ਭੁਲੱਥ ਪੁਲਿਸ ਨੇ ਪ੍ਰਵਾਸੀ ਮਜ਼ਦੂਰਾਂ ਦੇ ਲਾਪਤਾ ਹੋਏ ਬੱਚੇ ਲੱਭ ਕੇ ਕੀਤੇ ਮਾਪਿਆਂ ਹਵਾਲੇ

ਭੁਲੱਥ, (ਕਪੂਰਥਲਾ), 6 ਸਤੰਬਰ (ਮਨਜੀਤ ਸਿੰਘ ਰਤਨ)- ਭੁਲੱਥ ਪੁਲਿਸ ਵਲੋਂ ਪ੍ਰਵਾਸੀ ਮਜ਼ਦੂਰਾਂ ਦੇ ਦੋ ਲਾਪਤਾ ਹੋਏ ਬੱਚਿਆਂ ਨੂੰ ਲੱਭ ਕੇ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਚ.ਓ. ਭੁਲੱਥ ਰਣਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਕੋਲ ਦਿੱਤੇ ਗਏ ਬਿਆਨਾਂ ਵਿਚ ਮੰਜੂ ਦੇਵੀ ਪਤਨੀ ਰਾਕੇਸ਼ ਕੁਮਾਰ ਵਾਸੀ ਪਿੰਡ ਚੰਗਾਈਟੇਪਰਾ ਥਾਣਾ ਖੇਹਰੀਘਾਟ ਜ਼ਿਲ੍ਹਾ ਬਾਹਰਾਇਚ ਉੱਤਰ ਪ੍ਰਦੇਸ਼ ਯੂ. ਪੀ. ਨੇ ਦੱਸਿਆ ਕਿ ਉਹ ਨੰਬਰਦਾਰ ਚਰਨਜੀਤ ਸਿੰਘ ਵਾਸੀ ਫਤਿਹਪੁਰ ਥਾਣਾ ਭੁਲੱਥ ਦੇ ਕੋਲ ਖੇਤੀਬਾੜੀ ਦਾ ਕੰਮ ਧੰਦਾ ਕਰਦੇ ਹਨ।
ਉਹਨਾਂ ਨੇ ਦੱਸਿਆ ਕਿ ਬੀਤੀ 21 ਅਗਸਤ ਨੂੰ ਮੇਰੀ ਲੜਕੀ ਮਮਤਾ ਦਾ ਲੜਕਾ ਭੇਲੀ ਉਮਰ ਕਰੀਬ 12 ਸਾਲ ਅਤੇ ਮੇਰੀ ਭੈਣ ਭਵਾਨੀ ਦਾ ਲੜਕਾ ਦੀਪਕ ਉਮਰ ਕਰੀਬ 13 ਸਾਲ ਬਿਨਾਂ ਦੱਸੇ ਪੁਛੇ ਘਰੋਂ ਆਪਣੀ ਮਰਜ਼ੀ ਨਾਲ ਕਿਧਰੇ ਚਲੇ ਗਏ ਹਨ। ਪਹਿਲਾਂ ਵੀ ਉਹ ਕਈ ਵਾਰੀ ਇਸ ਤਰ੍ਹਾਂ ਬਿਨਾਂ ਦੱਸੇ ਪੁੱਛੇ ਚਲੇ ਜਾਂਦੇ ਸੀ ਅਤੇ ਬਾਅਦ ਵਿਚ ਆਪ ਹੀ ਵਾਪਸ ਆ ਜਾਂਦੇ ਸਨ। ਅਸੀਂ ਕਾਫ਼ੀ ਭਾਲ ਕੀਤੀ, ਜੋ ਕਿਤੇ ਵੀ ਨਹੀਂ ਮਿਲੇ। ਪੁਲਿਸ ਵਲੋਂ ਇਸ ਸੰਬੰਧੀ ਪਿੰਡਾਂ ਵਿਚ ਅਨਾਊਂਸਮੈਂਟ ਕਰਵਾਈ ਗਈ। ਇਸ ਦੌਰਾਨ ਪੁਲਿਸ ਨੂੰ ਕਿਸੇ ਨੇ ਇਤਲਾਹ ਦਿੱਤੀ ਕਿ ਜਿਨ੍ਹਾਂ ਬੱਚਿਆਂ ਦੀ ਪੁਲਿਸ ਨੂੰ ਭਾਲ ਹੈ, ਉਸ ਤਰ੍ਹਾਂ ਦੇ ਦੋ ਲੜਕੇ ਭੋਗਪੁਰ ਦੇ ਬਸ ਅੱਡੇ ’ਤੇ ਘੁੰਮ ਰਹੇ ਹਨ।
ਭੁਲੱਥ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਪਾਰਟੀ ਨੂੰ ਭੋਗਪੁਰ ਭੇਜਿਆ ਅਤੇ ਉੱਥੇ ਘੁੰਮ ਰਹੇ ਬੱਚਿਆਂ ਨੂੰ ਨਾਲ ਲੈ ਕੇ ਪੁਲਿਸ ਪਾਰਟੀ ਥਾਣਾ ਭੁਲੱਥ ਪਹੁੰਚੀ, ਜਿਥੇ ਦੋਨਾਂ ਬੱਚਿਆਂ ਦੇ ਮਾਪਿਆਂ ਨੂੰ ਬੁਲਾ ਕੇ ਬੱਚਿਆਂ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ।