ਪਿੰਡ ਸੜੋਆ ਦੇ ਨੌਜਵਾਨ ਦੀ ਇਟਲੀ ਤੋਂ ਘਰ ਪੁੱਜੀ ਲਾਸ਼

ਸੜੋਆ/ਨਵਾਂਸ਼ਹਿਰ, 16 ਅਗਸਤ (ਹਰਮੇਲ ਸਹੂੰਗੜਾ)-ਪਿਛਲੇ ਕਈ ਸਾਲਾਂ ਤੋਂ ਵਿਦੇਸ਼ ਗਏ ਚਰਨਜੀਤ ਸਿੰਘ ਪੁੱਤਰ ਮੀਤ ਸਿੰਘ ਵਾਸੀ ਸੜੋਆ ਆਪਣੇ ਪਰਿਵਾਰ ਲਈ ਇਟਲੀ ਦੇ ਰਿਜੋ ਸ਼ਹਿਰ ਵਿਚ ਰਹਿ ਰਿਹਾ ਸੀ। ਪਿਤਾ ਮੀਤ ਸਿੰਘ ਨੇ ਦੱਸਿਆ ਕਿ ਉਹ ਛੇ ਸਾਲਾਂ ਤੋਂ ਇਟਲੀ ਗਿਆ ਸੀ ਜੋ ਕਿ ਪਿਛਲੇ ਦੋ ਸਾਲਾਂ ਵਿਚ ਵਿਆਹ ਕਰਵਾ ਕੇ ਵਾਪਿਸ ਪਿਛਲੇ ਦੋ ਮਹੀਨਿਆਂ ਤੋਂ ਇਟਲੀ ਚਲਾ ਗਿਆ ਸੀ। ਉਨ੍ਹਾਂ ਦੱਸਿਆ ਕਿ ਜੁਲਾਈ ਦੀ 12 ਤਰੀਕ ਨੂੰ ਆਪਣੇ ਹੀ ਮਕਾਨ ਦੀ ਛੱਤ ਉਤੇ ਗਿਆ ਤੇ ਅਚਾਨਕ ਹੀ ਛੱਤ ਤੋਂ ਡਿੱਗਣ ਕਰਕੇ ਸਿਰ ਵਿਚ ਸੱਟ ਲੱਗ ਗਈ। ਬਾਅਦ ਵਿਚ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਇੰਡੀਆ ਆਉਣ ਦੀ ਤਿਆਰੀ ਕਰ ਰਿਹਾ ਸੀ ਤੇ ਜਦੋਂ ਸਾਨੂੰ ਮੌਤ ਦੀ ਖਬਰ ਮਿਲੀ ਤਾਂ ਸਾਡੇ ਚਾਅ ਮਨ ਦੇ ਧਰੇ ਧਰਾਏ ਰਹਿ ਗਏ।
ਅੱਜ ਪਿੰਡ ਸੜੋਆ ਵਿਖੇ ਉਸ ਦੀ ਲਾਸ਼ ਪਹੁੰਚਣ ਉਤੇ ਪਿੰਡ ਦਾ ਮਾਹੌਲ ਬਹੁਤ ਹੀ ਗਮਗੀਨ ਹੋ ਗਿਆ। ਮੌਤ ਦੀ ਖਬਰ ਸੁਣਦੇ ਹੀ ਪਿੰਡ ਦੇ ਪਤਵੰਤੇ ਸੱਜਣ ਤੇ ਰਿਸ਼ਤੇਦਾਰ ਇਕੱਠੇ ਸ਼ੁਰੂ ਹੋਣੇ ਹੋ ਗਏ। ਮ੍ਰਿਤਕ ਚਰਨਜੀਤ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਅੱਜ ਪਿੰਡ ਸੜੋਆ ਦੇ ਸ਼ਮਸ਼ਾਨਘਾਟ ਵਿਖੇ ਭਰੀਆਂ ਅੱਖਾਂ ਨਾਲ ਚਰਨਜੀਤ ਸਿੰਘ ਦਾ ਸਸਕਾਰ ਕੀਤਾ ਗਿਆ।