ਬਾਪੂ ਤਰਸੇਮ ਸਿੰਘ ਅਤੇ ਭਾਈ ਜਸਬੀਰ ਸਿੰਘ ਰੋਡੇ ਹੜ੍ਹ ਪੀੜਤਾਂ ਲਈ ਰਾਹਤ ਕੈਂਪ ਲਗਾਏ

ਫ਼ਤਹਿਗੜ੍ਹ ਚੂੜੀਆਂ , 31 ਅਗਸਤ ( ਅਵਤਾਰ ਸਿੰਘ ਰੰਧਾਵਾ)- ਪਿਛਲੇ ਦਿਨਾਂ ਤੋਂ ਹਲਕਾ ਡੇਰਾ ਬਾਬਾ ਨਾਨਕ ਨਾਲ ਲਗਦੀ ਭਾਰਤ-ਪਾਕਿਸਤਾਨ ਸਰਹੱਦ ਦਾ ਖੇਤਰ ਹੜ੍ਹ ਦੇ ਪਾਣੀ ਨਾਲ ਬੁਰੀ ਤਰ੍ਹਾਂ ਘਿਰਿਆ ਹੋਇਆ ਹੈ। ਹਾਲੇ ਤੱਕ ਲੋਕ ਘਰਾਂ ਵਿਚ ਭੁੱਖਣ-ਭਾਣੇ ਕਈ ਤਰ੍ਹਾਂ ਦੀਆਂ ਮੁਸੀਬਤਾਂ ਦਾ ਟਾਕਰਾ ਕਰ ਰਹੇ ਹਨ। ਇਸ ਹੜ੍ਹ ਦੀ ਮਾਰ ਨੇ ਇਸ ਖੇਤਰ ਵਿਚ ਬੁਰੀ ਤਰ੍ਹਾਂ ਤਬਾਹੀ ਮਚਾ ਕੇ ਰੱਖ ਦਿੱਤੀ ਹੈ। ਜਿੱਥੇ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਰਾਹਤ ਸਮੱਗਰੀ ਸਮੇਤ ਪੁੱਜ ਰਹੀਆਂ ਹਨ ਉੱਥੇ ਅਕਾਲੀ ਦਲ ਵਾਰਸ ਪੰਜਾਬ ਦੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਹਲਕਾ ਫ਼ਤਹਿਗੜ੍ਹ ਚੂੜੀਆਂ ਤੋਂ ਅਕਾਲੀ ਦਲ ਵਾਰਸ ਪੰਜਾਬ ਪਾਰਟੀ ਅਤੇ ਭਾਈ ਜਸਬੀਰ ਸਿੰਘ ਰੋਡੇ ਵੀ ਵਰਕਰਾਂ ਦੇ ਨਾਲ ਪਿੰਡ ਸ਼ਾਹਪੁਰ ਜਾਜਨ ਨੇੜੇ ਪਿੰਡ ਪੱਤੀ ਰਾਮਪੁਰ ਵਿਖੇ ਆਪੋ ਆਪਣੇ ਲਗਾਏ ਗਏ ਰਾਹਤ ਕੈਂਪ ਵਿਚ ਪਹੁੰਚੇ ਹਨ। ਵੱਡੀ ਰਾਹਤ ਸਮੱਗਰੀ ਲੈ ਕੇ ਪਹੁੰਚੇ ਬਾਪੂ ਤਰਸੇਮ ਸਿੰਘ ਦਾ ਕਹਿਣਾ ਹੈ ਕਿ ਇਸ ਦੁੱਖ ਦੀ ਘੜੀ ਵਿਚ ਅਕਾਲੀ ਦਲ ਵਾਰਸ ਪੰਜਾਬ ਦੇ ਪਾਰਟੀ ਵਲੋਂ ਹੜ੍ਹ ਪੀੜਤ ਲੋਕਾਂ ਦਾ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸਮੇਂ ਦੀ ਸਰਕਾਰ ਵੀ ਲੋਕ ਵਿਰੋਧੀ ਸਰਕਾਰ ਸਾਬਤ ਹੋਈ ਹੈ ਜਿਨ੍ਹਾਂ ਨੇ ਇਸ ਹੜ੍ਹ ਦੀ ਆਫਤ ਮੌਕੇ ਲੋਕਾਂ ਦਾ ਸਾਥ ਦੇਣ ਲਈ ਯਤਨਸ਼ੀਲ ਕਦਮ ਨਹੀਂ ਚੁੱਕੇ। ਇਸ ਮੌਕੇ ਭਾਈ ਜਸਬੀਰ ਸਿੰਘ ਰੋਡੇ ਨੇ ਕਿਹਾ ਕਿ ਬੇਹੱਦ ਦੁਖਦਾਈ ਸਮਾਂ ਹੈ, ਹੜ੍ਹ ਦੇ ਪਾਣੀ ਨੇ ਲੋਕਾਂ ਦਾ ਜਨ ਜੀਵਨ ਅਤੇ ਜਾਇਦਾਦਾਂ ਦਾ ਬੁਰੀ ਤਰ੍ਹਾਂ ਨੁਕਸਾਨ ਕਰ ਦਿੱਤਾ ਹੈ, ਫ਼ਸਲਾਂ ਤਬਾਹ ਕਰ ਦਿੱਤੀਆਂ ਹਨ। ਜਿਸ ਕਰਕੇ ਹੁਣ ਇਨਾਂ ਲੋਕਾਂ ਨੂੰ ਸਹਾਰੇ ਦੀ ਲੋੜ ਹੈ।