ਬਿ੍ਟੇਨ ਪੁੱਜੇ ਪ੍ਰਧਾਨ ਮੰਤਰੀ ਮੋਦੀ, ਭਾਰਤੀ ਭਾਈਚਾਰੇ ’ਚ ਉਤਸ਼ਾਹ





ਲੰਡਨ, 24 ਜੁਲਾਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬ੍ਰਿਟੇਨ ਪਹੁੰਚਣ ’ਤੇ ਲੰਡਨ ਵਿਚ ਭਾਰਤੀ ਭਾਈਚਾਰੇ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਸ਼ਹਿਰ ਬਿਹੂ ਨਾਚ, ਰਵਾਇਤੀ ਢੋਲ ਅਤੇ ‘ਮੋਦੀ-ਮੋਦੀ’ ਦੇ ਨਾਅਰਿਆਂ ਨਾਲ ਗੂੰਜ ਉੱਠਿਆ। ਹਵਾਈ ਅੱਡੇ ਤੋਂ ਲੈ ਕੇ ਸਮਾਗਮ ਵਾਲੀ ਥਾਂ ਤੱਕ ਭਾਰਤੀ ਸੱਭਿਆਚਾਰ ਦੀ ਝਲਕ ਦਿਖਾਈ ਦਿੱਤੀ। ਲੋਕ ਹੱਥਾਂ ਵਿਚ ਤਿਰੰਗੇ ਨਾਲ ਮੋਦੀ ਦਾ ਸਵਾਗਤ ਕਰਦੇ ਨਜ਼ਰ ਆਏ। ਭਾਰਤੀ ਭਾਈਚਾਰੇ ਦੇ ਲੋਕਾਂ ਵਿਚ ਇਕ ਵੱਖਰਾ ਉਤਸ਼ਾਹ ਦੇਖਿਆ ਗਿਆ।
ਉਮੀਦ ਕੀਤੀ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਇਹ ਫੇਰੀ ਭਾਰਤ ਅਤੇ ਬ੍ਰਿਟੇਨ ਵਿਚਕਾਰ ਵਪਾਰ ਅਤੇ ਸੱਭਿਆਚਾਰਕ ਸੰਬੰਧਾਂ ਨੂੰ ਹੋਰ ਮਜ਼ਬੂਤ ਕਰੇਗੀ। ਪ੍ਰਧਾਨ ਮੰਤਰੀ ਮੋਦੀ ਦੀ ਇਹ ਫੇਰੀ ਨਾ ਸਿਰਫ਼ ਭਾਰਤੀ ਭਾਈਚਾਰੇ ਲਈ, ਸਗੋਂ ਦੋਵਾਂ ਦੇਸ਼ਾਂ ਲਈ ਕੂਟਨੀਤਕ ਤੌਰ ’ਤੇ ਵੀ ਮਹੱਤਵਪੂਰਨ ਹੈ। ਕਾਰਨ ਇਹ ਹੈ ਕਿ ਭਾਰਤ ਅਤੇ ਬ੍ਰਿਟੇਨ ਵਿਚਕਾਰ ਮੁਕਤ ਵਪਾਰ ਸਮਝੌਤੇ ’ਤੇ ਪ੍ਰਧਾਨ ਮੰਤਰੀ ਮੋਦੀ ਦੀ ਮੌਜੂਦਗੀ ਵਿਚ ਦਸਤਖ਼ਤ ਕੀਤੇ ਜਾਣੇ ਹਨ। ਇੰਨਾ ਹੀ ਨਹੀਂ, ਇਸ ਫੇਰੀ ਦੌਰਾਨ ਪ੍ਰਧਾਨ ਮੰਤਰੀ ਮੋਦੀ ਰਾਜਾ ਚਾਰਲਸ ਤੀਜੇ ਅਤੇ ਆਪਣੇ ਬ੍ਰਿਟਿਸ਼ ਹਮਰੁਤਬਾ ਕੀਰ ਸਟਾਰਮਰ ਨਾਲ ਮੁਲਾਕਾਤ ਕਰਨਗੇ।