ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕਰਨ ਦੇ ਰੋਸ ਵਜੋਂ ਪਰਿਵਾਰ ਨੇ ਲਾਇਆ ਲਾਸ਼ ਨੂੰ ਥਾਣੇ ਅੱਗੇ ਰੱਖ ਕੇ ਧਰਨਾ

ਗੁਰੂ ਹਰ ਸਹਾਏ , 13 ਜੁਲਾਈ (ਕਪਿਲ ਕੰਧਾਰੀ )- ਗੁਰੂ ਹਰ ਸਹਾਏ ਦੇ ਨਾਲ ਲੱਗਦੇ ਪਿੰਡ ਕੁਟੀ ਵਿਖੇ ਇਕ ਨੌਜਵਾਨ ਦੀ ਬੀਤੇ ਦਿਨੀਂ 2 ਵਿਅਕਤੀਆਂ ਵਲੋਂ ਮਾਰਕੁਟ ਕਰਨ ਤੋਂ ਬਾਅਦ ਜ਼ਹਿਰੀਲੀ ਦਵਾਈ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ। ਪਰਿਵਾਰਕ ਮੈਂਬਰਾਂ ਵਲੋਂ ਆਪਣੇ ਬੇਟੇ ਨੂੰ ਇਲਾਜ ਦੇ ਲਈ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਸੀ , ਜਿਸ ਦੀ ਬੀਤੀ ਰਾਤ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਵਲੋਂ ਵੀ ਉਨ੍ਹਾਂ ਦੋਵਾਂ ਮੁਲਜ਼ਮਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਸੀ। ਉਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕਰਨ ਦੇ ਰੋਸ ਵਜੋਂ ਅੱਜ ਪਰਿਵਾਰ ਵਲੋਂ ਲਾਸ਼ ਨੂੰ ਥਾਣੇ ਦੇ ਗੇਟ ਅੱਗੇ ਰੱਖ ਕੇ ਪੁਲਿਸ ਪ੍ਰਸ਼ਾਸਨ ਦੇ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਗਿਆ । ਜਾਣਕਾਰੀ ਦਿੰਦੇ ਹੋਏ ਮ੍ਰਿਤਕ ਗੁਰੂ ਪਿਆਰ ਸਿੰਘ ਦੇ ਪਿਤਾ ਅਨੌਖ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪਿੰਡ ਦੇ ਹੀ 2 ਵਿਅਕਤੀਆਂ ਵਲੋਂ ਉਸ ਦੇ ਬੇਟੇ ਦੀ ਮਾਰਕੁੱਟ ਕਰਕੇ ਉਸ ਨੂੰ ਜ਼ਹਿਰੀਲੀ ਦਵਾਈ ਦੇ ਦਿੱਤੀ ਸੀ। ਜਿਸ ਤੋਂ ਬਾਅਦ ਉਸ ਨੂੰ ਇਲਾਜ ਦੇ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਬੀਤੀ ਰਾਤ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਵਲੋਂ ਮਾਮਲਾ ਤਾਂ ਦਰਜ ਕਰ ਲਿਆ ਗਿਆ ਪ੍ਰੰਤੂ ਅਜੇ ਤੱਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਅੱਜ ਉਨ੍ਹਾਂ ਵਲੋਂ ਥਾਣਾ ਗੁਰੂ ਹਰ ਸਹਾਏ ਦੇ ਬਾਹਰ ਲਾਸ਼ ਨੂੰ ਰੱਖ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਜਦ ਤੱਕ ਉਨ੍ਹਾਂ ਦੇ ਬੇਟੇ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਓਨੀ ਦੇਰ ਤੱਕ ਉਹ ਅੰਤਿਮ ਸੰਸਕਾਰ ਨਹੀਂ ਕਰਨਗੇ।