ਪੁਲ ’ਤੋਂ ਮੋਟਰਸਾਈਕਲ ਤਿਲਕਣ ਕਾਰਨ ਛੋਟੇ ਬੱਚੇ ਨਹਿਰ ਵਿਚ ਰੁੜੇ

ਮੱਖੂ, (ਫ਼ਿਰੋਜ਼ਪੁਰ), 22 ਜੁਲਾਈ (ਕੁਲਵਿੰਦਰ ਸਿੰਘ ਸੰਧੂ/ਵਰਿੰਦਰ ਮਨਚੰਦਾ)- ਬਲਾਕ ਮੱਖੂ ਦੇ ਪਿੰਡ ਵਰਪਾਲ ਦੇ ਵਾਸੀ ਭਜਨ ਸਿੰਘ ਆਪਣੀ ਪਤਨੀ ਮਨਦੀਪ ਕੌਰ, ਪੁੱਤਰ ਗੁਰਭੇਜ ਸਿੰਘ 5 ਸਾਲ ਅਤੇ ਧੀ ਨਿਮਰਤ ਕੌਰ ਨਾਲ ਫ਼ਿਰੋਜ਼ਪੁਰ ਤੋਂ ਆਪਣੇ ਮੋਟਰਸਾਈਕਲ ’ਤੇ ਵਾਪਸ ਪਿੰਡ ਆ ਰਹੇ ਸਨ ਤੇ ਜਦ ਉਹ ਸਰਹੰਦ ਫੀਡਰ ਨਹਿਰ ’ਤੇ ਸਥਿਤ ਪੁੱਲ, ਜੋ ਵਰਪਾਲ ਨੂੰ ਮੱਲਾਂਵਾਲਾ ਰੋਡ ਨਾਲ ਜੋੜਦਾ ਹੈ ’ਤੇ ਪਹੁੰਚੇ ਤਾਂ ਉਨ੍ਹਾਂ ਦਾ ਮੋਟਰਸਾਈਕਲ ਪੁੱਲ ’ਤੇ ਹੋਏ ਚਿੱਕੜ ਕਾਰਨ ਤਿਲਕਣ ਕਾਰਨ ਉਹ ਚਾਰੋਂ ਜਣੇ ਨਹਿਰ ਵਿਚ ਡਿੱਗ ਪਏ।
ਰਾਹਗੀਰਾਂ ਵਲੋਂ ਉਨ੍ਹਾਂ ਪਤੀ ਪਤਨੀ ਨੂੰ ਤਾਂ ਬਚਾਅ ਲਿਆ ਗਿਆ ਪਰ ਉਨ੍ਹਾਂ ਦੇ ਦੋਨੋਂ ਬੱਚੇ ਤੇਜ਼ ਪਾਣੀ ਦੇ ਵਹਾਅ ਕਾਰਨ ਨਹਿਰ ਵਿਚ ਰੁੜ ਗਏ ਅਤੇ ਜਿਨ੍ਹਾਂ ਦੀ ਭਾਲ ਜਾਰੀ ਹੈ। ਇਸ ਪੁੱਲ ਦੇ ਰੇਲਿੰਗ ਕਾਫ਼ੀ ਸਮੇਂ ਪਹਿਲਾਂ ਚੋਰਾਂ ਵੱਲੋਂ ਚੋਰੀ ਕਰ ਲਏ ਗਏ ਸਨ ਪਰ ਸਰਕਾਰਾਂ ਵਲੋਂ ਇਸ ਪੁੱਲ ਦੀ ਸਾਰ ਨਹੀਂ ਲਈ ਗਈ ਅਤੇ ਅਕਸਰ ਇਸ ਪੁੱਲ ਦੇ ਵਿਚ ਮੋਟਰਸਾਈਕਲ ਸਵਾਰ ਡਿੱਗਦੇ ਹੀ ਰਹਿੰਦੇ ਹਨ।
ਪਰਿਵਾਰ ਵਲੋਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪੁੱਲ ਨੂੰ ਦੋਨੋਂ ਤਰਫੋਂ ਬੰਦ ਕਰ ਦਿੱਤਾ ਗਿਆ ਅਤੇ ਧਰਨੇ ’ਤੇ ਬੈਠ ਗਏ ਹਨ। ਉਨ੍ਹਾਂ ਅਣ-ਗਹਿਲੀ ਵਰਤਣ ਵਾਲੇ ਮੁਲਾਜ਼ਮਾਂ ਦੇ ਖਿਲਾਫ਼ ਪਰਚਾ ਦਰਜ ਕਰਕੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਮੰਗ ਚੁੱਕੀ।