ਸ੍ਰੀ ਮੁਕਤਸਰ ਸਾਹਿਬ ’ਚ ਭਾਰੀ ਮੀਂਹ ਮਗਰੋਂ ਜਲਥਲ, ਬਿਜਲੀ ਦਫ਼ਤਰ ਵੀ ਪਾਣੀ ’ਚ ਡੁੱਬਿਆ


ਸ੍ਰੀ ਮੁਕਤਸਰ ਸਾਹਿਬ, 14 ਜੁਲਾਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਇਲਾਕੇ ਵਿਚ ਅੱਜ ਸਵੇਰੇ ਅਸਮਾਨ ਵਿਚ ਕਾਲੇ ਬੱਦਲ ਛਾ ਗਏ, ਜਿਸ ਮਗਰੋਂ ਤੇਜ਼ ਬਾਰਿਸ਼ ਸ਼ੁਰੂ ਹੋਈ, ਜੋ ਦੁਪਹਿਰ ਤੱਕ ਵੀ ਰੁਕ ਰੁਕ ਕੇ ਜਾਰੀ ਹੈ। ਭਾਰੀ ਬਾਰਿਸ਼ ਕਾਰਨ ਸ਼ਹਿਰ ਵਿਚ ਜਲ ਥਲ ਹੋ ਗਿਆ ਅਤੇ ਕਈ ਘਰਾਂ ਵਿਚ ਵੀ ਪਾਣੀ ਦਾਖਲ ਹੋ ਗਿਆ ਹੈ। ਸ਼ਹਿਰ ਦੀਆਂ ਸੜਕਾਂ ਤੇ ਗਲੀਆਂ ਨੇ ਝੀਲਾਂ ਦਾ ਰੂਪ ਧਾਰਨ ਕਰ ਲਿਆ। ਬਾਜ਼ਾਰ ਪਾਣੀ ਨਾਲ ਭਰਨ ਕਰਕੇ ਦੁਕਾਨਾਂ ਬੰਦ ਪਈਆਂ ਹਨ। ਆਸ ਪਾਸ ਪਿੰਡਾਂ ਵਿਚ ਵੀ ਭਾਰੀ ਬਾਰਿਸ਼ ਕਾਰਨ ਖੇਤਾਂ ਵਿਚ ਵੀ ਪਾਣੀ ਜਮਾ ਹੋ ਗਿਆ।
ਝੋਨੇ ਦੀ ਫਸਲ ਲਈ ਬਾਰਿਸ਼ ਨੂੰ ਲਾਹੇਵੰਦ ਮੰਨਿਆ ਜਾ ਰਿਹਾ ਹੈ। ਜੇਕਰ ਮੀਂਹ ਲਗਾਤਾਰ ਪਵੇਗਾ ਤਾਂ ਨਰਮੇ ਦੀ ਫਸਲ ਨੂੰ ਨੁਕਸਾਨ ਪਹੁੰਚ ਸਕਦਾ ਹੈ। ਨੀਵੇਂ ਥਾਵਾਂ ’ਤੇ ਪਾਣੀ ਜ਼ਿਆਦਾ ਭਰਨ ਕਰਕੇ ਸਬਜ਼ੀਆਂ ਅਤੇ ਹੋਰ ਫਸਲਾਂ ਨੂੰ ਨੁਕਸਾਨ ਦਾ ਡਰ ਹੈ।
ਸ਼ਹਿਰ ਦੇ ਬੱਸ ਸਟੈਂਡ, ਕੋਟਕਪੂਰਾ ਰੋਡ, ਬਠਿੰਡਾ ਰੋਡ, ਮਲੋਟ ਰੋਡ, ਬਾਗ ਵਾਲੀ ਗਲੀ, ਸਦਰ ਬਾਜ਼ਾਰ, ਨਹਿਰੂ ਚੌਂਕ, ਅਨਾਜ ਮੰਡੀ ਸਮੇਤ ਹੋਰ ਥਾਵਾਂ ਤੇ ਭਾਰੀ ਮਾਤਰਾ ਵਿਚ ਪਾਣੀ ਜਮਾਂ ਹੋ ਗਿਆ। ਸ਼ਹਿਰ ਵਿਚ ਲੋਕਾਂ ਦੀ ਆਮਦ ਨਾ ਮਾਤਰ ਹੈ। ਬੱਸਾਂ ’ਤੇ ਵੀ ਸਵਾਰੀਆਂ ਦੀ ਆਮਦ ਘੱਟ ਹੈ।
ਇਸ ਦੇ ਨਾਲ ਹੀ ਭਾਰੀ ਬਾਰਿਸ਼ ਮਗਰੋਂ ਪਾਵਰਕਾਮ ਸਬ ਡਵੀਜ਼ਨ ਬਰੀਵਾਲਾ ਦਾ ਪਿੰਡ ਸਰਾਏਨਾਗਾ ਸਥਿਤ ਦਫ਼ਤਰ ਪਾਣੀ ਵਿਚ ਡੁੱਬ ਗਿਆ ਹੈ। ਸਾਰੇ ਕਮਰੇ ਪਾਣੀ ਨਾਲ ਭਰ ਗਏ ਹਨ। ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਪਾਣੀ ਵਿਚ ਬੈਠ ਕੇ ਡਿਊਟੀ ਨਿਭਾਉਣੀ ਪੈ ਰਹੀ ਹੈ।
ਅਧਿਕਾਰੀਆਂ ਤੇ ਕਰਮਚਾਰੀਆਂ ਨੇ ਦੱਸਿਆ ਕਿ ਸਵੇਰ ਤੋਂ ਪੈ ਰਹੀ ਬਾਰਿਸ਼ ਮਗਰੋਂ ਨੀਵੇਂ ਥਾਂ ’ਤੇ ਬਣਿਆ ਸਬ ਡਵੀਜ਼ਨ ਦਫ਼ਤਰ ਪਾਣੀ ਨਾਲ ਭਰ ਗਿਆ, ਜਿਸ ਕਰਕੇ ਮੁਲਾਜ਼ਮ ਪਰੇਸ਼ਾਨ ਹਨ। ਇਸ ਤੋਂ ਇਲਾਵਾ ਖਸਤਾ ਹਾਲਤ ਇਮਾਰਤ ਡਿੱਗਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ।