਂ ਦਾ ਰਸਤਾ ਨਹੀਂ ਛੱਡਿਆ। ਮੈਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਨਾਇਕਾਂ ਨੂੰ ਸਮਰਪਿਤ ਸ਼ਹੀਦੀ ਜਾਗ੍ਰਿਤੀ ਯਾਤਰਾ ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕਰਨ ਅਤੇ ਰਾਸ਼ਟਰ ਨੂੰ ਏਕਤਾ, ਹਿੰਮਤ ਅਤੇ ਕੁਰਬਾਨੀ ਦੀ ਵਿਰਾਸਤ ਨਾਲ ਜੋੜਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗੀ।
ਆਪਣੇ ਮਹਾਂਪੁਰਖਾਂ ਦੇ ਜੀਵਨ ਅਤੇ ਆਦਰਸ਼ਾਂ ਤੋਂ ਪ੍ਰੇਰਨਾ ਲੈ ਕੇ ਅਸੀਂ ਇਕ ਸ਼ਾਨਦਾਰ ਅਤੇ ਵਿਕਸਤ ਭਾਰਤ ਦੇ ਨਿਰਮਾਣ ਵੱਲ ਵਧ ਰਹੇ ਹਾਂ ਅਤੇ ਉਨ੍ਹਾਂ ਦੀ ਕੁਰਬਾਨੀ ਸਾਡੀਆਂ ਪੀੜ੍ਹੀਆਂ ਲਈ ਇਕ ਅਮਰ ਆਦਰਸ਼ ਹੈ।
ਸ਼ਹੀਦੀ ਜਾਗ੍ਰਿਤੀ ਯਾਤਰਾ ਅਤੇ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕੌਫੀ ਟੇਬਲ ਬੁੱਕ ਦੇ ਪ੍ਰਕਾਸ਼ਨ ਨਾਲ ਜੁੜੇ ਸਾਰੇ ਲੋਕਾਂ ਨੂੰ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਹਾਰਦਿਕ ਸ਼ੁਭਕਾਮਨਾਵਾਂ।