ਕਸਬਾ ਭੁਲੱਥ 'ਚ ਪੀਲੀਏ ਦੇ ਕੇਸ ਵਧੇ
ਭੁਲੱਥ, 5 ਅਗਸਤ (ਮੇਹਰ ਚੰਦ ਸਿੱਧੂ)-ਸਬ-ਡਵੀਜ਼ਨ ਕਸਬਾ ਭੁਲੱਥ ਅੰਦਰ ਪੀਲੀਏ (ਜਾਂਡਿਸ) ਦੇ ਕੇਸ ਵਧਣ ਲੱਗ ਪਏ ਹਨ। ਖਾਸ ਕਰਕੇ ਬੱਚਿਆਂ ਅੰਦਰ ਪੇਟ ਦਰਦ, ਪੀਲੀਆ, ਭੁੱਖ ਦੀ ਕਮੀ ਤੇ ਉਲਟੀਆਂ ਵਗੈਰਾ ਦੇ ਲੱਛਣ ਆਮ ਦੇਖਣ ਨੂੰ ਮਿਲ ਰਹੇ ਹਨ। ਕੁਝ ਕੇਸਾਂ ਵਿਚ ਬੱਚਿਆਂ ਨੂੰ ਤੇਜ਼ ਬੁਖਾਰ ਤੇ ਘਬਰਾਹਟ ਵਗੈਰਾ ਵੀ ਹੁੰਦੀ ਨਜ਼ਰ ਆ ਰਹੀ ਹੈ। ਇਸ ਮੁੱਦੇ ਨੂੰ ਲੈ ਕੇ ਕਸਬਾ ਭੁਲੱਥ ਅੰਦਰ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਪਤਵੰਤਿਆਂ ਵਲੋਂ ਗੱਲਬਾਤ ਕਰਦਿਆਂ ਐਡਵੋਕੇਟ ਕੁਲਵੰਤ ਸਿੰਘ ਸਹਿਗਲ ਪ੍ਰਧਾਨ ਬਾਰ ਐਸੋਸੀਏਸ਼ਨ ਭੁਲੱਥ ਨੇ ਕਿਹਾ ਕਿ ਮੌਸਮ ਦੇ ਮੱਦੇਨਜ਼ਰ ਹੋ ਰਹੀਆਂ ਲੋਕਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਵੱਲ ਸਿਹਤ ਵਿਭਾਗ ਨੂੰ ਵਧੇਰੇ ਧਿਆਨ ਦੇਣ ਦੀ ਲੋੜ ਹੈ। ਨੰਬਰਦਾਰ ਸੁਖਜਿੰਦਰ ਸਿੰਘ ਮੁਲਤਾਨੀ ਨੇ ਕਿਹਾ ਕਿ ਬੱਚਿਆਂ ਵਿਚ ਆ ਰਹੀਆਂ ਪੇਟ ਸਬੰਧੀ ਮੁਸ਼ਕਿਲਾਂ ਤੇ ਪੀਲੀਆ ਵਗੈਰਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਿਹਤ ਵਿਭਾਗ ਨੂੰ ਮੁਹੱਲਿਆਂ ਵਿਚ ਤੇ ਹੋਰ ਜਨਤਕ ਥਾਵਾਂ ਉਤੇ ਲੋਕਾਂ ਨੂੰ ਜਾਗਰੂਕ ਕਰਨ ਦੀ ਵਧੇਰੇ ਲੋੜ ਹੈ।