18-08-2025
ਦਸਮ ਪਾਤਿਸ਼ਾਹ
ਗੁਰੂ ਗੋਬਿੰਦ ਸਿੰਘ ਜੀ
ਲੇਖਕ : ਡਾ. ਸੁਖਦਿਆਲ ਸਿੰਘ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 350 ਰੁਪਏ, ਸਫ਼ੇ : 272
ਸੰਪਰਕ : 98158-80539
ਪੰਜ ਪੁਸਤਕਾਂ ਦੇ ਲੇਖਕ ਡਾ. ਸੁਖਦਿਆਲ ਸਿੰਘ ਨੇ ਇਤਿਹਾਸ ਦੇ ਖੇਤਰ ਵਿਚ ਬਹੁਤ ਹੀ ਮਹੱਤਵਪੂਰਨ ਅਤੇ ਸ਼ਲਾਘਾਯੋਗ ਕੰਮ ਕੀਤਾ ਹੈ। ਵਿਚਾਰਗੋਚਰੀ ਪੁਸਤਕ ਰਾਹੀਂ ਡਾ. ਸੁਖਦਿਆਲ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ, ਉਨ੍ਹਾਂ ਦੀ ਸਾਹਿਤ ਰਚਨਾ, ਖ਼ਾਲਸੇ ਦੀ ਸਾਜਨਾ, ਚਮਕੌਰ ਦੀ ਜੰਗ ਅਤੇ ਉਨ੍ਹਾਂ ਦੇ ਜੋਤੀ ਜੋਤ ਸਮਾਉਣ ਤੱਕ ਦੀ ਮੁਕੰਮਲ ਅਤੇ ਖੋਜ ਭਰਪੂਰ ਜਾਣਕਾਰੀ ਪਾਠਕਾਂ ਨਾਲ ਸਾਂਝੀ ਕੀਤੀ ਹੈ। ਭੂਮਿਕਾ ਤੋਂ ਇਲਾਵਾ ਪੁਸਤਕ ਦੇ 15 ਅਧਿਆਏ ਹਨ।
ਪਹਿਲਾ ਅਧਿਆਏ ਹੈ-'ਗੁਰੂ ਗੋਬਿੰਦ ਸਿੰਘ ਅਤੇ ਉਨ੍ਹਾਂ ਦਾ ਸਮਾਂ'। ਦੂਜਾ ਅਧਿਆਏ ਗੁਰੂ ਸਾਹਿਬ ਦੇ ਪਟਨਾ ਸਾਹਿਬ ਵਿਚ ਪ੍ਰਕਾਸ਼ ਧਾਰਨ ਅਤੇ ਬਚਪਨ ਦੇ ਚੋਜਾਂ ਬਾਰੇ ਹੈ। ਤੀਜੇ ਅਧਿਆਏ ਵਿਚ ਅਨੰਦਪੁਰ ਸਾਹਿਬ ਤੋਂ ਪਾਉਂਟਾ ਸਾਹਿਬ ਤੱਕ ਦਾ ਬਿਰਤਾਂਤ ਅਤੇ ਭੰਗਾਣੀ ਦੇ ਯੁੱਧ ਬਾਰੇ ਜ਼ਿਕਰ ਹੈ। ਚੌਥਾ ਅਧਿਆਏ ਅਨੰਦਪੁਰ ਸਾਹਿਬ ਦੀ ਪੁਨਰ-ਸਥਾਪਨਾ ਅਤੇ ਪੂਰਬ-ਖ਼ਾਲਸਾ ਲੜਾਈਆਂ ਨੂੰ ਬਿਆਨ ਕਰਦਾ ਹੈ। ਪੰਜਵਾਂ ਅਧਿਆਏ ਖ਼ਾਲਸੇ ਦੀ ਸਾਜਨਾ ਬਾਰੇ ਹੈ। ਸਫ਼ਾ 70 ਤੋਂ ਸਫ਼ਾ 93 ਤੱਕ ਦੇ ਅਧਿਆਏ ਵਿਚ ਅਨੰਦਪੁਰ ਸਾਹਿਬ ਦੀ ਜੰਗ (1700 ਈ. 1705 ਈ.) ਦਾ ਮੁਕੰਮਲ ਵੇਰਵਾ ਹੈ। ਅਗਲਾ ਅਧਿਆਏ ਚਮਕੌਰ ਸਾਹਿਬ ਦੀ ਅਸਾਵੀਂ ਜੰਗ ਬਾਰੇ ਹੈ।
'ਇਸ ਤਰ੍ਹਾਂ ਚਮਕੌਰ ਸਾਹਿਬ ਦੀ ਲੜਾਈ ਵਿਸ਼ਵ ਦੀਆਂ ਕੁੱਲ ਲੜਾਈਆਂ ਵਿਚੋਂ ਇਕ ਬੇਮਿਸਾਲ ਲੜਾਈ ਹੈ। ਇਹ ਦੋ ਧਿਰਾਂ ਦੀ ਬਹੁਤ ਹੀ ਅਸਾਵੀਂ ਲੜਾਈ ਸੀ। ਅਨੰਦਪੁਰ ਸਾਹਿਬ ਦੀ ਜੰਗ ਜਾਰੀ ਹੈ। (ਸਫ਼ਾ 105)। ਸਫ਼ਾ 106 ਤੋਂ ਸਫ਼ਾ 111 ਤੱਕ ਖਿਦਰਾਣੇ ਦੀ ਲੜਾਈ ਨੂੰ ਬਿਆਨਿਆ ਗਿਆ ਹੈ। ਅਗਲਾ ਅਧਿਆਏ ਗੁਰੂ ਸਾਹਿਬ ਦੀ ਔਰੰਗਜ਼ੇਬ ਨੂੰ ਫਾਰਸੀ ਵਿਚ ਲਿਖੀ ਚਿੱਠੀ 'ਜ਼ਫ਼ਰਨਾਮਾ' ਬਾਰੇ ਹੈ। ਜ਼ਫ਼ਰਨਾਮਾ ਦੇ ਫਾਰਸੀ ਸ਼ੇਅਰਾਂ ਦਾ ਪਾਠਕਾਂ ਦੀ ਸਹੂਲਤ ਲਈ ਪੰਜਾਬੀ ਵਿਚ ਉਲੱਥਾ ਕੀਤਾ ਗਿਆ ਹੈ। ਅਗਲਾ ਅਧਿਆਏ ਜ਼ਫ਼ਰਨਾਮਾ ਦੇ ਇਤਿਹਾਸਕ ਵਿਸ਼ਲੇਸ਼ਣ ਬਾਰੇ ਹੈ। ਤਲਵੰਡੀ ਸਾਬੋ ਅਤੇ ਮਾਲਵਾ ਵਿਚਲੇ ਦੌਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਪੁਨਰ ਸੰਪਾਦਨਾ, ਗੁਰੂ ਗੋਬਿੰਦ ਸਿੰਘ ਜੀ ਦੇ ਦੱਖਣ ਵੱਲ ਦੇ ਸਫ਼ਰ, ਆਗਰੇ ਤੋਂ ਕੂਚ ਅਤੇ ਨਾਂਦੇੜ ਸਾਹਿਬ ਤੱਕ ਪਹੁੰਚ ਹੋਰ ਅਧਿਆਏ ਹਨ। ਆਖ਼ਰੀ ਅਧਿਆਏ ਵਿਚ ਗੁਰੂ ਸਾਹਿਬ ਦੇ ਅੰਤਿਮ ਦਿਨ ਅਰਥਾਤ ਜੋਤੀ ਜੋਤ ਸਮਾਉਣ ਬਾਰੇ ਵਿਸਥਾਰਪੂਰਵਕ ਜ਼ਿਕਰ ਹੈ। ਸਫ਼ਾ 223 ਤੋਂ 232 ਤੱਕ ਦੇ ਅੰਤਿਕਾਵਾਂ (ਲੇਖ) ਹਨ। ਜਪੁ ਜੀ ਸਾਹਿਬ, ॥ ਜਾਪੁ ਸਾਹਿਬ॥ ਤ੍ਵ ਪ੍ਰਸਾਦਿ॥ ਸਵੱਯੇ॥ ਰਹਿਰਾਸ, ਰਾਮਕਲੀ ਮਹਲਾ 3 ਅਨੰਦੁ, ਅਰਦਾਸ ਅਤੇ ਸੋਹਿਲਾ ਬਾਣੀਆਂ ਨਾਲ ਪੁਸਤਕ ਸੰਪੂਰਨ ਹੁੰਦੀ ਹੈ। ਪੁਸਤਕ ਵਿਚ ਪ੍ਰਮਾਣਿਕ ਵਾਲੇ ਵੱਖ-ਵੱਖ ਗ੍ਰੰਥਾਂ ਤੋਂ ਕਾਵਿਕ ਰਚਨਾਵਾਂ ਅਤੇ ਮੰਨੇ-ਪ੍ਰਮੰਨੇ ਇਤਿਹਾਸਕਾਰਾਂ ਦੀਆਂ ਟਿੱਪਣੀਆਂ ਪੁਸਤਕ ਨੂੰ ਹੋਰ ਰੌਚਕ ਬਣਾਉਂਦੀਆਂ ਹਨ। ਮੇਰੀ ਜਾਚੇ ਡਾ. ਸੁਖਦਿਆਲ ਸਿੰਘ ਦੀ ਇਤਿਹਾਸ ਦੇ ਖੇਤਰ ਵਿਚ ਇਹ ਇਕ ਹੋਰ ਵਿਲੱਖਣ ਦੇਣ ਹੈ।
-ਤੀਰਥ ਸਿੰਘ ਢਿੱਲੋਂ
ਮੋਬਾਈਲ : 98154-61710
ਅੱਖਾਂ ਲੱਭਦੇ ਸੁਫ਼ਨੇ
ਗ਼ਜ਼ਲਕਾਰ : ਬਲਦੇਵ ਸਿੰਘ 'ਬੱਦਨ'
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 300 ਰੁਪਏ, ਸਫ਼ੇ : 152
ਸੰਪਰਕ : 99588-31357
ਨੈਸ਼ਨਲ ਬੁੱਕ ਟਰੱਸਟ, ਦਿੱਲੀ ਦੀ ਵਾਗਡੋਰ ਲੰਬਾ ਸਮਾਂ ਬਲਦੇਵ ਸਿੰਘ 'ਬੱਦਨ' ਦੇ ਹੱਥ ਰਹੀ ਹੈ, ਜਿਸ ਕਾਰਨ ਉਹ ਪੰਜਾਬੀ ਸਾਹਿਤ ਨਾਲ ਨੇੜਿਓਂ ਜੁੜਿਆ ਹੀ ਨਹੀਂ ਰਿਹਾ ਸਗੋਂ ਉਸ ਨੂੰ ਦਰਜਨਾਂ ਕਿਤਾਬਾਂ ਦੀ ਸੰਪਾਦਨਾ ਕਰਨ ਦਾ ਮੌਕਾ ਵੀ ਮਿਲਿਆ ਹੈ। ਇਸ ਦੇ ਨਾਲ ਉਸ ਨੇ ਆਪਣੇ ਹਿੱਸੇ ਦੀ ਸਾਹਿਤ ਸਿਰਜਣਾ ਵੀ ਕੀਤੀ ਹੈ। ਵਾਰਤਕ 'ਤੇ ਤਾਂ ਉਸ ਨੂੰ ਮੁਹਾਰਤ ਹਾਸਿਲ ਸੀ ਹੀ ਸਮਾਂ ਪਾ ਕੇ ਕਵਿਤਾ ਨੇ ਵੀ ਉਸ ਨੂੰ ਅਪਣਾ ਲਿਆ। ਥੋੜ੍ਹੇ ਫ਼ਾਸਲੇ ਨਾਲ ਗ਼ਜ਼ਲ ਵੀ ਉਸ ਦੀ ਤਬੀਅਤ ਦਾ ਹਿੱਸਾ ਬਣ ਗਈ। ਵਾਰਤਕ, ਸੰਪਾਦਿਤ ਤੇ ਕਾਵਿ-ਪੁਸਤਕਾਂ ਨੂੰ ਛੱਡ ਕੇ 'ਅੱਖਾਂ ਲੱਭਦੇ ਸੁਫ਼ਨੇ' ਉਸ ਦਾ ਦੂਸਰਾ ਗ਼ਜ਼ਲ ਸੰਗ੍ਰਹਿ ਹੈ। ਇਸ ਸੰਗ੍ਰਹਿ ਵਿਚ 'ਬੱਦਨ' ਦੀਆਂ ਇਕ ਸੌ ਅੱਠ ਗ਼ਜ਼ਲਾਂ ਸ਼ਾਮਿਲ ਹਨ। 'ਅੱਖਾਂ ਲੱਭਦੇ ਸੁਫ਼ਨੇ' ਦੀ ਪਹਿਲੀ ਗ਼ਜ਼ਲ ਹੀ ਪਾਠਕ 'ਤੇ ਆਪਣਾ ਖ਼ੂਬਸੂਰਤ ਪ੍ਰਭਾਵ ਛੱਡਦੀ ਹੈ, ਇਸ ਦੇ ਤਮਾਮ ਸ਼ਿਅਰ ਹਨੇਰੀ ਫ਼ਜ਼ਾ ਵਿਚ ਦੀ ਹੁੰਦੇ ਹੋਏ ਕੱਚੇ ਰਸਤਿਆਂ ਤੇ ਪਗਡੰਡੀਆਂ ਦਾ ਸਫ਼ਰ ਤੈਅ ਕਰਦਿਆਂ ਰੌਸ਼ਨੀ ਦੀ ਤਲਾਸ਼ ਕਰਦੇ ਮਾਲੂਮ ਹੁੰਦੇ ਹਨ। ਦੂਸਰੀ ਗ਼ਜ਼ਲ ਚੁਸਤ ਬੰਦਿਸ਼ ਵਾਲੀ ਤੇ ਕਈ ਸਵਾਲ ਖੜ੍ਹੇ ਕਰਦੀ ਹੈ। ਇੰਝ ਹੀ ਬਾਕੀ ਗ਼ਜ਼ਲਾਂ ਧਿਆਨ ਖਿੱਚਦੀਆਂ ਹਨ ਤੇ ਪੜ੍ਹਨ ਵਾਲੇ ਨੂੰ ਆਪਣੇ ਨਾਲ-ਨਾਲ ਤੋਰ ਲੈਂਦੀਆਂ ਹਨ। ਸਮੁੱਚੀਆਂ ਗ਼ਜ਼ਲਾਂ ਬਲਦੇਵ ਸਿੰਘ 'ਬੱਦਨ' ਦੇ ਗ਼ਜ਼ਲ ਸੰਬੰਧੀ ਅਧਿਐਨ ਦੀ ਸ਼ਨਾਖ਼ਤ ਕਰਦੀਆਂ ਹਨ। ਗ਼ਜ਼ਲ ਦੀਆਂ ਕੁਝ ਸੀਮਾਵਾਂ ਹੁੰਦੀਆਂ ਹਨ ਜੇ ਇਨ੍ਹਾਂ ਨੂੰ ਅੱਖੋਂ ਪਰੋਖੇ ਕਰ ਦਿੱਤਾ ਜਾਵੇ ਤਾਂ ਰਚਨਾ ਨੂੰ ਗ਼ਜ਼ਲ ਕਹਿਣਾ ਉੱਚਿਤ ਨਹੀਂ ਹੈ। ਇਸ ਪੱਖ ਤੋਂ ਇਹ ਪੁਸਤਕ ਗ਼ਜ਼ਲ ਦੀ ਜਾਣਕਾਰੀ ਰੱਖਣ ਵਾਲਿਆਂ ਨੂੰ ਵੀ ਸੰਤੁਸ਼ਟ ਕਰੇਗੀ, ਅਜਿਹਾ ਮੇਰਾ ਵਿਸ਼ਵਾਸ ਹੈ। ਬਲਦੇਵ ਸਿੰਘ 'ਬੱਦਨ' ਦੇ ਇਸ ਗ਼ਜ਼ਲ ਸੰਗ੍ਰਹਿ ਦੀ ਸਭ ਤੋਂ ਵੱਡੀ ਖ਼ੂਬੀ ਇਸ ਦਾ ਲੋਕ-ਭਾਵਨਾਵਾਂ ਨਾਲ ਲਬਰੇਜ਼ ਹੋਣਾ ਹੈ, ਉਸ ਦੇ ਬਹੁਤੇ ਸ਼ਿਅਰ ਥੁੜੇ-ਟੁੱਟੇ ਲੋਕਾਂ ਲਈ ਹਨ ਤੇ ਉਨ੍ਹਾਂ ਨੂੰ ਜੂਝਣ ਦੀ ਊਰਜਾ ਪ੍ਰਦਾਨ ਕਰਦੇ ਹਨ। ਉਸ ਅਨੁਸਾਰ ਅਹਿਸਾਸ ਵਿਹੂਣਾ ਬੰਦਾ ਮੁਰਦਿਆਂ ਬਰਾਬਰ ਹੈ ਤੇ ਮੁਸ਼ਕਿਲਾਂ ਨੂੰ ਲਿਤਾੜ ਕੇ ਹੀ 'ਬੇਗਮਪੁਰੇ' ਦੀ ਸਿਰਜਣਾ ਹੋ ਸਕਦੀ ਹੈ। ਗ਼ਜ਼ਲਕਾਰ ਇਤਿਹਾਸਕ ਘਟਨਾਵਾਂ ਦੀ ਚੋਖੀ ਜਾਣਕਾਰੀ ਰੱਖਦਾ ਹੈ ਤੇ ਸਮਾਜ ਦੇ ਅਸਾਵੇਂਪਨ ਦੇ ਕਾਰਨਾਂ ਦੀ ਉਸ ਨੂੰ ਸਮਝ ਹੈ। ਇਹ ਸੰਗ੍ਰਹਿ ਸਿਰਫ਼ ਪੜ੍ਹਨ ਲਈ ਹੀ ਨਹੀਂ, ਬਲਕਿ ਚੇਤਨਤਾ ਦੇ ਬੀਜ ਬੀਜਣ ਲਈ ਵੀ ਮਹੱਤਵਪੂਰਨ ਹੈ।
-ਗੁਰਦਿਆਲ ਰੌਸ਼ਨ
ਮੋਬਾਈਲ : 99884-44002
ਸਫ਼ਲਤਾ ਦੀ ਕੁੰਜੀ
ਅਨੁਵਾਦਕ : ਕਰਮ ਸਿੰਘ ਜ਼ਖਮੀ
ਪ੍ਰਕਾਸ਼ਨ : ਨਵਰੰਗ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 150 ਰੁਪਏ, ਸਫ਼ੇ : 111
ਸੰਪਰਕ : 98146-28027
ਹਰ ਮਨੁੱਖ ਦੀ ਜ਼ਿੰਦਗੀ ਦਾ ਇਕ ਟੀਚਾ ਹੁੰਦਾ ਹੈ ਅਤੇ ਮਨੁੱਖ ਆਪਣੇ ਟੀਚੇ ਤੱਕ ਪਹੁੰਚਣ ਲਈ ਹਰ ਸੰਭਵ ਯਤਨ ਵੀ ਕਰਦਾ ਹੈ ਅਤੇ ਮਨੁੱਖ ਆਪਣੀ ਹਿੰਮਤ ਅਤੇ ਪ੍ਰੇਰਣਾ ਸਦਕਾ ਆਪਣੇ ਨਿਸ਼ਚਿਤ ਟੀਚੇ ਨੂੰ ਹਾਸਿਲ ਵੀ ਕਰਦਾ ਹੈ। ਪੁਸਤਕ ਸਫ਼ਲਤਾ ਦੀ ਕੁੰਜੀ ਅਜਿਹੇ ਪ੍ਰੇਰਣਾਦਾਇਕ ਵਿਚਾਰਾਂ ਨਾਲ ਭਰਪੂਰ ਹੈ। ਇਸ ਪੁਸਤਕ ਦੇ ਲੇਖਕ ਸਵੇਟ ਮਾਰਡਨ ਹਨ। ਅਜਿਹੀਆਂ ਕਈ ਪੁਸਤਕਾਂ ਲਿਖੀਆਂ ਹਨ, ਜਿਨ੍ਹਾਂ ਨੂੰ ਪੜ੍ਹ ਕੇ ਕਈ ਮਨੁੱਖਾਂ ਦੀ ਜ਼ਿੰਦਗੀ ਵਿਚ ਹੈਰਾਨੀਜਨਕ ਤਬਦੀਲੀ ਆਈ। ਹਥਲੀ ਪੁਸਤਕ ਵਿਚ ਵੀ 14 ਪਾਠ ਹਨ ਤੇ ਹਰ ਪਾਠ ਵਿਚ ਇਕ ਨਵੀਂ ਉਮੀਦ ਇਕ ਨਵਾਂ ਜਜ਼ਬਾ ਅਤੇ ਨਵਾਂ ਵਿਚਾਰ ਪੇਸ਼ ਕੀਤਾ ਹੈ ਤਾਂ ਜੋ ਪੜ੍ਹਨ ਵਾਲਾ ਹਰ ਮਨੁੱਖ ਆਪਣੀ ਹਸਤੀ ਨੂੰ ਪਛਾਣੇ ਅਤੇ ਜ਼ਿੰਦਗੀ ਨੂੰ ਨਵੇਂ ਨਜ਼ਰੀਏ ਤੋਂ ਵੇਖਣ ਦੀ ਕੋਸ਼ਿਸ਼ ਕਰੇ। ਇਸ ਪੁਸਤਕ ਵਿਚ ਲੇਖਕ ਨੇ ਮਨੁੱਖ ਨੂੰ ਆਪਣੀ ਅੰਤਰੀਵ ਸ਼ਕਤੀ ਨੂੰ ਪਛਾਨਣ ਦੀ ਗੱਲ ਕਰਦੇ ਹੋਏ ਮਨੁੱਖ ਨੂੰ ਆਪਣੇ ਆਪੇ ਤੋਂ ਪ੍ਰੇਰਿਤ ਹੋਣ ਦੀ ਸਿੱਖਿਆ ਦਿੱਤੀ ਹੈ ਤੇ ਨਾਲ ਹੀ ਨਾਲ ਇਹ ਦੱਸਿਆ ਹੈ ਕਿ ਆਪਣੀ ਸਫ਼ਲਤਾ ਅਸਫ਼ਲਤਾ ਲਈ ਮਨੁੱਖ ਆਪ ਜ਼ਿੰਮੇਵਾਰ ਹੈ ਇਥੋਂ ਤੱਕ ਕਿ ਮਨੁੱਖ ਆਪਣੇ ਹਾਸੇ, ਸੱਖ -ਦੁੱਖ ਲਈ ਵੀ ਆਪ ਜ਼ਿੰਮੇਵਾਰ ਹੈ। ਮਨੁੱਖ ਨੇ ਆਪਣੇ ਟੀਚੇ ਵਿਚ ਕਿਵੇਂ ਕਾਮਯਾਬ ਹੋਣਾ ਹੈ ਇਹ ਮਨੁੱਖ ਆਪ ਤੈਅ ਕਰੇ ਅਤੇ ਆਪ ਨਿਸ਼ਚਤ ਕਰੇ ਕਿ ਉਸ ਨੇ ਟੀਚੇ ਤੱਕ ਕਿਵੇਂ ਪਹੁੰਚਣਾ ਹੈ। ਪੁਸਤਕ ਵਿਚ ਅਨੇਕਾਂ ਹੀ ਉਦਾਹਰਨਾਂ ਰਾਹੀਂ ਅਤੇ ਸੰਸਾਰ ਦੇ ਸਫਲ ਬੰਦਿਆਂ ਦੀ ਜ਼ਿੰਦਗੀ ਦੇ ਕਿੱਸਿਆਂ ਰਾਹੀਂ ਲੇਖਕ ਨੇ ਬਹੁਤ ਹੀ ਹੌਂਸਲਾ ਅਫਜ਼ਾਈ ਭਰਪੂਰ ਕਾਰਜ ਕਰਨ ਅਤੇ ਸਫਲ ਹੋਣ ਦੀ ਹੱਲਾਸ਼ੇਰੀ ਵੀ ਦਿੱਤੀ ਹੈ। ਲੇਖਕ ਅਨੁਸਾਰ ਮਨੁੱਖ ਅੰਦਰ ਜੇਕਰ ਕਿਸੇ ਟੀਚੇ ਨੂੰ ਹਾਸਿਲ ਕਰਨ ਦਾ ਜਜ਼ਬਾ ਹੋਵੇ ਤਾਂ ਦੁਨੀਆ ਦੀ ਕੋਈ ਵੀ ਸ਼ਕਤੀ ਉਸ ਨੂੰ ਮਾਤ ਨਹੀਂ ਦੇ ਸਕਦੀ, ਜੇਕਰ ਮਨੁੱਖ ਆਪ ਹਾਰ ਨਾ ਮੰਨੇ। ਸਭ ਤੋਂ ਪਹਿਲੇ ਪਾਠ ਵਿਚ ਹੀ ਲੇਖਕ ਕਹਿੰਦਾ ਹੈ ਕਿ ਮਨੁੱਖ ਨੂੰ ਇਹ ਸ਼ੱਕ ਆਪਣੇ ਅੰਦਰੋਂ ਕੱਢ ਦੇਣਾ ਚਾਹੀਦਾ ਹੈ ਕਿ ਕੋਈ ਕੰਮ ਮਨੁੱਖ ਦੀ ਪਹੁੰਚ ਤੋਂ ਬਾਹਰ ਹੈ। ਆਪਣੇ ਮਨ ਵਿਚੋਂ ਘ੍ਰਿਣਾ, ਈਰਖਾ, ਗੁੱਸਾ, ਚਿੰਤਾ ਪ੍ਰੇਸ਼ਾਨੀ ਨੂੰ ਦੂਰ ਕਰਕੇ ਕੋਈ ਮਨੁੱਖ ਆਪਣੀ ਮੰਜ਼ਿਲ ਵੱਲ ਬੜੀ ਸਹਿਜਤਾ ਨਾਲ ਵਧ ਸਕਦਾ ਹੈ ਅਤੇ ਮੰਜ਼ਿਲ ਸਰ ਵੀ ਕਰ ਸਕਦਾ ਹੈ। ਕੁੱਲ ਮਿਲਾ ਕੇ ਇਹ ਪੁਸਤਕ ਇਕ ਬਹੁਤ ਵਧੀਆ ਅਤੇ ਲਾਜਵਾਬ ਵਿਚਾਰਾਂ ਨਾਲ ਭਰਪੂਰ ਹੈ।
-ਡਾ. ਜਸਬੀਰ ਕੌਰ
ਮੋਬਾਈਲ : 98721-17774
ਬੰਦੇ ਦਾ ਮੁੱਲ
ਲੇਖਕ : ਡਾ. ਕੇਵਲ ਰਾਮ ਨਵਾਂਸ਼ਹਿਰ
ਪ੍ਰਕਾਸ਼ਕ : ਸਹਿਜ ਪਬਲੀਕੇਸ਼ਨਜ਼ ਸਮਾਣਾ
ਮੁੱਲ : 200 ਰੁਪਏ, ਸਫ਼ੇ : 90
ਸੰਪਰਕ : 94634-05229
ਪੰਜਾਬੀ ਭਾਸ਼ਾ ਦੇ ਅਧਿਆਪਕ ਵਜੋਂ ਕਾਰਜਸ਼ੀਲ ਡਾਕਟਰ ਕੇਵਲ ਰਾਮ ਨਵਾਂਸ਼ਹਿਰ ਕੇਵਲ ਅਧਿਆਪਨ ਦੇ ਖੇਤਰ ਵਿਚ ਹੀ ਨਹੀਂ, ਸਗੋਂ ਸਾਹਿਤ ਸੇਵਾ ਪ੍ਰਤੀ ਵੀ ਸਮਰਪਣ ਭਾਵ ਨਾਲ ਬੜੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਸਾਹਿਤ ਦੀ ਸੰਪਾਦਨਾ, ਕਵਿਤਾ ਅਤੇ ਵਾਰਤਕ ਵਿਧਾਵਾਂ ਦੇ ਕਲਮਕਾਰ ਇਸ ਲੇਖਕ ਨੇ ਤਿੰਨ ਪੁਸਤਕਾਂ ਦੀ ਸਿਰਜਣਾ ਕਰਕੇ ਜਿੱਥੇ ਮਾਂ ਬੋਲੀ ਪੰਜਾਬੀ ਦਾ ਮਾਣ ਵਧਾਇਆ ਹੈ, ਉੱਥੇ ਆਪਣੀ ਵੱਖਰੀ ਪਹਿਚਾਣ ਵੀ ਸਥਾਪਿਤ ਕੀਤੀ ਹੈ। ਨਾਮਵਰ ਕਹਾਣੀਕਾਰ ਅਜਮੇਰ ਸਿੱਧੂ ਦੇ ਕਹਾਣੀ ਜਗਤ ਉੱਤੇ ਉਸ ਦਾ ਖੋਜ ਕਾਰਜ ਉਸ ਦੇ ਡੂੰਘੇ ਅਧਿਐਨ ਅਤੇ ਵਿਸ਼ਲੇਸ਼ਣ ਨੂੰ ਪ੍ਰਮਾਣਿਤ ਕਰਦਾ ਹੈ। ਉਸ ਨੇ ਆਪਣਾ ਇਹ ਮਿੰਨੀ ਕਹਾਣੀ ਸੰਗ੍ਰਹਿ ਸਥਾਪਿਤ ਕਹਾਣੀਕਾਰ ਅਜਮੇਰ ਸਿੱਧੂ ਨੂੰ ਸਮਰਪਿਤ ਕਰਨ ਦੇ ਨਾਲ-ਨਾਲ ਆਪਣੇ ਸਹਿਯੋਗੀਆਂ ਦਾ ਧੰਨਵਾਦ ਵੀ ਕੀਤਾ ਹੈ। 35 ਮਿੰਨੀ ਕਹਾਣੀਆਂ ਦੇ ਉਸ ਦੇ ਇਸ ਪਲੇਠੇ ਕਹਾਣੀ ਸੰਗ੍ਰਹਿ 'ਚ ਉਸ ਦੀ ਸਾਹਿਤਕ ਸਿਰਜਨਾਤਮਕ ਪ੍ਰਤਿਭਾ ਝਲਕਦੀ ਹੈ। ਨਾਮਵਰ ਸਾਹਿਤਕਾਰਾਂ ਡਾਕਟਰ ਜੇ. ਬੀ. ਸੇਖੋਂ ਅਤੇ ਡਾਕਟਰ ਹਰਪ੍ਰੀਤ ਰਾਣਾ ਵਲੋਂ ਇਸ ਪੁਸਤਕ ਬਾਰੇ ਲਿਖਣਾ ਇਸ ਨੂੰ ਪੁਖਤਗੀ ਪ੍ਰਦਾਨ ਕਰਦਾ ਹੈ। ਗਰੀਬ ਅਤੇ ਮੱਧ ਵਰਗੀ ਲੋਕਾਂ ਦੇ ਜੀਵਨ ਦੇ ਰੋਜ਼-ਮਰਾ ਦੇ ਵਰਤ-ਵਰਤਾਰੇ 'ਚ ਸੰਗਤੀਆਂ-ਵਿਸੰਗਤੀਆਂ, ਅਨਿਆਂ, ਭ੍ਰਿਸ਼ਟਾਚਾਰ, ਸ਼ੋਸ਼ਣ, ਆਰਥਿਕ ਮੰਦਹਾਲੀ, ਪਰਿਵਾਰਕ ਕਾਟੋ-ਕਲੇਸ਼ ਅਤੇ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਨੂੰ ਆਪਣੀਆਂ ਮਿੰਨੀ ਕਹਾਣੀਆਂ ਦਾ ਵਿਸ਼ਾ ਚੁਣਨਾ ਉਸ ਦੀ ਸਮਾਜਿਕ ਫ਼ਿਕਰਮੰਦੀ ਅਤੇ ਸੰਵੇਦਨਸ਼ੀਲ ਸੋਚ ਦੀ ਗਵਾਹੀ ਭਰਦਾ ਹੈ।
ਉਸ ਦੀਆਂ ਕਹਾਣੀਆਂ ਸਮਾਜ ਦੇ ਅਣਗੌਲੇ ਵਰਗ ਦੇ ਲੋਕਾਂ ਪ੍ਰਤੀ ਉਸ ਦੀ ਚਿੰਤਾ ਤੇ ਚਿੰਤਨ ਨੂੰ ਦਰਸਾਉਣ ਦੇ ਨਾਲ-ਨਾਲ ਸਮੇਂ ਦੀਆਂ ਸਰਕਾਰਾਂ ਨੂੰ ਅਪ੍ਰਤੱਖ ਰੂਪ 'ਚ ਉਸ ਆਦਰਸ਼ ਸਮਾਜ ਦੀ ਸਿਰਜਣਾ ਦਾ ਸੁਨੇਹਾ ਦਿੰਦੀਆਂ ਹਨ, ਜਿਸ 'ਚ ਉਨ੍ਹਾਂ ਲੋਕਾਂ ਨੂੰ ਇਨ੍ਹਾਂ ਸਮਾਜਿਕ ਬੁਰਾਈਆਂ ਦਾ ਸੰਤਾਪ ਨਾ ਭੋਗਣਾ ਪਵੇ। ਇਸ ਕਹਾਣੀ ਸੰਗ੍ਰਹਿ ਦੇ ਸਿਰਲੇਖ ਵਾਲੀ ਮਿੰਨੀ ਕਹਾਣੀ 'ਬੰਦੇ ਦਾ ਮੁੱਲ' ਦੁਰਘਟਨਾ ਵਿਚ ਮਾਰੇ ਗਏ ਬੰਦੇ ਦੇ ਕਸੂਰਵਾਰ ਲੋਕਾਂ, ਪਰਿਵਾਰਕ ਮੈਂਬਰਾਂ ਅਤੇ ਅਦਾਲਤ ਦੇ ਫ਼ੈਸਲੇ ਨੂੰ ਲੈ ਕੇ ਹੋਏ ਸੰਵਾਦ ਨੂੰ ਪੇਸ਼ ਕਰਕੇ ਦੇਸ਼ ਦੇ ਕਾਨੂੰਨ, ਲਾਲਚ ਅਤੇ ਲੋਕਾਂ ਦੀ ਮਾਨਸਿਕਤਾ ਉੱਤੇ ਵਿਅੰਗ ਕੱਸ ਕੇ ਕੌੜੀ ਸਚਾਈ ਦੀ ਤਸਵੀਰ ਦਾ ਨਕਸ਼ਾ ਪੇਸ਼ ਕੀਤਾ ਹੈ। ਇਸੇ ਤਰ੍ਹਾਂ ਨਿਕੰਮਾ ਬੰਦਾ, ਕੋਰਟ ਕੇਸ, ਪੁਨਰ ਜਨਮ, ਸਟੇਟ ਐਵਾਰਡ, ਪੋਸਟ ਮਾਰਟਮ, ਅਸਲੀ ਥਾਂ, ਦਰਵੇਸ਼ ਅਫ਼ਸਰ, ਮਜ਼ਦੂਰ ਦਿਵਸ, ਕਰਜ਼ਾਈ, ਪੁਖਤਾ ਪ੍ਰਬੰਧ ਅਤੇ ਰੰਗ ਦਾ ਮੁੱਲ ਕਹਾਣੀਆਂ ਸਮਾਜਿਕ ਵਰਤਾਰਿਆਂ ਦੀ ਪੁਣ-ਛਾਣ ਕਰਦੀਆਂ ਹੋਈਆਂ ਸਮਾਜ ਦੀਆਂ ਤਲਖ਼ ਹਕੀਕਤਾਂ ਨਾਲ ਰੂ-ਬਰੂ ਕਰਵਾਉਂਦੀਆਂ ਹਨ। ਇਹ ਕਹਾਣੀਆਂ ਕਿਸੇ ਕਲਪਨਾ ਲੋਕ ਨਾਲ ਜੁੜੀਆਂ ਨਹੀਂ, ਸਗੋਂ ਸਮਾਜਿਕ ਬੁਰਾਈਆਂ 'ਚ ਪਿਸ ਰਹੇ ਜਿਊਂਦੇ ਜਾਗਦੇ ਲੋਕਾਂ ਦੀ ਜ਼ਿੰਦਗੀ ਦਾ ਹਾਲ ਬਿਆਨ ਕਰ ਰਹੀਆਂ ਹਨ। ਕਹਾਣੀਆਂ ਦੇ ਪਾਤਰ ਆਪਣੀਆਂ ਅੱਖਾਂ ਸਾਹਮਣੇ ਵਿਚਰਦੇ ਜਾਪਦੇ ਹਨ । ਇਹ ਛੋਟੀਆਂ ਕਹਾਣੀਆਂ ਵੱਡੇ ਸੁਨੇਹੇ ਦਿੰਦੀਆਂ ਜਾਪਦੀਆਂ ਹਨ। ਪਾਤਰਾਂ ਦੇ ਚਰਿੱਤਰ ਅਨੁਸਾਰ ਸ਼ਬਦ ਚੋਣ, ਉਨ੍ਹਾਂ ਦੇ ਆਪਸੀ ਸੰਵਾਦ ਸੁਆਦਲੀ ਸ਼ਬਦਾਵਲੀ ਅਤੇ ਪੇਸ਼ਕਾਰੀ ਲੇਖਕ ਦੀ ਭਾਸ਼ਾ ਉੱਤੇ ਪਕੜ ਅਤੇ ਕਹਾਣੀ ਕਲਾ ਵਿਚ ਨਿਪੁੰਨਤਾ ਨੂੰ ਜ਼ਾਹਿਰ ਕਰਦੇ ਹਨ।
-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726-27136
ਤਾਰ 'ਤੇ ਟਕਰਾਅ ਨਾਲ ਵੱਜਣ ਵਾਲੇ ਲੋਕ-ਸਾਜ਼
ਲੇਖਕ : ਕੁੰਦਨ ਲਾਲ ਭੱਟੀ
ਪ੍ਰਕਾਸ਼ਕ : ਸ਼ਾਈਨ ਬੁੱਕ ਪਬਲਿਸ਼ਿੰਗ, ਬਿਲਾਸਪੁਰ (ਛੱਤੀਸਗੜ੍ਹ)
ਮੁੱਲ : 199 ਰੁਪਏ, ਸਫ਼ੇ : 69
ਸੰਪਰਕ : 9478590189
ਲੋਕ-ਮਨੋਰੰਜਨ ਦੀ ਦ੍ਰਿਸ਼ਟੀ ਤੋਂ ਵੰਨ-ਸੁਵੰਨੇ ਲੋਕ-ਸਾਜ਼ਾਂ ਦੀ ਵਿਸ਼ੇਸ਼ ਅਹਿਮੀਅਤ ਹੈ। ਲੋਕ ਸਾਜ਼ਾਂ ਦੇ ਮਾਧਿਅਮ ਰਾਹੀਂ ਗੀਤਾਂ ਤੇ ਨਾਚਾਂ ਵਿਚਲੀ ਭਾਵਨਾ ਸਾਕਾਰ ਹੁੰਦੀ ਹੈ। ਦੂਜੇ ਸ਼ਬਦਾਂ ਵਿਚ ਲੋਕ-ਸਾਜ਼ ਆਵਾਮ ਨੂੰ ਸਕੂਨ ਹੀ ਪ੍ਰਦਾਨ ਨਹੀਂ ਕਰਦੇ ਸਗੋਂ ਇਨ੍ਹਾਂ ਰਾਹੀਂ ਲੋਕਾਂ ਦੀਆਂ ਭਾਵਨਾਵਾਂ ਵੀ ਇਕਮਿਕ ਹੋ ਜਾਂਦੀਆਂ ਹਨ। ਇਸਲਾਮੀ ਸੱਭਿਆਚਾਰ ਨੇ ਇਨ੍ਹਾਂ ਲੋਕ ਸਾਜ਼ਾਂ ਦੀ ਵਿਕਾਸ ਯਾਤਰਾ ਵਿਚ ਯਥਾਯੋਗ ਭੂਮਿਕਾ ਨਿਭਾਈ ਹੈ। ਪੰਜਾਬੀ ਬਾਲ ਸਾਹਿਤ ਨਾਲ ਵਬਸਤਾ ਕਲਮਕਾਰ ਕੁੰਦਨ ਲਾਲ ਭੱਟੀ ਵਕਤਨ-ਬ-ਵਕਤਨ ਪੰਜਾਬ ਦੀ ਲੋਕ-ਸੱਭਿਆਚਾਰਕ ਵਿਰਾਸਤ ਨੂੰ ਵੀ ਆਪਣੀਆਂ ਲਿਖਤਾਂ ਰਾਹੀਂ ਸਾਹਮਣੇ ਲਿਆਉਂਦਾ ਰਹਿੰਦਾ ਹੈ। ਇਸ ਸੰਦਰਭ ਵਿਚ ਉਸ ਦੀ ਤਾਜ਼ਾ ਤਰੀਨ ਪੁਸਤਕ 'ਤਾਰ 'ਤੇ ਟਕਰਾਅ ਨਾਲ ਵੱਜਣ ਵਾਲੇ ਲੋਕ-ਸਾਜ਼' ਮੇਰੇ ਸਨਮੁਖ ਹੈ। ਇਸ ਤੋਂ ਪਹਿਲਾਂ ਵੀ ਇਸੇ ਸਿਲਸਿਲੇ ਨਾਲ ਸੰਬੰਧਿਤ ਉਸ ਦੀਆਂ 2 ਹੋਰ ਪੁਸਤਕਾਂ 'ਲੋਕ-ਸਾਜ਼ ਭਾਗ-1' ਅਤੇ 'ਟਕਰਾਅ ਨਾਲ ਵੱਜਣ ਵਾਲੇ ਲੋਕ-ਸਾਜ਼' ਮੰਜ਼ਰ-ਇ-ਆਮ ਤੇ ਆ ਚੁੱਕੀਆਂ ਹਨ।
ਕੁੰਦਨ ਲਾਲ ਭੱਟੀ ਦੀ ਹਥਲੀ ਪੁਸਤਕ ਵਿਚ ਉਨ੍ਹਾਂ ਲੋਕ-ਸਾਜ਼ਾਂ ਦੀ ਵਿਸਤ੍ਰਿਤ ਚਰਚਾ ਕੀਤੀ ਗਈ ਹੈ ਜੋ ਮੂਲ ਰੂਪ ਵਿਚ ਤਾਰ ਤੇ ਟਕਰਾਅ ਨਾਲ ਵੱਜਦੇ ਹਨ। ਇਨ੍ਹਾਂ ਵਿਚ ਤੂੰਬੀ, ਸਾਰੰਗੀ, ਰਬਾਬ ਅਤੇ ਬੁਘਚੂ (ਬੁਗਦੂ) ਆਦਿ ਸ਼ਾਮਿਲ ਹਨ। ਪੰਜਾਬੀ ਸੱਭਿਆਚਾਰ ਵਿਚ ਲੋਕ ਸਾਜ਼ਾਂ ਦੀ ਸੁੰਦਰਤਾ, ਅਮੀਰੀ ਅਤੇ ਵੱਖਰਤਾ ਨੂੰ ਦ੍ਰਿਸ਼ਟਮਾਨ ਕਰਨ ਲਈ ਲੇਖਕ ਨੇ ਇਨ੍ਹਾਂ ਸਾਜ਼ਾਂ ਦੀ ਬਣਤਰ, ਬੁਣਤਰ ਵਿਚ ਤਾਰ ਦੇ ਵਿਸ਼ੇਸ਼ ਮਹੱਤਵ ਨੂੰ ਉਭਾਰਿਆ ਹੈ ਜੋ ਕਿਸੇ ਧਾਤ ਜਾਂ ਰਬੜ ਦੀ ਹੋ ਸਕਦੀ ਹੈ। ਸੰਬੰਧਿਤ ਲੋਕ-ਸਾਜ਼ਾਂ ਵਿਚ ਲੱਕੜ ਜਾਂ ਕੱਦੂ ਦੇ ਖੋਲ ਉਤੇ ਚਮੜੇ ਦਾ ਪੁੜਾ ਚੜ੍ਹਾ ਕੇ ਇਕ ਸਿਰੇ ਤੋਂ ਦੂਜੇ ਸਿਰੇ ਤੱਕ ਤਾਰ ਬੰਨ੍ਹਣ ਦੇ ਕ੍ਰਿਆਵੀ-ਅਮਲ ਨੂੰ ਦਰਸਾਇਆ ਗਿਆ ਹੈ। ਇਨ੍ਹਾਂ ਲੋਕ-ਸਾਜ਼ਾਂ ਵਿਚ ਲੱਕੜ ਦਾ ਮਜ਼ਬੂਤ ਡੰਡਾ, ਰੱਸੀਆਂ, ਲੱਕੜ ਦਾ ਖੋਲ, ਧਾਤ ਦੇ ਕੋਕੇ, ਲਟਕਣ, ਡੋਰੀਆਂ, ਵਿਆਸ, ਲੰਬਾਈ ਆਦਿ ਦੇ ਵੇਰਵੇ ਦਰਸਾਉਣ ਦੇ ਨਾਲ ਨਾਲ ਸਾਜ਼ਾਂ ਨੂੰ ਖ਼ੂਬਸੂਰਤ ਦਿੱਖ ਪ੍ਰਦਾਨ ਕਰਨ ਲਈ ਵਿਭਿੰਨ ਪ੍ਰਕਾਰ ਦੇ ਰੰਗਾਂ ਦੀ ਅਹਿਮੀਅਤ ਵੀ ਦਰਸਾਈ ਗਈ ਹੈ। ਲੇਖਕ ਨੂੰ ਹਰ ਲੋਕ-ਸਾਜ਼ ਦੀ ਬਣਤਰ ਤੇ ਬੁਣਤਰ ਬਾਰੇ ਵੇਰਵੇ ਦੇਣ ਤੋਂ ਪਹਿਲਾਂ ਉਸ ਦੀ ਪਰਿਭਾਸ਼ਾ ਅਤੇ ਇਤਿਹਾਸ ਅੰਕਿਤ ਕੀਤਾ ਹੈ। ਇਨ੍ਹਾਂ ਲੋਕ-ਸਾਜ਼ਾਂ ਬਾਰੇ ਚਿੱਤਰ ਵੀ ਪ੍ਰਕਾਸ਼ਿਤ ਕੀਤੇ ਗਏ ਹਨ ਅਤੇ ਹਰ ਲੇਖ ਦੇ ਅੰਤ ਵਿਚ ਮੌਲਿਕ ਕਾਵਿ-ਟੂਕਾਂ ਵੀ ਘੜੀਆਂ ਗਈਆਂ ਹਨ। ਇਸ ਪ੍ਰਕਾਰ ਇਹ ਪੁਸਤਕ ਨਸਰ ਅਤੇ ਕਾਵਿਕਤਾ ਦਾ ਸੁੰਦਰ ਸਮਾਵੇਸ਼ ਹੈ। ਗੀਤ-ਸੰਗੀਤ, ਲੋਕ-ਸਾਜ਼ਾਂ,ਲੋਕਧਾਰਾ ਅਤੇ ਸੱਭਿਆਚਾਰ ਵਿਚ ਦਿਲਚਸਪੀ ਰੱਖਣ ਵਾਲੇ ਪਾਠਕ ਵਰਗ ਲਈ ਇਹ ਪੁਸਤਕ ਖ਼ਾਸ ਮਹੱਤਵ ਰੱਖਦੀ ਹੈ।
-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 98144-23703
ਪੱਖੀ ਵਾਲੀ ਸ਼ਲਮਾ
ਲੇਖਕ : ਬਲਵਿੰਦਰ ਸਿੰਘ ਭੁੱਲਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼ ਚੰਡੀਗੜ੍ਹ
ਮੁੱਲ : 220 ਰੁਪਏ, ਸਫ਼ੇ : 155
ਸੰਪਰਕ : 98882-75913
ਬਲਵਿੰਦਰ ਸਿੰਘ ਭੁੱਲਰ ਨੇ ਪੰਜਾਬੀ ਸਾਹਿਤ ਜਗਤ ਦੀ ਝੋਲੀ ਪੁਸਤਕਾਂ 'ਜੇਹਾ ਬੀਜੈ ਸੋ ਲੁਣੈ, ਉਡਾਰੀਆਂ ਭਰਦੇ ਲੋਕ, ਮੋਹ ਦੀਆਂ ਤੰਦਾਂ ਟੁੱਟਦੀਆਂ ਨਹੀਂ, ਸ਼ਾਇਰ ਉਦਾਸ ਹੈ, ਕੁਸੈਲਾ ਸੱਚ, ਧਰਤ ਪਰਾਈ ਆਪਣੇ ਲੋਕ' ਆਦਿ ਪਾਈਆਂ ਹਨ। ਹਥਲੀ ਪੁਸਤਕ 'ਪੱਖੀ ਵਾਲੀ ਸ਼ਲਮਾ ਹੈ' ਜਿਸ ਵਿਚ 13 ਕਹਾਣੀਆਂ 'ਬਲਦੀ ਮਸ਼ਾਲ', 'ਕਰਤਾਰੀ', 'ਬਖਤੋਂ ਮਾਰੀ', 'ਨਵਾਂ ਰਾਹ', 'ਪੱਖੀ ਵਾਲੀ ਸ਼ਲਮਾ', 'ਜੱਗ ਜਣਨੀ', 'ਬੋਲਦੀ ਤਸਵੀਰ', 'ਉਡੀਕਵਾਨ', 'ਅਗਜ਼ੀ ਸਤਿਸੰਗ', 'ਗਿੱਧਾ ਭੂਤਾਂ ਦਾ', 'ਬੇਬੇ ਖਰਬੂਜ਼ਿਆਂ ਵਾਲੀ', 'ਫ਼ਰਜ਼ ਤੇ ਵਸੀਅਤ' ਹਨ। ਕਹਾਣੀਆਂ ਵਿਚ ਸਮਾਜਕ, ਆਰਥਿਕ, ਰਾਜਨੀਤਕ, ਸੱਭਿਆਚਾਰਕ, ਧਾਰਮਿਕ ਪੱਖਾਂ ਅਧੀਨ ਆਮ ਮਨੁੱਖ ਦੀ ਜੀਵਨ ਹਯਾਤੀ ਨੂੰ ਪੇਸ਼ ਕੀਤਾ ਗਿਆ ਹੈ। ਕਹਾਣੀਆਂ ਵਿਚ ਅੰਤਰਜਾਤੀ ਵਿਆਹ, ਨਸ਼ਿਆਂ ਵਿਚ ਖਚਿਤ ਹੋਈ ਨੌਜਵਾਨ ਪੀੜ੍ਹੀ, ਰਿਸ਼ਤਿਆਂ ਦੀ ਟੁੱਟ-ਭੱਜ, ਆਮ ਲੋਕਾਂ ਦੀ ਮਾਨਸਿਕਤਾ ਉੱਤੇ ਡੇਰੇਵਾਦ ਦਾ ਪ੍ਰਭਾਵ, ਪਰਵਾਸ ਧਾਰਨ ਕਰਨ ਦੀ ਰੁਚੀ ਆਦਿ ਦਾ ਜ਼ਿਕਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦੇਸ਼ ਵੰਡ ਸਮੇਂ ਦੇ ਹਲਾਤਾਂ ਨੂੰ ਦ੍ਰਿਸ਼ਟੀਗੋਚਰ ਕਰਦੇ ਹੋਏ ਧਰਮ ਤੇ ਇਨਸਾਨੀਅਤ ਦੇ ਪਤਨ ਦੀ ਬਾਤ ਪਾਈ ਹੈ ਕਿ ਕਿਵੇਂ ਪੀੜ੍ਹੀ-ਦਰ-ਪੀੜ੍ਹੀ ਚੱਲੀਆਂ ਆ ਰਹੀਆਂ ਸਾਂਝਾਂ ਨਫ਼ਰਤ, ਈਰਖਾ, ਮੌਤ ਦੇ ਨੰਗੇ ਨਾਚ ਵਿਚ ਬਦਲ ਗਈਆਂ। ਕਹਾਣੀ 'ਪੱਖੀ ਵਾਲੀ ਸ਼ਲਮਾ' ਵਿਚ ਬਲਵਿੰਦਰ ਭੁੱਲਰ ਨੇ ਲਹਿੰਦੇ ਤੇ ਚੜ੍ਹਦੇ ਪੰਜਾਬ ਵਿਚਕਾਰ ਸ਼ਲਮਾ ਨੂੰ ਇਕ ਸੂਤਰਧਾਰ ਵਜੋਂ ਪੇਸ਼ ਕੀਤਾ ਹੈ। ਸ਼ਲਮਾ ਦੀ ਜੀਵਨ ਹਯਾਤੀ ਸੰਘਰਸ਼ ਭਰਪੂਰ ਹੈ ਤੇ ਉਸ ਅੰਦਰਲਾ ਸੁਹਜ ਸਵਾਦ ਨਿਰਦਈ ਸਮਾਜਕ ਸਿਸਟਮ ਵਿਚ ਵੀ ਕਾਇਮ ਦਾਇਮ ਹੈ। 'ਸਵੈ ਹੋਂਦ', 'ਸਵੈਮਾਣ' ਤੇ 'ਸਵੈਪਛਾਣ' ਦੀ ਕਾਇਮੀ ਹਿਤ ਆਪਣੀਆਂ ਧੀਆਂ ਦੇ ਭਵਿੱਖ ਨੂੰ ਸੰਵਾਰਿਆ :
'ਕੁੜੀਆਂ ਨੇ ਮਾਂ ਵਲੋਂ ਦਿੱਤੀ ਚੰਗੀ ਸਿੱਖਿਆ ਦਾ ਅਹਿਸਾਸ ਕਰਾਉਂਦਿਆਂ ਨੇੜੇ ਆ ਕੇ ਜਦ ਗੁਰਿੰਦਰ ਸਿੰਘ ਨੂੰ ਹੱਥ ਜੋੜ ਕੇ ਤੇ ਸਿਰ ਝੁਕਾ ਕੇ ਅਸਲਾਮਾ ਏਕਮ ਅੰਕਲ ਜੀ ਕਿਹਾ ਤਾਂ ਉਸ ਦੇ ਹੱਥ ਆਪਣੇ ਆਪ ਉਨ੍ਹਾਂ ਦੇ ਸਿਰਾਂ 'ਤੇ ਜਾ ਟਿਕੇ।'
ਕਹਾਣੀਆਂ ਦੇ ਬਿਰਤਾਂਤ ਵਿਚੋਂ ਪਾਤਰਾਂ ਦੀਆਂ ਸਮੱਸਿਆਵਾਂ, ਤਣਾਓ, ਪੀੜ, ਮਨੁੱਖੀ ਸੰਵੇਦਨਾਵਾਂ ਤੇ ਪਛਾਣ ਲਈ ਜੱਦੋ-ਜਹਿਦ ਦੇ ਮਸਲੇ ਪਰਤ-ਦਰ-ਪਰਤ ਖੁੱਲ੍ਹਦੇ ਹਨ ਤੇ ਪਾਠਕਾਂ ਦੀ ਸੁਹਜ ਤ੍ਰਿਪਤੀ ਦੇ ਨਾਲ-ਨਾਲ ਯਥਾਰਥਕ ਸਮਾਜਕ ਸਿਸਟਮ ਬਾਰੇ ਸੋਚਣ ਲਈ ਮਜਬੂਰ ਕਰਦੇ ਹਨ। ਜੀਵਨ ਦੀਆਂ ਤਲਖ਼ ਸਚਾਈਆਂ ਨੂੰ ਰੂਪਮਾਨ ਕਰਦੇ ਹੋਏ ਬਲਵਿੰਦਰ ਭੁੱਲਰ ਦੀ ਕਲਮ ਭਾਈਚਾਰਕ ਸਾਂਝਾਂ ਨੂੰ ਕਾਇਮ ਰੱਖਣ ਦਾ ਸੁਨੇਹਾ ਦਿੰਦੀ ਹੈ। ਕਹਾਣੀਆਂ ਦੇ ਵਿਭਿੰਨ ਵਿਸ਼ੇ ਮਨੁੱਖ ਦੇ ਆਲੇ-ਦੁਆਲੇ ਦੀ ਜੀਵਨਸ਼ੈਲੀ ਨੂੰ ਰੂਪਮਾਨ ਕਰਦੇ ਹਨ। ਪਾਠਕਾਂ ਲਈ ਕਹਾਣੀਆਂ ਵਾਚਣਯੋਗ ਹਨ।
-ਹਰਿੰਦਰ ਸਿੰਘ ਤੁੜ
ਮੋਬਾਈਲ : 94146-91091
ਦੀਪਕ ਜੈਤੋਈ ਦੇ ਸਾਹਿਤ ਦੀ ਪਰਖ ਪੜਤੋਲ
ਸੰਪਾਦਕ : ਡਾ. ਨਰੇਸ਼ ਕੁਮਾਰ
ਪ੍ਰਕਾਸ਼ਕ : ਹਰਿਆਣਾ ਸਾਹਿਤ ਅਤੇ ਸੰਸਕ੍ਰਿਤੀ ਅਕਾਦਮੀ, ਪੰਚਕੁਲਾ
ਮੁੱਲ : 100 ਰੁਪਏ, ਸਫ਼ੇ : 160
ਸੰਪਰਕ : 0172-2972071
ਪੁਸਤਕ ਦੀਪਕ ਜੈਤੋਈ ਦੇ ਸਾਹਿਤ ਦੀ ਪਰਖ ਪੜਚੋਲ ਹਰਿਆਣਾ ਸਾਹਿਤ ਅਤੇ ਸੰਸਕ੍ਰਿਤੀ ਅਕਾਦਮੀ ਪੰਚਕੂਲਾ ਵਲੋਂ ਡਾ. ਨਰੇਸ਼ ਕੁਮਾਰ ਦੀ ਸੰਪਾਦਨਾ ਹੇਠ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਪੁਸਤਕ ਵਿਚ ਗ਼ਜ਼ਲਗੋ ਦੀਪਕ ਜੈਤੋਈ ਦੇ ਜੀਵਨ ਅਤੇ ਸਾਹਿਤ ਰਚਨਾਵਾਂ ਬਾਰੇ 19 ਖੋਜ ਪੱਤਰ ਸ਼ਾਮਿਲ ਕੀਤੇ ਗਏ ਹਨ। ਅਪ੍ਰੈਲ 2024 ਵਿਚ ਹਰਿਆਣਾ ਸਾਹਿਤ ਅਤੇ ਸੰਸਕ੍ਰਿਤੀ ਅਕਾਦਮੀ ਅਤੇ ਹਿਮਾਚਲ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ, ਧਰਮਸ਼ਾਲਾ ਵਲੋਂ ਦੀਪਕ ਜੈਤੋਈ 'ਤੇ ਪਹਿਲਾ ਇਕ ਰੋਜ਼ਾ ਅੰਤਰਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ, ਜਿਸ ਦਾ ਸਿਰਲੇਖ 'ਦੀਪਕ ਜੈਤੋਈ : ਜੀਵਨ ਅਤੇ ਚਿੰਤਨ' ਸੀ। ਇਸ ਸੈਮੀਨਾਰ ਦਾ ਮੁੱਖ ਮਕਸਦ ਦੀਪਕ ਜੈਤੋਈ ਦੇ ਜੀਵਨ ਅਤੇ ਸਾਹਿਤ ਬਾਰੇ ਨਿੱਠ ਕੇ ਚਰਚਾ ਕਰਨਾ ਸੀ। ਇਸ ਤੋਂ ਬਾਅਦ 'ਸ਼ਬਦ ਬੂੰਦ' ਨਾਂਅ ਦੀ ਪੱਤ੍ਰਿਕਾ ਦਾ ਇਕ ਵਿਸ਼ੇਸ਼ ਅੰਕ ਵੀ ਦੀਪਕ ਜੈਤੋਈ ਨੂੰ ਸਮਰਪਿਤ ਕੀਤਾ ਗਿਆ। ਇਸੇ ਲੜੀ ਹੇਠ ਇਹ ਪੁਸਤਕ ਸੰਪਾਦਿਤ ਕੀਤੀ ਗਈ ਹੈ। ਇਸ ਪੁਸਤਕ ਵਿਚ ਦੀਪਕ ਜੈਤੋਈ ਦੁਆਰਾ ਰਚੇ ਸਾਹਿਤ ਦਾ ਅਧਿਐਨ ਕਰਨ ਹਿੱਤ ਡਾ. ਕੁਲਦੀਪ ਚੰਦ ਅਗਨੀਹੋਤਰੀ, ਡਾ. ਕੁਲਵਿੰਦਰ ਕੌਰ ਛੀਨਾ, ਡਾ. ਵਿਸ਼ਾਲ ਕੁਮਾਰ, ਸਵਿਤਾ, ਸੁਖਵਿੰਦਰ ਕੌਰ, ਹਰਪ੍ਰੀਤ ਕੌਰ, ਰਾਜਦੀਪ ਮਹਿਰਾ, ਅੰਮ੍ਰਿਤਪਾਲ ਸਿੰਘ, ਸਤਨਾਮ ਕੌਰ, ਸਾਰਜ, ਡਾ. ਸਤਿੰਦਰ ਕੌਰ, ਸਿਮਰਜੀਤ ਕੌਰ, ਜਸਕੰਵਲਪ੍ਰੀਤ, ਅਮਨਦੀਪ ਕੌਰ, ਬੂਟਾ ਸਿੰਘ ਚੌਹਾਨ, ਗੁਰਭਜਨ ਗਿੱਲ, ਹਰਜਿੰਦਰ ਸਿੰਘ ਸੇਖੋਂ ਅਤੇ ਡਾ. ਬਲਜੀਤ ਸਿੰਘ ਗਿੱਲ ਦੁਆਰਾ ਲਿਖੇ ਖੋਜ ਪੱਤਰ ਸ਼ਾਮਿਲ ਹੋਏ ਹਨ। ਜੇ ਇਨ੍ਹਾਂ ਖੋਜ ਪੱਤਰਾਂ ਦੇ ਵਿਸ਼ਿਆਂ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਵਿਚੋਂ ਡਾ. ਵਿਸ਼ਾਲ ਕੁਮਾਰ ਅਤੇ ਸਵਿਤਾ ਦੇ ਖੋਜ ਪੱਤਰ ਦੀਪਕ ਜੈਤੋਈ ਦੇ ਪ੍ਰਸਿੱਧ ਮਹਾਂਕਾਵਿ 'ਮਾਲਾ ਕਿਉਂ ਤਲਵਾਰ ਬਣੀ' ਨਾਲ ਸੰਬੰਧਿਤ ਹਨ, ਜਿਸ ਵਿਚ ਬੰਦਾ ਸਿੰਘ ਬਹਾਦਰ ਦੀ ਇਤਿਹਾਸਕ ਦੇਣ ਨੂੰ ਚਿਤਰਤ ਕਰਨ ਵਾਲੇ ਮਹਾਂਕਾਵਿ ਦੀ ਸਾਹਿਤਕ ਸਮੀਖਿਆ ਤਰਕਪੂਰਨ ਢੰਗ ਨਾਲ ਕੀਤੀ ਗਈ ਹੈ। ਦੀਪਕ ਜੈਤੋਈ ਦੇ ਪ੍ਰਸਿੱਧ ਗ਼ਜ਼ਲ-ਸੰਗ੍ਰਹਿ 'ਆਹ ਲੈ ਮਾਏਂ ਸਾਂਭ ਕੁੰਜੀਆਂ' ਬਾਰੇ ਅੰਮ੍ਰਿਤਪਾਲ ਸਿੰਘ, ਸਤਨਾਮ ਕੌਰ, ਡਾ. ਸਤਿੰਦਰ ਕੌਰ ਅਤੇ ਸਿਮਰਜੀਤ ਕੌਰ ਦੁਆਰਾ ਲਿਖੇ ਚਾਰ ਖੋਜ ਪੱਤਰ ਹਨ, ਜਿਨ੍ਹਾਂ ਵਿਚ ਇਸ ਪੁਸਤਕ ਦਾ ਵਿਸ਼ਾਗਤ, ਵਿਧਾਗਤ ਅਤੇ ਭਾਸ਼ਾ ਦੇ ਆਧਾਰ 'ਤੇ ਅਧਿਐਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੁਸਤਕ 'ਗ਼ਜ਼ਲ ਦੀ ਖੁਸ਼ਬੂ' (ਰਾਜਦੀਪ ਮਹਿਰਾ) ਅਤੇ 'ਪੱਖੀ ਘੁੰਗਰੂਆਂ ਵਾਲੀ' (ਹਰਜਿੰਦਰ ਸਿੰਘ ਸੇਖੋਂ) ਬਾਰੇ ਲਿਖੇ ਖੋਜ ਪੱਤਰ ਵੀ ਸਲਾਹੁਣਯੋਗ ਹਨ। ਬੂਟਾ ਸਿੰਘ ਚੌਹਾਨ ਅਤੇ ਗੁਰਭਜਨ ਗਿੱਲ ਦੇ ਲੇਖ ਇਸ ਪੁਸਤਕ ਦਾ ਹਾਸਿਲ ਹਨ, ਜਿਨ੍ਹਾਂ ਨੇ ਦੀਪਕ ਜੈਤੋਈ ਦੇ ਸਾਹਿਤ ਦੀ ਗੱਲ ਕਰਨ ਦੇ ਨਾਲ ਉਸ ਨਾਲ ਗੁਜ਼ਾਰੇ ਪਲ ਵੀ ਸਾਂਝੇ ਕੀਤੇ ਹਨ। ਇਸ ਢੰਗ ਨਾਲ ਇਹ ਪੁਸਤਕ ਪੰਜਾਬੀਆਂ ਦੇ ਪਸੰਦੀਦਾ ਗੀਤਕਾਰ ਅਤੇ ਗ਼ਜ਼ਲਗੋ ਦੀਪਕ ਜੈਤੋਈ ਨੂੰ ਸੱਚੀ ਸ਼ਰਧਾਂਜਲੀ ਸਿੱਧ ਹੁੰਦੀ ਹੈ।
-ਡਾ. ਸੰਦੀਪ ਰਾਣਾ
ਮੋਬਾਈਲ : 98728-87551
ਤੇਰੇ ਤੁਰ ਜਾਣ ਪਿੱਛੋਂ
ਲੇਖਕ : ਹਰਪਾਲ ਸਿੰਘ ਰਿਆੜ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ
ਮੁੱਲ : 150 ਰੁਪਏ, ਸਫ਼ੇ : 71
ਸੰਪਰਕ : 95017-18080
'ਤੇਰੇ ਤੁਰ ਜਾਣ ਪਿੱਛੋਂ' ਹੱਡਬੀਤੀ ਹਰਪਾਲ ਸਿੰਘ ਰਿਆੜ ਦੁਆਰਾ ਲਿਖੀ ਸੱਚ 'ਤੇ ਆਧਾਰਿਤ ਪੁਸਤਕ ਹੈ। ਇਸ ਵਿਚ ਲੇਖਕ ਨੇ ਆਪਣੇ ਪਰਿਵਾਰ ਬਾਰੇ ਬਹੁਤ ਬਾਖ਼ੂਬੀ ਢੰਗ ਨਾਲ ਵਰਣਨ ਕੀਤਾ ਹੈ ਤੇ ਦੱਸਿਆ ਹੈ ਕਿ ਉਸ ਦੇ ਪਰਿਵਾਰ ਵਿਚ ਉਸ ਦੀਆਂ ਦੋ ਲੜਕੀਆਂ ਤੇ ਇਕ ਬੇਟਾ ਹਨ। ਬੱਚੇ ਪੜ੍ਹਨ ਵਿਚ ਹੁਸ਼ਿਆਰ ਸਨ ਤੇ ਉਨ੍ਹਾਂ ਦੀ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਸੀ ਪਰ ਇੱਕ ਅਣਹੋਣੀ ਉਦੋਂ ਵਾਪਰੀ ਜਦੋਂ ਅਚਾਨਕ ਹੀ ਇਕ ਦੁਰਘਟਨਾ ਵਿਚ ਉਸ ਦੇ ਬੇਟੇ ਦੀ ਮੌਤ ਹੋ ਜਾਂਦੀ ਹੈ ਤੇ ਸਾਰੇ ਪਰਿਵਾਰ 'ਤੇ ਦੁੱਖਾਂ ਦਾ ਕਹਿਰ ਟੁੱਟ ਪੈਂਦਾ ਹੈ। ਲੇਖਕ ਦੱਸਦਾ ਹੈ ਕਿ ਇਹ ਘਟਨਾ ਅਸਹਿਣਯੋਗ ਸੀ ਪਰ ਰੱਬ ਦਾ ਭਾਣਾ ਮੰਨਣਾ ਹੀ ਪੈਂਦਾ ਹੈ। ਉਸ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲ ਸਕਦਾ। ਇਸ ਲਈ ਲੇਖਕ ਇਸ ਪੁਸਤਕ ਵਿਚ ਦੱਸਣਾ ਚਾਹੁੰਦਾ ਹੈ ਕਿ ਜਦੋਂ ਕੋਈ ਇਸ ਤਰ੍ਹਾਂ ਦੀ ਅਣਹੋਣੀ ਵਾਪਰ ਜਾਵੇ ਤਾਂ ਸਾਨੂੰ ਗੁਰਬਾਣੀ ਦਾ ਆਸਰਾ ਲੈਣਾ ਚਾਹੀਦਾ ਹੈ ਜਾਂ ਆਪਣੇ-ਆਪ ਨੂੰ ਲਿਖਣ ਪੜ੍ਹਨ ਵਿਚ ਵਿਅਸਤ ਕਰਨਾ ਚਾਹੀਦਾ ਹੈ। ਇਸ ਪੁਸਤਕ ਵਿਚ ਲੇਖਕ ਨੇ ਉਨ੍ਹਾਂ ਪਰਿਵਾਰਾਂ ਨੂੰ ਬਹੁਤ ਵੱਡੀ ਸਿੱਖਿਆ ਦੇਣ ਦੀ ਭਰਪੂਰ ਕੋਸ਼ਿਸ਼ ਕੀਤੀ ਹੈ, ਜੋ ਅਜਿਹੀਆਂ ਘਟਨਾਵਾਂ ਦੇ ਸ਼ਿਕਾਰ ਹਨ, ਜਿਨ੍ਹਾਂ ਨੂੰ ਕਿਸੇ ਆਪਣੇ ਦੇ ਚਲੇ ਜਾਣ ਦਾ ਦੁੱਖ ਉਨ੍ਹਾਂ ਦੇ ਜੀਵਨ ਵਿਚ ਖਾਲੀਪਣ ਪੈਦਾ ਕਰ ਦਿੰਦਾ ਹੈ, ਕਿਉਂਕਿ ਇਹ ਅਸਹਿ ਦੁੱਖ ਉਹੀ ਇਨਸਾਨ ਸਮਝ ਸਕਦਾ ਹੈ, ਜਿਸ ਨੇ ਇਹ ਸਭ ਸਹਿਣ ਕੀਤਾ ਹੋਵੇ। ਇਹ ਕਿਤਾਬ ਅਜਿਹੇ ਲੋਕਾਂ ਲਈ ਬਹੁਤ ਚੰਗੀ ਸਾਰਥਕ ਕੋਸ਼ਿਸ਼ ਹੈ, ਜਿਨ੍ਹਾਂ ਦੀ ਮਨੋਦਸ਼ਾ ਨੂੰ ਕੋਈ ਹੋਰ ਨਹੀਂ ਸਮਝ ਸਕਦਾ। ਕਈ ਲੋਕ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ ਤੇ ਕਈ ਘੁਟ-ਘੁਟ ਕੇ ਆਪਣਾ ਜੀਵਨ ਬਤੀਤ ਕਰਦੇ ਹਨ। ਸੋ, ਇਹ ਪੁਸਤਕ ਜੀਵਨ ਜਿਊਣ ਦਾ ਉਪਰਾਲਾ ਹੈ, ਕਿਸੇ ਆਪਣੇ ਦੇ ਜਾਣ ਨਾਲ ਜੋ ਦੁੱਖ ਹੁੰਦਾ ਹੈ ਉਹ ਉਹੀ ਇਨਸਾਨ ਸਮਝ ਸਕਦਾ ਹੈ, ਜਿਸ 'ਤੇ ਇਹ ਅਣਹੋਣੀ ਘਟਨਾ ਵਾਪਰੀ ਹੋਵੇ ਤੇ ਜਿਸ 'ਤੇ ਇਹ ਕਹਿਰ ਟੁੱਟਿਆ ਹੋਵੇ। ਜਦੋਂ ਲੇਖਕ ਦੀ ਇਹ ਕਿਤਾਬ ਮੈਂ ਪੜ੍ਹੀ ਤਾਂ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਕਿਸੇ ਨੇ ਮੇਰੇ ਮਨ ਦੀ ਵਾਰਤਾ ਨੂੰ ਪੜ੍ਹਿਆ ਹੈ, ਕਿਉਂਕਿ ਇਸ ਤਰ੍ਹਾਂ ਦੀ ਘਟਨਾ ਤੋਂ ਮੈਂ ਆਪ ਵੀ ਗ੍ਰਸਤ ਹਾਂ। ਸੋ, ਇਹ ਕਿਤਾਬ ਪੜ੍ਹ ਕੇ ਮਨ ਬਹੁਤ ਭਾਵੁਕ ਹੋਇਆ ਪਰ ਨਾਲ ਦੀ ਨਾਲ ਕੁਝ ਸਿੱਖਣ ਨੂੰ ਮਿਲਿਆ ਕਿ ਕਿਸ ਤਰ੍ਹਾਂ ਅਸੀਂ ਆਪਣੇ-ਆਪ ਨੂੰ ਡਿਪਰੈਸ਼ਨ ਤੋਂ ਬਾਹਰ ਕੱਢ ਸਕਦੇ ਹਾਂ ਤੇ ਆਪਣੇ ਆਪ ਨੂੰ ਵਿਅਸਤ ਰੱਖ ਸਕਦੇ ਹਾਂ। ਪੁਸਤਕ ਪੜ੍ਹਨ ਵਿਚ ਬਹੁਤ ਅਸਾਨ ਹੈ। ਪੁਸਤਕ ਵਿਚਲੀ ਭਾਸ਼ਾ ਸਰਲ ਤੇ ਸਪੱਸ਼ਟ ਹੈ। ਪੁਸਤਕ ਲਿਖਣ ਲਈ ਮੇਰੇ ਵਲੋਂ ਲੇਖਕ ਦਾ ਧੰਨਵਾਦ, ਕਿਉਂਕਿ ਪਾਠਕਾਂ ਸਾਹਮਣੇ ਇਕ ਅਜਿਹੀ ਪੁਸਤਕ ਸਾਹਮਣੇ ਆਈ, ਜਿਸ ਨੂੰ ਪੜ੍ਹ ਕੇ ਅਸੀਂ ਆਪਣੇ-ਆਪ ਨੂੰ ਅਜਿਹੇ ਦੁੱਖ 'ਚੋਂ ਬਾਹਰ ਕੱਢ ਸਕਦੇ ਹਾਂ ਤੇ ਆਪਣੇ ਜੀਵਨ ਵਿਚ ਵਿਅਸਤ ਰਹਿ ਸਕਦੇ ਹਾਂ।
-ਇੰਦਰਪ੍ਰੀਤ ਕੌਰ ਲੁਧਿਆਣਾ
ਮੋਬਾਈਲ : 98886-90280
ਸਾਊ ਕੁੜੀਆਂ
ਮੂਲ ਲੇਖਿਕਾਵਾਂ : ਐਨੀ ਜ਼ੈਦੀ, ਸਮ੍ਰਿਤੀ ਰਾਵਿੰਦਰਾ
ਅਨੁਵਾਦ : ਪ੍ਰਕਾਸ਼ ਕੌਰ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ ਮੁਹਾਲੀ
ਮੁੱਲ : 300 ਰੁਪਏ, ਸਫ਼ੇ : 228
ਸੰਪਰਕ : 0172-5027427
ਵਿਚਾਰਧੀਨ ਪੁਸਤਕ ਲੇਖਿਕਾਵਾਂ ਵਲੋਂ ਫੀਲਡ ਵਰਕ 'ਤੇ ਆਧਾਰਿਤ ਖੋਜਕਾਰਜ ਜਾਪਦਾ ਹੈ। ਉਨ੍ਹਾਂ ਨੇ ਵੱਖ-ਵੱਖ ਕੁੜੀਆਂ-ਮੁੰਡਿਆਂ ਨਾਲ ਸੰਵਾਦ ਰਚਾ ਕੇ ਇਹ ਸੱਚ ਵਰਗੀਆਂ ਕਹਾਣੀਆਂ ਲਿਖੀਆਂ ਹਨ। ਅਜੋਕੇ ਸਮਾਜ ਅਜਿਹੀਆਂ ਘਟਨਾਵਾਂ ਸਮੇਂ-ਸਮੇਂ 'ਤੇ ਵਾਪਰਦੀਆਂ ਰਹਿੰਦੀਆਂ ਹਨ। ਇਨ੍ਹਾਂ 29 ਕਹਾਣੀਆਂ ਵਿਚ ਜਿਹੜੇ ਪਾਤਰ ਵਾਰ-ਵਾਰ ਪੇਸ਼ ਕੀਤੇ ਗਏ ਹਨ, ਉਨ੍ਹਾਂ 'ਚ ਨਾਂਅ ਕੁਝ ਇਸ ਪ੍ਰਕਾਰ ਹਨ : ਦੀਪਤੀ, ਪ੍ਰੀਤੀ, ਮਹਿਕ, ਸੋਨਾਲੀ, ਅਨੀਤਾ, ਗੋਹਾਂਗੀ, ਰੂਬੀ, ਮੈਰੀ, ਸਿਲਕੀ, ਪਿੰਕੂ, ਗੀਤੂ, ਰੀਟਾ, ਟੀਨਾ ਆਦਿ। ਪਾਤਰ ਬੜੇ ਬੇਬਾਕ ਹੋ ਕੇ ਆਪਣੇ ਪ੍ਰੇਮ-ਸੰਬੰਧਾਂ ਨੂੰ ਉਜਾਗਰ ਕਰਦੇ ਹਨ। ਇਨ੍ਹਾਂ ਦੇ ਸੰਪਰਕ ਵਿਚ ਆਉਣ ਵਾਲੇ ਮੁੰਡਿਆਂ ਦੇ ਨਾਂਅ ਵੱਖ-ਵੱਖ ਹਨ। ਇਨ੍ਹਾਂ ਪਾਤਰਾਂ ਵਿਚ ਜ਼ਿਆਦਾਤਰ ਕਿਸ਼ੋਰ ਅਵਸਥਾ ਵਾਲੀਆਂ ਮੁਟਿਆਰਾਂ ਅਤੇ ਮੁੱਛ-ਫੁੱਟ ਗੱਭਰੂ ਸ਼ਾਮਿਲ ਹਨ। ਅਣਗੌਲੇ ਕਰਨ 'ਤੇ ਇਹ ਪਾਤਰ ਨਿਰਾਸ਼ ਹੋ ਜਾਂਦੇ ਨੇ। ਆਮ ਤੌਰ 'ਤੇ ਸਕੂਲਾਂ/ਕਾਲਜਾਂ ਵਿਚ ਪੜ੍ਹਦੇ ਹਨ। ਕੌਨਵੈਂਟ ਸਕੂਲਾਂ ਦੀਆਂ ਨੰਨਾਂ ਅਤੇ ਚੌਕੀਦਾਰ ਇਨ੍ਹਾਂ ਦੀਆਂ ਗਤੀਵਿਧੀਆਂ/ਹਰਕਤਾਂ 'ਤੇ ਕੈੜੀ ਨਜ਼ਰ ਰੱਖਦੇ ਹਨ। ਮਾਪਿਆਂ ਨੂੰ ਚਿੰਤਾ ਰਹਿੰਦੀ ਹੈ, ਕੁਹਾਹੇ ਨਾ ਪੈ ਜਾਣ। ਇੰਜ ਅਜਿਹੇ ਵਿਦਿਅਕ/ਸਮਾਜਿਕ ਮਾਹੌਲ ਵਿਚ ਸਾਊ ਕੁੜੀਆਂ ਦੇ ਅਵਚੇਤਨ ਦਾ ਡੂੰਘਾ ਅਧਿਐਨ ਕੀਤਾ ਗਿਆ ਹੈ। ਮਾਨਸਿਕ ਅਤੇ ਸਰੀਰਕ ਸਮੱਸਿਆਵਾਂ ਨੂੰ ਸਮਝਿਆ ਗਿਆ ਹੈ। ਮਨ ਵਿਚ ਉਮਰ ਅਨੁਸਾਰ ਉੱਠਦੀਆਂ ਪ੍ਰੇਮ-ਤਰੰਗਾਂ ਦੀ ਭਾਵੁਕ ਪ੍ਰਸਤੁਤੀ ਕੀਤੀ ਗਈ ਹੈ। ਲੇਖਿਕਾਵਾਂ ਨੇ ਹਰ ਕਹਾਣੀ ਤੋਂ ਬਾਅਦ ਸੰਖੇਪ ਟਿੱਪਣੀਆਂ ਕੀਤੀਆਂ ਹਨ ਜੋ ਅਕਸਰ ਅਗਲੇਰੀ ਕਹਾਣੀ ਨੂੰ ਆਧਾਰ ਪ੍ਰਦਾਨ ਕਰਦੀਆਂ ਨੋਟ ਕੀਤੀਆਂ ਜਾ ਸਕਦੀਆਂ ਹਨ। ਅਸ਼ਲੀਲ ਦ੍ਰਿਸ਼ਾਂ ਨੂੰ ਅਜਿਹੀ ਸ਼ਬਦਾਵਲੀ ਨਾਲ ਪੇਸ਼ ਕੀਤਾ ਗਿਆ ਹੈ ਕਿ ਸ਼ਬਦ ਢਕੇ ਰਹਿ ਜਾਂਦੇ ਹਨ। ਅਰਥ ਨੰਗੇ ਹੋ ਜਾਂਦੇ ਹਨ। ਮੈਟਾਫਰਾਂ ਦੀ ਜ਼ਿਆਦਾ ਵਰਤੋਂ ਕੀਤੀ ਗਈ। ਸਰੀਰਕ ਹਰਕਤਾਂ ਵੀ ਅਰਥ ਸਪੱਸ਼ਟ ਕਰ ਦਿੰਦੀਆਂ ਹਨ। ਲੇਖਿਕਾਵਾਂ ਨੇ ਅੰਗਰੇਜ਼ੀ ਸਾਹਿਤ ਦਾ ਵੀ ਅਧਿਐਨ ਕੀਤਾ ਹੋਇਆ ਹੈ ਜਿਵੇਂ : ਜਾਹਨ ਡੌਨ, ਡੀ. ਐਚ. ਲਾਰੰਸ, ਨੀਤਸ਼ੇ ਕੈਂਟ ਹੈਮਿੰਗਵੇ, ਸਾਸਿਊਰ ਦੇ ਹਵਾਲੇ ਦਿੱਤੇ ਗਏ ਹਨ। ਵਿਵਰਜਿਤ ਸੰਬੰਧਾਂ ਬਾਰੇ ਦੇਵਤਿਆਂ, ਰੱਬ, ਅਪਸਰਾਵਾਂ 'ਤੇ ਵੀ ਉਂਗਲ ਉਠਾਈ ਗਈ ਹੈ। ਲੇਖਿਕਾਵਾਂ ਇਸ ਸੱਚ ਨੂੰ ਸਵੀਕਾਰਦੀਆਂ ਹਨ-'ਕੁੜੀ ਹੋਣਾ ਮੁਸ਼ਕਿਲ ਹੈ, ਚੰਗੀ ਕੁੜੀ ਹੋਣਾ ਬਹੁਤ ਮੁਸ਼ਕਿਲ ਹੈ ਪਰ ਬੁਰੀ ਕੁੜੀ ਹੋਣਾ ਬੇਹੱਦ ਮੁਸ਼ਕਿਲ ਹੈ... ਪਰ ਸਾਰਾ ਸਮਾਂ ਸਾਵਧਾਨ ਰਹਿਣਾ ਬਹੁਤ ਥਕਾਵਟ ਵਾਲਾ ਕੰਮ ਹੈ।' ਪੰ. 117. 'ਸਾਊ ਭਾਰਤੀ ਕੁੜੀ ਹੋਰ ਗੱਲਾਂ ਨਾਲੋਂ ਨਿਯਮਾਂ ਦੀ ਵਿਵਸਥਾ ਨੂੰ ਪਹਿਲ ਦਿੰਦੀ ਹੈ। ਬਸ ਏਨੀ ਕੁ ਗੱਲ ਹੈ।' ਪੰ. 139. ਸਾਊ ਕੁੜੀਆਂ ਦਾ ਸਲੀਕਾ ਵਧੀਆ ਹੁੰਦਾ ਹੈ। ਉਨ੍ਹਾਂ ਨੂੰ ਤਮੀਜ਼ ਹੁੰਦੀ ਹੈ ਅਤੇ ਪਤਾ ਹੁੰਦਾ ਹੈ ਕੀ ਕਰਨਾ ਹੈ, ਕੀ ਨਹੀਂ ਕਰਨਾ ਹੈ। ਇਹ ਵੀ ਪਤਾ ਹੁੰਦਾ ਹੈ ਕਿ ਕਿਸੇ ਨਾਲ ਕਿਹੋ ਜਿਹਾ ਵਿਵਹਾਰ ਕਰਨਾ ਹੈ। ਸੰਖੇਪ ਇਹ ਕਿ ਇਹ ਕਿਤਾਬ ਕਿਸ਼ੋਰ ਅਵਸਥਾ ਦੀਆਂ ਕੁੜੀਆਂ/ਮੁੰਡਿਆਂ ਦੀਆਂ ਸਮੱਸਿਆਵਾਂ ਨੂੰ ਸਮਝਣ ਲਈ ਮਨੋਵਿਗਿਆਨ ਦੇ ਵਿਦਿਆਰਥੀਆਂ ਲਈ ਲਾਹੇਵੰਦ ਹੋਣ ਦੀ ਸੰਭਾਵਨਾ ਰੱਖਦੀ ਹੈ।
-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gamil.com
ਬਿਸਮਨ ਬਿਸਮ
(ਗੁਰਬਾਣੀ ਫਲਸਫ਼ੇ ਦੇ ਕੁਆਂਟਮ ਬਿਰਤਾਂਤ)
ਲੇਖਕ : ਬਲਦੇਵ ਸਿੰਘ ਗੁੱਜਰਵਾਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 295 ਰੁਪਏ, ਸਫ਼ੇ : 159
ਸੰਪਰਕ : 94634-12031
ਹਥਲੀ ਕਿਤਾਬ ਨੂੰ ਲੇਖਕ ਨੇ 15 ਸਿਰਲੇਖਾਂ ਹੇਠ ਵੰਡਿਆ ਹੈ ਜਿਵੇਂ ਮਨੁੱਖੀ ਜੀਵ ਰਚਨਾ, ਨਿੱਤ ਦਾ ਵਿਹਾਰ, ਜੀਵਨ-ਜੁਗਤਿ, ਦੁੱਖ-ਤਕਲੀਫ਼, ਸੰਗੀਤ ਦੀ ਸਾਰਥਿਕਤਾ, ਧਿਆਨ ਲਾਉਣ ਦੀ ਸਾਰਥਿਕਤਾ, ਮਨੁੱਖੀ ਸਰੀਰ ਬ੍ਰਹਿਮੰਡ ਦਾ ਪੂਰਕ, ਆਤਮਾ ਦਾ ਪੂਰਵ ਸੰਕਲਪ, ਨਿਰੰਕਾਰ, ਗੁਰੂ ਨਾਨਕ ਦੀ ਅਗੰਮੀ ਪਹੁੰਚ, ਰੱਬੀ ਕਰਾਮਾਤ, ਆਤਮਾ ਦੀ ਹੋਂਦ ਦਾ ਸੱਜਰਾ ਸੰਕਲਪ, ਸ਼ਰਧਾ ਤੇ ਵਿਗਿਆਨ, ਕੁਆਂਟਮ ਮਕੈਨਿਕਸ ਜਾਂ ਰੱਬੀ ਵਿਗਿਆਨ ਅਤੇ ਰਹੱਸਵਾਦ। ਅਨੰਤ ਨੂੰ ਵੇਖਣ ਵਾਚਣ ਦਾ ਤੇ ਦੱਸਣ ਦਾ ਯਤਨ ਕਰਨਾ ਬਹੁਤ ਮੁਸ਼ਕਿਲ ਹੈ। ਗੁਰਬਾਣੀ ਆਦਿ ਅਤੇ ਅਨੰਤ ਵਿਚੋਂ ਇਕ ਪਰਮ ਸ਼ਕਤੀ ਨੂੰ ਮਹਿਸੂਸ ਕਰਾਉਂਦੀ ਹੈ ਅਤੇ ਉਸ ਨਾਲ ਪ੍ਰੇਮ ਪਾ ਕੇ ਉਸ ਵਿਚ ਵਿਲੀਨ ਹੋਣਾ ਸਿਖਾਉਂਦੀ ਹੈ। 'ਬਿਸਮਨ ਬਿਸਮ' ਕਿਤਾਬ ਦੇ ਲੇਖਕ ਸ. ਬਲਦੇਵ ਸਿੰਘ ਗੁੱਜਰਵਾਲ ਦਾ ਮੰਨਣਾ ਹੈ ਕਿ ਵਿਗਿਆਨ ਤੇ ਧਰਮ ਪ੍ਰਤੀ ਜੋ ਵਿਅਕਤੀ ਕਿੰਤੂ-ਪ੍ਰੰਤੂ ਕਰਦਾ ਹੈ, ਉਸ ਨੂੰ ਨਾ ਧਰਮ ਦੀ ਤੇ ਨਾ ਹੀ ਵਿਗਿਆਨ ਦੀ ਜਾਣਕਾਰੀ ਹੁੰਦੀ ਹੈ। ਕੁਦਰਤ ਨਿਰੰਕਾਰ ਦੀ ਖੇਡ ਹੈ। ਵਿਗਿਆਨ ਕੁਦਰਤ ਵਿਚ ਲੁਕੇ ਹੋਏ ਸੱਚ ਨੂੰ ਲੱਭਦਾ ਹੈ, ਕਾਦਰ ਨੂੰ ਨਹੀਂ। ਵਿਗਿਆਨ ਹਰ ਉਸ ਚੀਜ਼ ਨੂੰ ਸਮਝ ਸਕਦਾ ਹੈ, ਜਿਸ ਦਾ ਕੁਝ ਨਾਪ ਜਾਂ ਤੋਲ ਹੈ। ਪਰਮ ਸ਼ਕਤੀ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ, ਉਸ ਨੂੰ ਕਿਸੇ ਲੈਬਾਰਟਰੀ ਵਿਚ ਪ੍ਰਗਟ ਨਹੀਂ ਕੀਤਾ ਜਾ ਸਕਦਾ, ਇਸੇ ਲਈ ਪਰਮ ਸ਼ਕਤੀ ਵਿਗਿਆਨ ਦਾ ਵਿਸ਼ਾ ਨਹੀਂ ਬਣ ਸਕਦੀ। ਵਿਗਿਆਨ ਕੁਦਰਤ ਦੀ ਗਤੀਸ਼ੀਲਤਾ ਵਿਚੋਂ ਉਸ ਦੀ ਆਦਿ-ਕੁੱਖ ਤੋਂ ਵਰਤਮਾਨ ਪਸਾਰੇ ਵੱਲ ਤੱਕਦਾ, ਘੋਖਦਾ, ਵਿਚਾਰਦਾ ਹੈ। ਵਿਗਿਆਨ ਦਾ ਸਿੱਧਾ ਸੰਬੰਧ ਤਰਕ ਨਾਲ ਹੈ, ਭਾਵਨਾਵਾਂ ਨਾਲ ਇਸ ਦਾ ਕੋਈ ਵਾਹ-ਵਾਸਤਾ ਨਹੀਂ। ਗੁਰਬਾਣੀ ਕੁਦਰਤ ਨੂੰ ਘੋਖਦੀ ਨਹੀਂ ਉਸ ਨੂੰ ਪਿਆਰਦੀ ਹੈ, ਉਸ ਨਾਲ ਇਕਸੁਰਤਾ ਹੋਣਾ ਸਿਖਾਉਂਦੀ ਹੈ, ਉਸ ਨਾਲ ਜੀਣਾ ਤੇ ਉਸ ਨੂੰ ਅੰਦਰ ਸਮੋਣ ਦਾ ਯਤਨ ਕਰਨਾ ਸਿਖਾਉਂਦੀ ਹੈ। ਅਨੰਤਤਾ ਦਾ ਆਦਿ ਕੀ ਸੀ? ਇਸ 'ਤੇ ਵੀ ਵਿਗਿਆਨ ਖ਼ਾਮੋਸ਼ ਹੈ, ਅੰਤ ਕੀ ਹੋਵੇਗਾ? ਕੋਈ ਨਹੀਂ ਦੱਸ ਸਕਦਾ। ਇਨ੍ਹਾਂ ਸਾਰੇ ਪੱਖਾਂ ਨੂੰ ਦੱਸਣ ਤੋਂ ਵਿਗਿਆਨ ਅਸਮਰੱਥ ਹੈ। ਵਿਗਿਆਨ ਦਾ ਸੰਬੰਧ ਦਿਮਾਗ ਨਾਲ ਹੈ ਅਤੇ ਗੁਰਬਾਣੀ ਦਾ ਸੰਬੰਧ ਚੇਤਨਾ ਦੀਆਂ ਗਹਿਰਾਈਆਂ ਨਾਲ ਹੈ।
ਹਰ ਇਕ ਧਰਮ ਦਾ ਧਾਰਮਿਕ ਪਰਿਪੇਖ ਇਕ-ਦੂਜੇ ਨਾਲੋਂ ਵਿਲੱਖਣ ਅਤੇ ਭਿੰਨ ਹੈ। ਵਿਗਿਆਨ ਹਰ ਦੇਸ਼ ਵਿਚ ਇੱਕੋ ਜਿਹਾ ਹੈ। ਕੁਦਰਤ ਵਿਚ ਵਾਪਰ ਰਹੀਆਂ ਜਿਹੜੀਆਂ ਘਟਨਾਵਾਂ ਨੂੰ ਵਿਗਿਆਨੀ ਮਹਿਸੂਸ ਕਰਦੇ ਹਨ, ਉਨ੍ਹਾਂ ਘਟਨਾਵਾਂ ਨੂੰ ਬੜੀ ਬਾਰੀਕੀ ਨਾਲ ਵਿਚਾਰਿਆ ਜਾਂਦਾ ਹੈ। ਉਨ੍ਹਾਂ ਦੇ ਸੰਬੰਧ ਵਿਚ ਹਿਸਾਬੀ ਮਾਡਲ ਜਾਂ ਸਿਧਾਂਤ ਘੜੇ ਜਾਂਦੇ ਹਨ। ਪ੍ਰਯੋਗਾਂ ਰਾਹੀਂ ਉਨ੍ਹਾਂ ਮਾਡਲਾਂ ਨੂੰ ਘਟਨਾਵਾਂ ਦੇ ਸੰਬੰਧ ਵਿਚ ਪਰਖਿਆ ਜਾਂਦਾ ਹੈ। ਜੇ ਪ੍ਰਯੋਗ ਕਿਸੇ ਸਿਧਾਂਤ ਦੀ ਪੁਸ਼ਟੀ ਕਰ ਦਿੰਦਾ ਹੈ ਤਾਂ ਉਹ ਸਿਧਾਂਤ ਵਿਗਿਆਨ ਦਾ ਇਕ ਹਿੱਸਾ ਬਣ ਜਾਂਦਾ ਹੈ। ਵਿਗਿਆਨ ਇਕ ਅਜਿਹਾ ਗਿਆਨ ਹ,ੈ ਜਿਸ ਨੂੰ ਸੱਚਾ ਸਾਬਿਤ ਹੋਣ ਲਈ ਤਜਰਬਿਆਂ ਅਤੇ ਗੁੰਝਲਦਾਰ ਹਿਸਾਬੀ ਮਾਡਲਾਂ ਵਿਚੋਂ ਗੁਜ਼ਰਨਾ ਪੈਂਦਾ ਹੈ। ਸਹੀ ਸਿੱਧ ਹੋਣ 'ਤੇ ਉਹ ਗਿਆਨ ਉਸ ਸਮੇਂ ਦਾ ਸੱਚ ਬਣ ਜਾਂਦਾ ਹੈ। ਹਰ ਇਕ ਧਰਮ ਲਈ ਉਸ ਦੇ ਸਿਧਾਂਤ ਅੰਤਿਮ ਹਨ। ਉਨ੍ਹਾਂ ਵਿਚ ਕੋਈ ਕਿੰਤੂ-ਪ੍ਰੰਤੂ ਜਾਂ ਸੁਧਾਈ ਨਹੀਂ ਹੋ ਸਕਦੀ। ਲੇਖਕ ਦਾ ਮੰਨਣਾ ਹੈ ਵਿਗਿਆਨ ਧਰਮ ਤੋਂ ਬਿਨਾਂ ਲੰਗੜਾ ਹੈ, ਧਰਮ ਵਿਗਿਆਨ ਤੋਂ ਬਿਨਾਂ ਅੰਨ੍ਹਾ ਹੈ।
ਇਹ ਸੱਚ ਹੈ ਕਿ ਵਿਗਿਆਨ ਨੇ ਮਨੁੱਖ ਨੂੰ ਪਦਾਰਥਵਾਦੀ ਸੁੱਖ ਨਾਲ ਮਾਲੋਮਾਲ ਕਰ ਦਿੱਤਾ ਹੈ। ਵਿਗਿਆਨ ਵਲੋਂ ਈਜ਼ਾਦ ਕੀਤੀ ਗਈ ਤਕਨਾਲੋਜੀ ਸਦਕਾ ਮਨੁੱਖ ਸੁੱਖ ਹੰਢਾ ਰਿਹਾ ਹੈ। ਬਦਕਿਸਮਤੀ ਨਾਲ ਜੇ ਕਿਤੇ ਸੰਸਾਰ ਯੁੱਧ ਸ਼ੁਰੂ ਹੋਇਆ ਤਾਂ ਇਸ ਧਰਤੀ 'ਤੇ ਜੀਵਨ ਸਦਾ ਲਈ ਸਮਾਪਤ ਹੋ ਜਾਵੇਗਾ। ਇਸ ਤੋਂ ਬਾਅਦ ਕਦੀ ਵੀ ਇਸ ਧਰਤੀ ਤੇ ਜੀਵਨ ਪਨਪ ਨਹੀਂ ਸਕੇਗਾ। ਇਸ ਵਿਗਿਆਨਕ ਯੁੱਗ ਵਿਚ ਇਨਸਾਨ ਇਕ ਮਸ਼ੀਨ ਬਣ ਕੇ ਰਹਿ ਗਿਆ ਹੈ। ਭਾਵਨਾਵਾਂ ਰਹਿਤ ਮਨੁੱਖੀ ਮਸ਼ੀਨ ਪੈਸਾ ਕਮਾ ਸਕਦੀ ਹੈ, ਪਰ ਰੂਹਾਨੀਅਤ ਖ਼ੁਸ਼ੀ ਨਹੀਂ ਪ੍ਰਾਪਤ ਕਰ ਸਕਦੀ। ਜੇ ਅੱਜ ਮਨੁੱਖ ਨੂੰ ਬਚਾਉਣਾ ਹੈ ਤਾਂ ਉਸ ਦਾ ਵਿਗਿਆਨਕ ਵਿਕਾਸ ਦੇ ਨਾਲ-ਨਾਲ ਆਤਮਿਕ ਵਿਕਾਸ ਵੀ ਬੇਹੱਦ ਜ਼ਰੂਰੀ ਹੈ। ਇਸੇ ਤਰ੍ਹਾਂ ਅਧਿਆਤਮਵਾਦ ਨੂੰ ਪ੍ਰਬਲ ਕਰਨ ਲਈ ਵੀ ਅੰਦਰੂਨੀ ਮਿਹਨਤ-ਮੁਸ਼ੱਕਤ ਦੀ ਲੋੜ ਹੈ, ਜਿਹੜੀ ਕਿ ਸਾਡੇ ਗੁਰੂਆਂ, ਪੀਰਾਂ-ਫ਼ਕੀਰਾਂ ਨੇ ਕੀਤੀ ਤੇ ਇਹੋ ਕਰਨ ਲਈ ਉਨ੍ਹਾਂ ਨੇ ਹੋਰਾਂ ਲੋਕਾਂ ਨੂੰ ਵੀ ਉਪਦੇਸ਼ ਦਿੱਤਾ। ਉਨ੍ਹਾਂ ਆਪ ਇਕ ਸੰਜੀਦਾ ਜੀਵਨ ਬਸਰ ਕੀਤਾ ਤੇ ਦੁਨੀਆ ਨੂੰ ਵੀ ਇਹੋ ਜਿਹਾ ਜੀਵਨ ਜਿਊਣ ਲਈ ਪ੍ਰੇਰਿਆ। ਸ. ਬਲਦੇਵ ਸਿੰਘ ਨੇ ਸਿੱਖ ਧਰਮ ਤੇ ਵਿਗਿਆਨ ਦੇ ਵਿਸ਼ੇ ਨੂੰ ਮਨੋਵਿਗਿਆਨਕ ਤਰੀਕੇ ਨਾਲ ਸਮਝਿਆ ਤੇ ਇਕ ਜਗਿਆਸੂ ਵਜੋਂ ਵਡਮੁੱਲੀ ਖੋਜ ਕੀਤੀ ਹੈ। ਵਿਗਿਆਨਕ ਖੋਜਾਂ ਦੇ ਲਗਾਤਾਰ ਵਿਕਾਸ ਵਿਚ ਕੁਆਂਟਮ ਵਿਗਿਆਨ ਦੀਆਂ ਤਾਜ਼ਾ ਖੋਜਾਂ ਨੇ ਬ੍ਰਹਿਮੰਡ ਅਤੇ ਮਨੁੱਖੀ ਚੇਤਨਾ ਦੇ ਗਹਿਰੇ ਭੇਦਾਂ ਨੂੰ ਸਮਝਣ ਲਈ ਨਵੇਂ ਰਸਤੇ ਖੋਲ੍ਹੇੇ ਹਨ। ਸਰਦਾਰ ਬਲਦੇਵ ਸਿੰਘ ਦੀ ਇਹ ਕਿਤਾਬ ਇਕ ਨਵਾਂ ਦ੍ਰਿਸ਼ਟੀਕੋਣ ਪ੍ਰਦਾਨ ਕਰਦੀ ਹੈ, ਜੋ ਕੁਆਂਟਮ ਵਿਗਿਆਨ ਦੀਆ ਤਾਜ਼ਾ ਖੋਜਾਂ ਨੂੰ ਗੁਰਬਾਣੀ ਦੀ ਗਹਿਰੀ ਆਤਮਿਕ ਸੂਝ ਨਾਲ ਜੋੜਦੀ ਹੈ। ਗੁਰਬਾਣੀ ਗਿਆਨ ਅਤੇ ਵਿਗਿਆਨਕ ਖੋਜਾਂ ਦੇ ਸੰਕਲਪਾਂ ਦਰਮਿਆਨ ਵਿਸ਼ੇਸ਼ ਇਕਸਾਰਤਾ ਉਭਾਰਦੀ ਹੈ। ਇਹ ਇਕ ਅਜਿਹਾ ਬ੍ਰਹਿਮੰਡ ਪ੍ਰਗਟ ਕਰਦੀ ਹੈ, ਜੋ ਆਤਮਿਕ ਤੌਰ 'ਤੇ ਗਹਿਰਾਈ ਭਰਪੂਰ ਹੈ ਅਤੇ ਵਿਗਿਆਨਕ ਤੌਰ 'ਤੇ ਰਹੱਸਮਈ। ਮੈਂ ਇਸ ਕਿਤਾਬ ਦਾ ਹਾਰਦਿਕ ਸਵਾਗਤ ਕਰਦਾ ਹਾਂ।
-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570
ਕੰਮ ਵੱਧ ਗੱਲਾਂ ਘੱਟ
ਲੇਖਕ : ਰਾਜ ਸ਼ਮਾਨੀ
ਪ੍ਰਕਾਸ਼ਕ : ਅੱਟਮ ਆਰਟ ਪਟਿਆਲਾ
ਮੁੱਲ : 275 ਰੁਪਏ, ਸਫ਼ੇ : 207
ਸੰਪਰਕ : 81465-87512
'ਕੰਮ ਵੱਧ ਗੱਲਾਂ ਘੱਟ', ਰਾਜ ਸ਼ਮਾਨੀ ਦੀ ਜਿਸ ਦਾ ਪੰਜਾਬੀ ਅਨੁਵਾਦ ਕੁਲਵਿੰਦਰ ਕਟਾਰੀਆ ਤੇ ਗਗਨਦੀਪ ਕੌਰ ਨੇ ਕੀਤਾ ਹੈ। ਇਸ ਪੁਸਤਕ ਵਿਚ 30 ਵਿਸ਼ਿਆਂ ਦੀ ਜੜਤ ਹੈ ਜੋ ਪਾਠਕਾਂ ਦੀ ਮਾਨਸਿਕਤਾ ਨੂੰ ਟੁੰਬਦੀ ਹੈ। ਗੱਲਾਂ ਦੀ ਜਗ੍ਹਾ ਕੰਮ ਕਰਨ ਦੀ ਮਹੱਤਤਾ ਨੂੰ ਦਰਸਾਇਆ ਗਿਆ ਹੈ। ਜੇਕਰ ਅਸੀਂ ਰਵਾਇਤੀ ਸਿੱਖਿਆ ਪ੍ਰਣਾਲੀ ਉੱਤੇ ਝਾਤ ਮਾਰੀਏ ਤਾਂ ਸਾਨੂੰ ਸਿਖਾਇਆ ਜਾਂਦਾ ਹੈ ਕਿ ਸਿੱਖਣਾ ਕੀ ਹੈ? ਪਰ ਇਹ ਨਹੀਂ ਸਿਖਾਇਆ ਜਾਂਦਾ ਕਿ ਸਿੱਖੇ ਹੋਏ ਨੂੰ ਅਮਲ ਵਿਚ ਕਿਵੇਂ ਲਿਆਉਣਾ ਹੈ। ਜੀਵਨ ਵਿਚ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ। ਇਸ ਲਈ ਸਕਾਰਾਤਮਕ ਸੋਚ ਕਾਇਮ ਰਹਿਣੀ ਚਾਹੀਦੀ ਹੈ। ਰਾਜ ਸ਼ਮਾਨੀ ਨੂੰ ਅਕਸਰ ਰੀਲਾਂ ਜਾਂ ਵੀਡੀਓ ਵਿਚ ਵੇਖਿਆ ਜਾਂਦਾ ਹੈ। ਉਹ ਵਧੀਆ ਤੇ ਪ੍ਰਭਾਵਦਾਇਕ ਕੰਮ ਕਰ ਰਹੇ ਹਨ। ਉਸ ਨੂੰ ਭਾਰਤ ਦੇ ਚੋਟੀ ਦੇ 5 ਰਸੂਖ਼ਵਾਨ ਨੌਜਵਾਨ ਸੂਚੀ ਯੂਅਰ ਸਟੋਰੀ ਦੇ ਨਾਲ-ਨਾਲ ਭਾਰਤ ਵਿਚ ਚੋਟੀ ਦੇ 10 ਨੌਜਵਾਨ ਉੱਦਮੀ ਸੂਚੀ ਏਸ਼ੀਅਨ ਏਜ਼ ਵਿਚ ਸ਼ਾਮਿਲ ਕੀਤਾ ਗਿਆ ਹੈ। ਪੌਡਕਾਸਟ ਦੇ 10 ਕਰੋੜ ਤੋਂ ਵਧੇਰੇ ਵਿਊਜ਼ ਹਨ। ਕੰਮ ਵੱਧ ਗੱਲਾਂ ਘੱਟ ਦੇ ਪ੍ਰਮੁੱਖ ਵਿਸ਼ੇ ਹਰਫ਼ਨਮੌਲਾ, ਅਧੂਰਾ ਹਰਫ਼ਨਾਅਪੂਰਾ, ਨਿਕੰਮਾ ਜਵਾਕ ਵੱਡੇ ਸੁਪਨੇ, ਜ਼ਿਆਦਾ ਸੋਚਣਾ ਬੰਦ ਕਰੋ, ਸਫ਼ਲ ਕਿਵੇਂ ਹੋਣਾ ਹੈ, ਵੇਚਣ ਦਾ ਪਹਿਲਾ ਨਿਯਮ, ਉਤਪਾਦ ਕਿਵੇਂ ਵੇਚਣੇ ਹਨ, ਤਿੰਨ ਤਰ੍ਹਾਂ ਦਾ ਨਿਰੀਖਕ, ਸੋਸ਼ਲ ਮੀਡੀਆ 'ਤੇ ਤਰੱਕੀ ਕਿਵੇਂ ਕਰੀਏ, ਯੂ-ਟਿਊਬ ਚੈਨਲ ਸ਼ੁਰੂ ਕਰਨ ਨਾਲ ਸੰਬੰਧਿਤ ਮਹੱਤਵਪੂਰਨ ਸਵਾਲ, ਇਕ ਚੰਗਾ ਬੁਲਾਰਾ ਕਿਵੇਂ ਬਣੀਏ, ਪੈਸੇ ਕਮਾਉਣ ਦੇ ਸਭ ਤਰੀਕੇ, ਮੈਂ ਅਜੇਤੂ ਕਿਉਂ ਹਾਂ?, ਕਾਸ਼! ਮੈਨੂੰ ਇਹ ਚੀਜ਼ਾਂ ਵੀ ਸਕੂਲ ਵਿਚ ਸਿਖਾਈਆਂ ਜਾਂਦੀਆਂ' ਆਦਿ ਹਨ। ਤਿੰਨ ਤਰ੍ਹਾਂ ਦੇ ਨਿਰੀਖਕ ਬਾਰੇ ਵਿਚਾਰ : 'ਨਿਰੀਖਣ ਕਰਨ ਦੀ ਯੋਗਤਾ ਤੁਹਾਡੀ ਸਭ ਤੋਂ ਵੱਡੀ ਤਾਕਤ ਹੈ, ਤੁਹਾਡੀ ਅੱਖ ਜਿੰਨੀ ਤਿੱਖੀ ਹੈ, ਜਿੰਨਾ ਧਿਆਨ ਨਾਲ ਤੁਸੀਂ ਦੇਖਦੇ ਹੋ, ਤੁਹਾਡੇ ਜੀਵਨ ਵਿਚ ਜਿੱਤਣ ਦੇ ਓਨੇ ਹੀ ਮੌਕੇ ਹੋਣਗੇ।'
ਪੁਸਤਕ 'ਕੰਮ ਵੱਧ ਗੱਲਾਂ ਘੱਟ' ਤੁਹਾਨੂੰ ਵਿਚਾਰਾਂ ਦੇ ਨਾਲ-ਨਾਲ ਜੀਵਨ ਦੇ ਯਥਾਰਥ ਨਾਲ ਜੋੜ ਕੇ ਨਵੀਆਂ ਮੰਜ਼ਿਲਾਂ ਸਰ ਕਰਨ ਲਈ ਪ੍ਰੇਰਿਤ ਕਰਦੀ ਹੈ। ਪੁਸਤਕ ਵਿਦਿਆਰਥੀ ਵਰਗ ਲਈ ਵਾਚਣਯੋਗ ਹੈ।
-ਡਾ. ਹਰਿੰਦਰ ਸਿੰਘ ਤੁੜ
ਮੋਬਾਈਲ : 81465-42810