ਉਪ ਰਾਸ਼ਟਰਪਤੀ ਅਹੁਦੇ ਲਈ ਐਨ.ਡੀ.ਏ. ਉਮੀਦਵਾਰ ਸੀ.ਪੀ. ਰਾਧਾਕ੍ਰਿਸ਼ਨਨ ਨੇ ਨਾਮਜ਼ਦਗੀ ਪੱਤਰ ਕੀਤੇ ਦਾਖ਼ਲ

ਨਵੀਂ ਦਿੱਲੀ, 20 ਅਗਸਤ- ਉਪ ਰਾਸ਼ਟਰਪਤੀ ਅਹੁਦੇ ਲਈ ਐਨ.ਡੀ.ਏ. ਉਮੀਦਵਾਰ ਸੀ.ਪੀ. ਰਾਧਾਕ੍ਰਿਸ਼ਨਨ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇ.ਪੀ. ਨੱਢਾ, ਕੇਂਦਰੀ ਮੰਤਰੀ ਨਿਤਿਨ ਗਡਕਰੀ, ਕੇਂਦਰੀ ਮੰਤਰੀ ਕਿਰਨ ਰਿਜੀਜੂ, ਕੇਂਦਰੀ ਮੰਤਰੀ ਜੀਤਨ ਰਾਮ ਮਾਂਝੀ ਦੇ ਨਾਲ-ਨਾਲ ਭਾਜਪਾ ਅਤੇ ਐਨ.ਡੀ.ਏ. ਦੇ ਕਈ ਨੇਤਾ ਉਨ੍ਹਾਂ ਨਾਲ ਮੌਜੂਦ ਸਨ।
ਜਾਣਕਾਰੀ ਅਨੁਸਾਰ, ਪ੍ਰਧਾਨ ਮੰਤਰੀ ਮੋਦੀ ਨੇ ਰਿਟਰਨਿੰਗ ਅਧਿਕਾਰੀ ਨੂੰ ਨਾਮਜ਼ਦਗੀ ਪੱਤਰਾਂ ਦੇ 4 ਸੈੱਟ ਜਮਾਂ ਕਰਵਾਏ ਹਨ। ਨਾਮਜ਼ਦਗੀ ਪੱਤਰਾਂ ਦੇ ਇਨ੍ਹਾਂ ਚਾਰ ਸੈੱਟਾਂ ਵਿਚ ਪ੍ਰਧਾਨ ਮੰਤਰੀ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਜੇ.ਡੀ.ਯੂ. ਨੇਤਾ ਰਾਜੀਵ ਰੰਜਨ ਸਿੰਘ ਮੁੱਖ ਪ੍ਰਸਤਾਵਕ ਹਨ।
ਦੱਸ ਦੇਈਏ ਕਿ ਤਾਮਿਲਨਾਡੂ ਵਿਚ ਜਨਮੇ ਸੀ.ਪੀ. ਰਾਧਾਕ੍ਰਿਸ਼ਨਨ ਗੌਂਡਰ-ਕੋਂਗੂ ਵੇਲਾਰ ਯਾਨੀ ਓ.ਬੀ.ਸੀ. ਭਾਈਚਾਰੇ ਤੋਂ ਆਉਂਦੇ ਹਨ। ਉਹ ਤਾਮਿਲਨਾਡੂ ਤੋਂ ਉਪ ਰਾਸ਼ਟਰਪਤੀ ਬਣਨ ਵਾਲੇ ਤੀਜੇ ਨੇਤਾ ਹੋਣਗੇ। ਉਹ 1998 ਵਿਚ ਪਹਿਲੀ ਵਾਰ ਸੰਸਦ ਮੈਂਬਰ ਚੁਣੇ ਗਏ ਸਨ ਅਤੇ 2023 ਵਿਚ ਝਾਰਖੰਡ ਦੇ ਰਾਜਪਾਲ ਬਣੇ ਸਨ। 67 ਸਾਲਾ ਸੀ.ਪੀ. ਰਾਧਾਕ੍ਰਿਸ਼ਨਨ ਇਸ ਸਮੇਂ ਮਹਾਰਾਸ਼ਟਰ ਦੇ ਰਾਜਪਾਲ ਹਨ। ਝਾਰਖੰਡ ਦੀ ਜ਼ਿੰਮੇਵਾਰੀ ਸੰਭਾਲਦੇ ਹੋਏ, ਰਾਧਾਕ੍ਰਿਸ਼ਨਨ ਨੇ ਤੇਲੰਗਾਨਾ ਦੇ ਰਾਜਪਾਲ ਅਤੇ ਪੁਡੂਚੇਰੀ ਦੇ ਉਪ ਰਾਜਪਾਲ ਦਾ ਵਾਧੂ ਚਾਰਜ ਵੀ ਸੰਭਾਲਿਆ। ਸੀ.ਪੀ. ਰਾਧਾਕ੍ਰਿਸ਼ਨਨ ਕੋਲ ਵਪਾਰ ਪ੍ਰਸ਼ਾਸਨ ਵਿਚ ਬੈਚਲਰ ਦੀ ਡਿਗਰੀ ਹੈ।