ਸਰਕਾਰੀ ਹਸਪਤਾਲ ਦੀ ਛੱਤ ਤੋਂ ਮਿਲਿਆ ਨੌਜਵਾਨ ਦਾ ਪਿੰਜਰ

ਜੰਡਿਆਲਾ ਮੰਜਕੀ, (ਕਪੂਰਥਲਾ), 6 ਸਤੰਬਰ (ਸੁਰਜੀਤ ਸਿੰਘ ਜੰਡਿਆਲਾ)- ਮੁੱਢਲਾ ਸਿਹਤ ਕੇਂਦਰ ਜੰਡਿਆਲਾ ਦੇ ਹਸਪਤਾਲ ਦੀ ਇਕ ਛੱਤ ਤੋਂ ਨੌਜਵਾਨ ਦਾ ਗਲਿਆ ਸੜਿਆ ਪਿੰਜਰ ਮਿਲਣ ਕਾਰਨ ਸਨਸਨੀ ਫੈਲ ਗਈ। ਲਗਭਗ ਸਾਰੇ ਸਰੀਰ ਦਾ ਮਾਸ ਗਲ ਚੁੱਕਾ ਸੀ ਜਾਂ ਪੰਛੀਆਂ ਨੇ ਖਾ ਲਿਆ ਸੀ, ਸਿਰਫ ਹੱਡੀਆਂ ਹੀ ਬਚੀਆਂ ਸਨ।
ਪੁਲਿਸ ਚੌਂਕੀ ਜੰਡਿਆਲਾ ਪਾਸੋਂ ਪ੍ਰਾਪਤ ਜਾਣਕਾਰੀ ਅਨੁਸਾਰ ਮਿ੍ਤਕ ਦੀ ਪਛਾਣ ਨਜ਼ਦੀਕੀ ਪਿੰਡ ਥਾਬਲਕੇ ਦੇ ਅਮਨਦੀਪ ਕੁਮਾਰ ਪੁੱਤਰ ਸਵ. ਸੁਰਜੀਤ ਕੁਮਾਰ ਵਜੋਂ ਹੋਈ ਹੈ। ਉਹ ਲਗਭਗ ਦੋ ਹਫ਼ਤਿਆਂ ਤੋਂ ਗਾਇਬ ਸੀ ਅਤੇ ਅਕਸਰ ਜੰਡਿਆਲਾ ਦੇ ਓਟ ਸੈਂਟਰ ਵਿਚ ਦਵਾਈ ਲੈਣ ਆਉਂਦਾ ਸੀ। ਕਈ ਦਿਨਾਂ ਤੋਂ ਬਦਬੂ ਆਉਣ ਕਾਰਨ ਹਸਪਤਾਲ ਦੇ ਸਟਾਫ਼ ਵਲੋਂ ਜਦੋਂ ਕੋਠੇ ਦੀ ਛੱਤ ਚੈੱਕ ਕੀਤੀ ਗਈ ਤਾਂ ਉਕਤ ਨੌਜਵਾਨ ਦਾ ਪਿੰਜਰ ਮਿਲਿਆ।
ਮ੍ਰਿਤਕ ਨੇੜਿਓਂ ਇਕ ਸਰਿੰਜ ਵੀ ਮਿਲੀ ਦੱਸੀ ਜਾਂਦੀ ਹੈ। ਚੌਂਕੀ ਇੰਚਾਰਜ ਜੰਡਿਆਲਾ ਗੁਲਜ਼ਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜਿਆ ਗਿਆ ਹੈ ਅਤੇ ਮ੍ਰਿਤਕ ਦੀ ਮਾਤਾ ਪ੍ਰੋਮਿਲਾ ਦੇ ਬਿਆਨਾਂ ਦੇ ਆਧਾਰ ’ਤੇ ਫ਼ਿਲਹਾਲ ਬੀ.ਐਨ.ਐਸ. ਦੀ ਧਾਰਾ 194 ਤਹਿਤ ਕਾਰਵਾਈ ਕੀਤੀ ਗਈ ਹੈ।