ਸੱਕੀ ਨਾਲੇ 'ਚ ਬੂਟੀ ਦੀ ਡੱਕ ਲੱਗਣ ਨਾਲ ਦਰਜਨਾਂ ਪਿੰਡਾਂ 'ਚ ਹੜ੍ਹ ਵਰਗੀ ਸਥਿਤੀ, ਪੁਲ ਨੂੰ ਪਿਆ ਪਾੜ, ਹਜ਼ਾਰਾਂ ਏਕੜ ਫ਼ਸਲ ਪਾਣੀ ਵਿਚ ਡੁੱਬੀ

ਚੋਗਾਵਾਂ/ਅੰਮ੍ਰਿਤਸਰ ,31 ਅਗਸਤ (ਗੁਰਵਿੰਦਰ ਸਿੰਘ ਕਲਸੀ)- ਸਬ ਡਵੀਜ਼ਨ ਲੋਪੋਕੇ ਅਧੀਨ ਆਉਂਦੇ ਸਰਹੱਦੀ ਪਿੰਡਾਂ ਵਿਚ ਰਾਵੀ ਦਰਿਆ ਦੇ ਪਾਣੀ ਨੇ ਕਹਿਰ ਮਚਾਇਆ ਹੋਇਆ ਹੈ, ਉੱਥੇ ਹੀ ਲੋਧੀਗੁੱਜਰ ਸੱਕੀ ਨਾਲੇ ਦੇ ਪਾਣੀ ਵਿਚ ਉਛਾਲ ਆਉਣ ਨਾਲ ਦਰਜਨਾ ਪਿੰਡਾਂ ਦੀ ਹਜ਼ਾਰਾਂ ਏਕੜ ਫ਼ਸਲ ਡੁੱਬ ਕੇ ਤਬਾਹ ਹੋ ਗਈ ਹੈ। ਲੋਧੀਗੁੱਜਰ ਸੱਕੀ ਨਾਲੇ ਵਿਚ ਘਾਹ ਬੂਟੀ ਦੀ ਡੱਕ ਲੱਗਣ ਨਾਲ 20 ਤੋਂ ਉੱਪਰ ਪਿੰਡਾਂ ਵਿਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਇਸ ਸੰਬੰਧੀ ਨਿਸ਼ਾਨ ਸਿੰਘ, ਸਿਮਰਜੀਤ ਸਿੰਘ, ਚੈਨਲ ਸਿੰਘ , ਸੁਖਚੈਨ ਸਿੰਘ ਤੇ ਸੂਬਾ ਸਿੰਘ ਨੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਦੀ ਅਣਗਹਿਲੀ ਕਰਕੇ ਉਨ੍ਹਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਸੱਕੀ ਨਾਲੇ ਵਿਚ 8 ਦਰ ਹਨ। ਜਿਸ ਵਿਚ 2 ਦਰ ਚੱਲ ਰਹੇ ਹਨ ਉਹ ਵੀ ਘਾਹ ਬੂਟੀ ਦੀ ਡੱਕ ਲੱਗਣ ਨਾਲ ਬੰਦ ਹੋ ਗਏ ਹਨ।
ਪਾਣੀ ਪੁਲ ਤੋਂ ਬਾਹਰ ਉਛਲ ਰਿਹਾ ਹੈ। ਪੁਲ ਵਿਚ ਪਾੜ ਪੈਣਾ ਸ਼ੁਰੂ ਹੋ ਗਿਆ। ਪ੍ਰਸ਼ਾਸਨ ਦੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਵੀ ਉਨ੍ਹਾਂ ਕੋਈ ਸਾਰ ਨਹੀਂ ਲਈ। ਉਨ੍ਹਾਂ ਜ਼ਿਲ੍ਹੇ ਦੀ ਡੀ.ਸੀ. ਸਾਹਿਬ ਤੋਂ ਮੰਗ ਕੀਤੀ ਕਿ ਸੱਕੀ ਨਾਲੇ ਦੇ ਸਾਰੇ ਦਰ ਖੋਲ੍ਹ ਕੇ ਪਿੰਡਾਂ ਨੂੰ ਡੁੱਬਣ ਤੋਂ ਬਚਾਇਆ ਜਾਵੇ।