ਰਾਹੁਲ ਗਾਂਧੀ ਨੇ ਲਖਨਊ ਅਦਾਲਤ ’ਚ ਕੀਤਾ ਆਤਮ ਸਮਰਪਣ, 5 ਮਿੰਟ ਬਾਅਦ ਮਿਲੀ ਜ਼ਮਾਨਤ

ਲਖਨਊ, 15 ਜੁਲਾਈ- ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਅੱਜ ਦੁਪਹਿਰ ਲਖਨਊ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ। ਹਾਲਾਂਕਿ ਅਦਾਲਤ ਨੇ ਉਨ੍ਹਾਂ ਨੂੰ 5 ਮਿੰਟ ਬਾਅਦ ਜ਼ਮਾਨਤ ਦੇ ਦਿੱਤੀ। ਵਧੀਕ ਮੁੱਖ ਨਿਆਂਇਕ ਮੈਜਿਸਟਰੇਟ ਆਲੋਕ ਵਰਮਾ ਨੇ ਰਾਹੁਲ ਨੂੰ 20,000 ਰੁਪਏ ਦੇ ਦੋ ਬਾਂਡਾਂ ’ਤੇ ਜ਼ਮਾਨਤ ਦੇ ਦਿੱਤੀ। ਰਾਹੁਲ ਦੇ ਵਕੀਲ ਨੇ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ। ਰਾਹੁਲ ਲਗਭਗ 30 ਮਿੰਟ ਅਦਾਲਤ ਦੇ ਅੰਦਰ ਰਹੇ।
ਰਾਹੁਲ ਦਿੱਲੀ ਤੋਂ ਲਖਨਊ ਹਵਾਈ ਅੱਡੇ ’ਤੇ ਆਉਣ ਤੋਂ ਬਾਅਦ ਸਿੱਧੇ ਐਮ.ਪੀ.-ਐਮ.ਐਲ.ਏ. ਅਦਾਲਤ ਪਹੁੰਚੇ। ਅਦਾਲਤ ਨੇ ਉਨ੍ਹਾਂ ਨੂੰ ਭਾਰਤੀ ਫੌਜ ’ਤੇ ਆਪਣੀ ਟਿੱਪਣੀ ਲਈ ਪੇਸ਼ ਹੋਣ ਦਾ ਹੁਕਮ ਦਿੱਤਾ ਸੀ। ਪਿਛਲੀਆਂ 5 ਸੁਣਵਾਈਆਂ ਦੌਰਾਨ ਰਾਹੁਲ ਪੇਸ਼ ਨਹੀਂ ਹੋਏ ਸਨ। ਇਸ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਨੂੰ ਸੰਮਨ ਜਾਰੀ ਕੀਤੇ ਸਨ। ਜ਼ਮਾਨਤ ਮਿਲਣ ਤੋਂ ਬਾਅਦ ਰਾਹੁਲ ਅਦਾਲਤ ਤੋਂ ਸਿੱਧੇ ਅਮੌਸੀ ਹਵਾਈ ਅੱਡੇ ਲਈ ਰਵਾਨਾ ਹੋ ਗਏ।
ਰਾਹੁਲ ਦੇ ਵਕੀਲ ਪ੍ਰਾਂਸ਼ੂ ਅਗਰਵਾਲ ਨੇ ਅਦਾਲਤ ਤੋਂ ਰਾਹੁਲ ਦੀ ਪੇਸ਼ੀ ਤੋਂ ਛੋਟ ਮੰਗੀ ਸੀ ਪਰ ਅਦਾਲਤ ਨੇ ਰਾਹੁਲ ਨੂੰ ਨਿੱਜੀ ਤੌਰ ’ਤੇ ਪੇਸ਼ ਹੋਣ ਦਾ ਹੁਕਮ ਦਿੱਤਾ ਸੀ।
ਬਾਰਡਰ ਰੋਡ ਆਰਗੇਨਾਈਜ਼ੇਸ਼ਨ (ਬੀ.ਆਰ.ਓ.) ਦੇ ਸਾਬਕਾ ਡਾਇਰੈਕਟਰ ਉਦੈ ਸ਼ੰਕਰ ਸ਼੍ਰੀਵਾਸਤਵ ਨੇ 11 ਫਰਵਰੀ ਨੂੰ ਸੀ.ਜੇ.ਐਮ. ਅਦਾਲਤ ਵਿਚ ਰਾਹੁਲ ਵਿਰੁੱਧ ਕੇਸ ਦਾਇਰ ਕੀਤਾ ਸੀ। ਇਸ ਵਿਚ ਕਿਹਾ ਗਿਆ ਸੀ ਕਿ ਰਾਹੁਲ ਨੇ 16 ਦਸੰਬਰ 2022 ਨੂੰ ਭਾਰਤ ਜੋੜੋ ਯਾਤਰਾ ਦੌਰਾਨ ਭਾਰਤੀ ਫੌਜ ’ਤੇ ਟਿੱਪਣੀ ਕੀਤੀ ਸੀ। ਉਨ੍ਹਾਂ 9 ਦਸੰਬਰ 2022 ਨੂੰ ਭਾਰਤ-ਚੀਨ ਸਰਹੱਦ ’ਤੇ ਹੋਈ ਝੜਪ ਦਾ ਜ਼ਿਕਰ ਕੀਤਾ ਸੀ। ਰਾਹੁਲ ਨੇ ਕਿਹਾ ਸੀ ਕਿ ਚੀਨੀ ਫੌਜੀ ਭਾਰਤੀ ਫੌਜ ਦੇ ਜਵਾਨਾਂ ਨੂੰ ਕੁੱਟ ਰਹੇ ਸਨ।
ਸਾਬਕਾ ਡਾਇਰੈਕਟਰ ਨੇ ਦਾਅਵਾ ਕੀਤਾ ਸੀ ਕਿ ਰਾਹੁਲ ਦਾ ਬਿਆਨ ਤੱਥਾਂ ਦੇ ਉਲਟ ਅਤੇ ਗੁੰਮਰਾਹਕੁੰਨ ਸੀ। ਇਸ ਨਾਲ ਨਾ ਸਿਰਫ਼ ਭਾਰਤੀ ਫੌਜੀਆਂ ਦਾ ਮਨੋਬਲ ਪ੍ਰਭਾਵਿਤ ਹੋਇਆ, ਸਗੋਂ ਉਨ੍ਹਾਂ ਦੇ ਪਰਿਵਾਰਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚੀ।