ਸੰਯੁਕਤ ਰਾਸ਼ਟਰ ਦੇ ਸੈਸ਼ਨ ਵਿਚ ਸ਼ਾਮਿਲ ਹੋਣ ਲਈ ਅਮਰੀਕਾ ਨਹੀਂ ਜਾਣਗੇ ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 6 ਸਤੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਦੇ ਅੰਤ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਦੇ ਸਾਲਾਨਾ ਉੱਚ-ਪੱਧਰੀ ਸੈਸ਼ਨ ਵਿਚ ਆਮ ਬਹਿਸ ਨੂੰ ਸੰਬੋਧਨ ਨਹੀਂ ਕਰਨਗੇ। ਸੰਯੁਕਤ ਰਾਸ਼ਟਰ ਮਹਾਸਭਾ ਦਾ 80ਵਾਂ ਸੈਸ਼ਨ 9 ਸਤੰਬਰ ਨੂੰ ਸ਼ੁਰੂ ਹੋਵੇਗਾ। ਉੱਚ-ਪੱਧਰੀ ਆਮ ਬਹਿਸ 23 ਤੋਂ 29 ਸਤੰਬਰ ਤੱਕ ਚੱਲੇਗੀ, ਜਿਸ ਵਿਚ ਬ੍ਰਾਜ਼ੀਲ ਰਵਾਇਤੀ ਤੌਰ ’ਤੇ ਸੈਸ਼ਨ ਦਾ ਪਹਿਲਾ ਸਪੀਕਰ ਹੋਵੇਗਾ। ਇਸ ਤੋਂ ਬਾਅਦ ਅਮਰੀਕਾ ਹੋਵੇਗਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 23 ਸਤੰਬਰ ਨੂੰ ਵੱਕਾਰੀ ਯੂ.ਐਨ.ਜੀ.ਏ. ਪੋਡੀਅਮ ਤੋਂ ਵਿਸ਼ਵ ਨੇਤਾਵਾਂ ਨੂੰ ਸੰਬੋਧਨ ਕਰਨਗੇ, ਜੋ ਕਿ ਵਾਈਟ ਹਾਊਸ ਵਿਚ ਆਪਣੇ ਦੂਜੇ ਕਾਰਜਕਾਲ ਵਿਚ ਸੰਯੁਕਤ ਰਾਸ਼ਟਰ ਸੈਸ਼ਨ ਨੂੰ ਉਨ੍ਹਾਂ ਦਾ ਪਹਿਲਾ ਸੰਬੋਧਨ ਹੋਵੇਗਾ।
ਇਸ ਦੌਰਾਨ ਬੀਤੇ ਦਿਨ ਜਾਰੀ ਕੀਤੀ ਗਈ ਜਨਰਲ ਅਸੈਂਬਲੀ ਦੇ 80ਵੇਂ ਸੈਸ਼ਨ ਦੀ ਉੱਚ-ਪੱਧਰੀ ਆਮ ਬਹਿਸ ਲਈ ਬੁਲਾਰਿਆਂ ਦੀ ਸੋਧੀ ਹੋਈ ਆਰਜ਼ੀ ਸੂਚੀ ਦੇ ਅਨੁਸਾਰ, ਭਾਰਤ ਦੀ ਨੁਮਾਇੰਦਗੀ ਇਕ ‘ਮੰਤਰੀ’ ਦੁਆਰਾ ਕੀਤੀ ਜਾਵੇਗੀ। ਵਿਦੇਸ਼ ਮੰਤਰੀ ਐਸ. ਜੈਸ਼ੰਕਰ 27 ਸਤੰਬਰ ਨੂੰ ਸੈਸ਼ਨ ਨੂੰ ਸੰਬੋਧਨ ਕਰਨਗੇ। ਜੁਲਾਈ ਵਿਚ ਜਾਰੀ ਬੁਲਾਰਿਆਂ ਦੀ ਪਿਛਲੀ ਸੂਚੀ ਵਿਚ, ਪ੍ਰਧਾਨ ਮੰਤਰੀ ਮੋਦੀ 26 ਸਤੰਬਰ ਨੂੰ ਆਮ ਬਹਿਸ ਨੂੰ ਸੰਬੋਧਨ ਕਰਨ ਵਾਲੇ ਸਨ। ਇਜ਼ਰਾਈਲ, ਚੀਨ, ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਸਰਕਾਰ ਦੇ ਮੁਖੀ 26 ਸਤੰਬਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੀ ਆਮ ਬਹਿਸ ਨੂੰ ਸੰਬੋਧਨ ਕਰਨ ਵਾਲੇ ਹਨ।