ਸਾਬਕਾ ਕੌਂਸਲਰ ਮਨਜੀਤ ਕੁਮਾਰੀ ਕਾਂਗਰਸ ਮਹਿਲਾ ਵਿੰਗ ਦੀ ਸ਼ਹਿਰੀ ਪ੍ਰਧਾਨ ਨਿਯੁਕਤ

ਮਾਛੀਵਾੜਾ ਸਾਹਿਬ, 23 ਜੁਲਾਈ (ਰਾਜਦੀਪ ਸਿੰਘ ਅਲਬੇਲਾ)-ਅੱਜ ਮਹਿਲਾ ਕਾਂਗਰਸ ਕਮੇਟੀ ਦੀ ਮਾਛੀਵਾੜਾ ਸਾਹਿਬ ਦੇ ਇਕ ਨਿੱਜੀ ਹੋਟਲ ਵਿਚ ਮੀਟਿੰਗ ਹੋਈ ਜੋ ਕਿ ਰੈਲੀ ਦਾ ਰੂਪ ਧਾਰਨ ਕਰ ਗਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਮਹਿਲਾ ਕਾਂਗਰਸ ਦੀ ਸੂਬਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਪੁੱਜੇ। ਮਾਛੀਵਾੜਾ ਸਾਹਿਬ ਦੀ 5 ਵਾਰ ਕੌਂਸਲਰ ਰਹਿ ਚੁੱਕੀ ਮਨਜੀਤ ਕੁਮਾਰੀ ਨੂੰ ਸ਼ਹਿਰ ਦੀ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਕਿਸੇ ਵੀ ਖੇਤਰ ਵਿਚ ਘੱਟ ਨਹੀਂ ਹਨ ਜੋ ਕਿ ਹਰੇਕ ਕੰਮ ਵਿਚ ਮੋਹਰੀ ਹਨ।
ਉਨ੍ਹਾਂ ਕਿਹਾ ਕਿ ਸਮਾਜ ਵਿਚ ਆਪਣੇ ਬਣਦੇ ਹੱਕ ਲੈਣ ਲਈ ਔਰਤਾਂ ਨੂੰ ਸਿਆਸਤ ਵਿਚ ਸਰਗਰਮ ਹੋਣ ਦੀ ਜ਼ਰੂਰਤ ਹੈ। 5 ਵਾਰ ਦੀ ਕੌਂਸਲਰ ਰਹਿ ਚੁੱਕੀ ਮਨਜੀਤ ਕੁਮਾਰੀ ਨੂੰ ਸ਼ਹਿਰੀ ਪ੍ਰਧਾਨ ਦਾ ਨਿਯੁਕਤੀ ਪੱਤਰ ਸੌਂਪਦਿਆਂ ਸੂਬਾ ਪ੍ਰਧਾਨ ਰੰਧਾਵਾ ਨੇ ਕਿਹਾ ਕਿ ਮਨਜੀਤ ਕੁਮਾਰੀ ਦਾ ਪਰਿਵਾਰ ਹਮੇਸ਼ਾ ਲੋਕ ਸੇਵਾ ਲਈ ਤਤਪਰ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੀ ਇਲਾਕੇ ਵਿਚ ਕਾਫ਼ੀ ਪੈਂਠ ਹੈ ਅਤੇ ਪਾਰਟੀ ਵਲੋਂ ਉਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਗਿਆ ਹੈ। ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ਵਲੋਂ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ ਗਈ। ਅਖੀਰ ਵਿਚ ਮਨਜੀਤ ਕੁਮਾਰੀ ਦੇ ਸਪੁੱਤਰ ਚੇਤਨ ਕੁਮਾਰ ਵਲੋਂ ਸਮਾਗਮ ਵਿਚ ਪਹੁੰਚਣ ਵਾਲੀਆਂ ਔਰਤਾਂ ਅਤੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ। ਸੂਬਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਅਤੇ ਉਨ੍ਹਾਂ ਨਾਲ ਆਈ ਟੀਮ ਨੂੰ ਸਾਬਕਾ ਕੌਂਸਲਰ ਮਨਜੀਤ ਕੁਮਾਰੀ ਵਲੋਂ ਗੁਰੂ ਸਾਹਿਬ ਦਾ ਚਿੱਤਰ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ।