ਨਵੇਂ ਅਕਾਲੀ ਦਲ ਨੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਵਿਆਪਕ ਯਤਨ ਆਰੰਭੇ - ਭਾਈ ਲੌਂਗੋਵਾਲ

ਲੌਂਗੋਵਾਲ, 11 ਸਤੰਬਰ (ਵਿਨੋਦ ਸ਼ਰਮਾ)-ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਇਥੇ ਦੱਸਿਆ ਕਿ ਨਵੇਂ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਪਾਰਟੀ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਵਿਆਪਕ ਪੱਧਰ ਉਤੇ ਯਤਨ ਆਰੰਭੇ ਜਾ ਚੁੱਕੇ ਹਨ। ਭਾਈ ਲੌਂਗੋਵਾਲ ਅੱਜ ਇਕ ਸੈਮੀਨਾਰ 'ਚ ਭਾਗ ਲੈਣ ਉਪਰੰਤ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਸੰਕਟ ਦੀ ਘੜੀ ਵਿਚ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਜਿਥੇ ਨਿੱਜੀ ਤੌਰ ਉਤੇ ਕਰੋੜਾਂ ਰੁਪਏ ਦਾ ਯੋਗਦਾਨ ਪਾ ਰਹੀ ਹੈ, ਉਥੇ ਪਾਰਟੀ ਦੇ ਨਿਮਾਣੇ ਵਰਕਰ ਵੀ ਪਾਰਟੀ ਵਲੋਂ ਲਾਏ ਕੈਂਪਾਂ 'ਚ ਜਾ ਕੇ ਸੇਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਸੁਲਤਾਨਪੁਰ ਲੋਧੀ, ਬੱਗੇਪੁਰਾ, ਰਾਜਾਸਾਂਸੀ, ਅਜਨਾਲਾ ਅਤੇ ਡੇਰਾ ਬਾਬਾ ਨਾਨਕ ਆਦਿ ਥਾਵਾਂ 'ਤੇ ਕੈਂਪ ਲਗਾ ਕੇ ਲੋੜਵੰਦ ਲੋਕਾਂ ਦੀ ਮਦਦ ਆਰੰਭੀ ਜਾ ਚੁੱਕੀ ਹੈ ਅਤੇ ਅਕਾਲੀ ਦਲ ਪੀੜਤ ਲੋਕਾਂ ਦੇ ਮੁੜ ਆਬਾਦ ਹੋਣ ਤੱਕ ਆਪਣੀ ਬਣਦੀ ਭੂਮਿਕਾ ਅਦਾ ਕਰੇਗਾ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸੂਬਾ ਪੰਜਾਬ ਲਈ ਐਲਾਨੀ ਗਈ ਰਾਸ਼ੀ ਨੂੰ ਪੰਜਾਬ ਦੇ ਲੋਕਾਂ ਨਾਲ ਕੋਝਾ ਮਜ਼ਾਕ ਦੱਸਿਆ ਹੈ।