ਅਮਰੀਕਾ ਨਿਵਾਸੀ ਔਰਤ ਦਾ ਕਿਲ੍ਹਾ ਰਾਏਪੁਰ ਵਿਖੇ ਕਤਲ - ਲਾਸ਼ ਖੁਰਦ ਬੁਰਦ

ਡੇਹਲੋਂ, (ਲੁਧਿਆਣਾ), 17 ਸਤੰਬਰ (ਅੰਮ੍ਰਿਤਪਾਲ ਸਿੰਘ ਕੈਲੇ)- ਅਮਰੀਕਾ ਸਿਟੀਜ਼ਨ 72 ਸਾਲਾ ਔਰਤ ਰੁਪਿੰਦਰ ਕੌਰ ਪੰਧੇਰ ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕਿਲਾ ਰਾਏਪੁਰ ਦੇ ਇਕ ਘਰ ਅੰਦਰ ਕੁਝ ਸਮਾਂ ਪਹਿਲਾਂ ਕਤਲ ਕਰਕੇ ਉਸ ਦੀ ਲਾਸ਼ ਸਾੜੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਣਯੋਗ ਹੈ ਕਿ ਅਮਰੀਕਾ ਨਿਵਾਸੀ ਉਕਤ ਔਰਤ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਮਹਿਮਾ ਸਿੰਘਵਾਲਾ ਦੇ ਇੰਗਲੈਂਡ ਵਸਦੇ ਚਰਨਜੀਤ ਸਿੰਘ ਨਾਲ ਵਿਆਹ ਕਰਵਾਉਣ ਲਈ ਭਾਰਤ ਆਈ ਸੀ, ਜੋ ਉਕਤ ਵਿਅਕਤੀ ਦੇ ਕਹਿਣ ’ਤੇ ਹੀ ਕਿਲ੍ਹਾ ਰਾਏਪੁਰ ਸਥਿਤ ਇਕ ਘਰ ਅੰਦਰ ਰਹਿ ਰਹੀ ਸੀ। ਕਤਲ ਦੇ ਮੁੱਖ ਮੁਲਜ਼ਮ ਦੀ ਪਛਾਣ ਕਿਲ੍ਹਾ ਰਾਏਪੁਰ ਨਿਵਾਸੀ ਸੁਖਜੀਤ ਸਿੰਘ ਸੋਨੂੰ ਵਜੋਂ ਹੋਈ ਹੈ, ਜਿਸ ਨੇ ਮਹਿਮਾ ਸਿੰਘ ਵਾਲਾ ਪਿੰਡ ਦੇ ਇੰਗਲੈਂਡ ਵਸਦੇ ਐੱਨ.ਆਰ.ਆਈ ਚਰਨਜੀਤ ਸਿੰਘ ਗਰੇਵਾਲ ਵਲੋਂ ਘੜੀ ਸਾਜਿਸ਼ ਅਧੀਨ ਕਤਲ ਕਰਨਾ ਕਬੂਲਿਆ ਹੈ।
ਇਸ ਸੰਬੰਧੀ ਭਾਵੇਂ ਡੇਹਲੋਂ ਪੁਲਿਸ ਵਲੋਂ ਮੁਕਦਮਾ ਦਰਜ ਕਰਕੇ ਤਫ਼ਤੀਸ਼ ਆਰੰਭ ਦਿੱਤੀ ਹੈ, ਪਰ ਮ੍ਰਿਤਕਾ ਰੁਪਿੰਦਰ ਕੌਰ ਪੰਧੇਰ ਦੀ ਅਮਰੀਕਾ ਵਸਦੀ ਭੈਣ ਕਮਲਜੀਤ ਕੌਰ ਖਹਿਰਾ ਨੇ ਪੁਲਿਸ ’ਤੇ ਕਾਤਲਾਂ ਨੂੰ ਬਚਾਉਣ ਸੰਬੰਧੀ ਗੰਭੀਰ ਦੋਸ਼ ਲਗਾਉਂਦਿਆਂ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਕਾਤਲ ਸੁਖਜੀਤ ਸਿੰਘ ਸੋਨੂੰ ਦੇ ਭਰਾ ਅਤੇ ਚਰਨਜੀਤ ਸਿੰਘ ਗਰੇਵਾਲ ਸਮੇਤ ਕਥਿਤ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਰੁਪਿੰਦਰ ਕੌਰ ਪੰਧੇਰ ਦੀ ਲਾਸ਼ ਬਰਾਮਦ ਕਰਵਾਈ ਜਾਵੇ। ਜ਼ਿਕਰਯੋਗ ਹੈ ਕਿ ਮ੍ਰਿਤਕਾ ਰੁਪਿੰਦਰ ਕੌਰ ਪੰਧੇਰ ਵਲੋਂ ਕਰੀਬ 35 ਲੱਖ ਤੋਂ ਵੱਧ ਦੀ ਰਾਸ਼ੀ ਮੁੱਖ ਮੁਲਜ਼ਮ ਸੁਖਜੀਤ ਸਿੰਘ ਅਤੇ ਉਸਦੇ ਭਰਾ ਦੇ ਖਾਤਿਆਂ ਵਿਚ ਪਾਉਣ ਦੇ ਸਬੂਤ ਵੀ ਮ੍ਰਿਤਕਾ ਦੇ ਪਰਿਵਾਰ ਵਲੋਂ ਜਾਰੀ ਕੀਤੇ ਗਏ ਹਨ।