ਭਾਰਤੀ ਫ਼ੌਜ ਦੇ ਜਵਾਨ ਅਬਦੁਲ ਸੱਤਾਰ ਦੇ ਕੁੱਟਮਾਰ ਮਾਮਲੇ 'ਚ ਇਕ ਦੋਸ਼ੀ ਗ੍ਰਿਫ਼ਤਾਰ - ਐਸ.ਐਸ.ਪੀ.

ਮਲੇਰਕੋਟਲਾ, 5 ਅਗਸਤ (ਮੁਹੰਮਦ ਹਨੀਫ਼ ਥਿੰਦ)-ਜ਼ਿਲ੍ਹਾ ਮਲੇਰਕੋਟਲਾ ਦੇ ਪੁਲਿਸ ਮੁਖੀ ਓਲੰਪੀਅਨ ਜਨਾਬ ਗਗਨ ਅਜੀਤ ਸਿੰਘ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਰਾਹੀਂ ਹੁਣੇ-ਹੁਣੇ ਜਾਣਕਾਰੀ ਦਿੰਦਿਆਂ ਕਿਹਾ ਕਿ ਵਿਧਾਨ ਸਭਾ ਹਲਕਾ ਅਮਰਗੜ੍ਹ ਅਧੀਨ ਪੈਂਦੇ ਥਾਣਾ ਸਿਟੀ-1 ਅਹਿਮਦਗੜ੍ਹ ਵਿਖੇ ਭਾਰਤੀ ਫੌਜ ਦੇ ਨੌਜਵਾਨ ਅਬਦੁਲ ਸੱਤਾਰ ਨਾਲ ਉਸਦੇ ਰਿਸ਼ਤੇਦਾਰਾਂ ਵਲੋਂ ਕੀਤੀ ਗਈ ਕੁੱਟਮਾਰ ਦੇ ਮਾਮਲੇ ਵਿਚ ਮਲੇਰਕੋਟਲਾ ਪੁਲਿਸ ਨੇ ਤੁਰੰਤ ਮਾਮਲਾ ਦਰਜ ਕਰਕੇ 1 ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ 2 ਹੋਰ ਦੋਸ਼ੀਆਂ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਆਰਮੀ ਨੌਜਵਾਨ ਨਾਲ ਬਦਸਲੂਕੀ ਦੇ ਮਾਮਲੇ ਵਿਚ ਮਲੇਰਕੋਟਲਾ ਪੁਲਿਸ ਨੇ ਕਾਰਵਾਈ ਹੋਰ ਵੀ ਤੇਜ਼ ਕਰ ਦਿੱਤੀ ਹੈ ਅਤੇ ਪੰਜਾਬ ਪੁਲਿਸ ਭਾਰਤੀ ਫ਼ੌਜ ਅਤੇ ਦੇਸ਼ ਦੀ ਰੱਖਿਆ ਕਰ ਰਹੇ ਜਵਾਨਾਂ ਦਾ ਸਭ ਤੋਂ ਵੱਧ ਸਨਮਾਨ ਕਰਦੀ ਹੈ। ਕਾਨੂੰਨ ਨੂੰ ਹੱਥ ਵਿਚ ਲੈਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ।