ਜ਼ਰਦਾਰੀ ਰਾਸ਼ਟਰਪਤੀ ਬਣੇ ਰਹਿਣਗੇ, ਮੁਨੀਰ ਨੇ ਕਦੇ ਰਾਸ਼ਟਰਪਤੀ ਬਣਨ ਦੀ ਇੱਛਾ ਨਹੀਂ ਪ੍ਰਗਟਾਈ-ਸ਼ਾਹਬਾਜ਼ ਸ਼ਰੀਫ

ਇਸਲਾਮਾਬਾਦ, 12 ਜੁਲਾਈ (ਪੀ.ਟੀ.ਆਈ.)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇਨ੍ਹਾਂ ਅਟਕਲਾਂ ਨੂੰ ਖਾਰਜ ਕਰ ਦਿੱਤਾ ਹੈ ਕਿ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ ਤੇ ਫੌਜ ਮੁਖੀ ਫੀਲਡ ਮਾਰਸ਼ਲ ਅਸਿਮ ਮੁਨੀਰ ਰਾਸ਼ਟਰਪਤੀ ਬਣ ਸਕਦੇ ਹਨ | ਸ਼ਰੀਫ ਨੇ ਕਿਹਾ ਕਿ ਇਹ ਸਾਰੀਆਂ ਕਾਲਪਨਿਕ ਗੱਲਾਂ ਤੇ ਅਫਵਾਹਾਂ ਹਨ | ਪ੍ਰਧਾਨ ਮੰਤਰੀ ਸ਼ਰੀਫ ਨੇ ਸ਼ੁੱਕਰਵਾਰ ਨੂੰ 'ਦ ਨਿਊਜ਼' ਨੂੰ ਦੱਸਿਆ ਕਿ ਫੀਲਡ ਮਾਰਸ਼ਲ ਅਸਿਮ ਮੁਨੀਰ ਨੇ ਕਦੇ ਵੀ ਰਾਸ਼ਟਰਪਤੀ ਬਣਨ ਦੀ ਇੱਛਾ ਨਹੀਂ ਪ੍ਰਗਟਾਈ ਤੇ ਨਾ ਹੀ ਅਜਿਹੀ ਕੋਈ ਯੋਜਨਾ ਹੈ | ਸ਼ਰੀਫ ਨੇ ਇਹ ਵੀ ਕਿਹਾ ਕਿ ਜ਼ਰਦਾਰੀ, ਮੁਨੀਰ ਤੇ ਉਨ੍ਹਾਂ ਵਿਚਕਾਰ ਸੰਬੰਧ ਆਪਸੀ ਸਤਿਕਾਰ ਤੇ ਇਕ ਸਾਂਝੇ ਉਦੇਸ਼ 'ਤੇ ਅਧਾਰਤ ਹਨ ਤੇ ਉਹ ਉਦੇਸ਼ ਹੈ - ਪਾਕਿਸਤਾਨ ਦੀ ਤਰੱਕੀ ਅਤੇ ਖੁਸ਼ਹਾਲੀ | ਸ਼ਾਹਬਾਜ਼ ਸ਼ਰੀਫ ਦਾ ਇਹ ਬਿਆਨ ਉਸ ਸਮੇਂ ਆਇਆ ਜਦੋਂ ਵੀਰਵਾਰ ਨੂੰ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ 'ਐਕਸ' 'ਤੇ ਇੱਕ ਪੋਸਟ 'ਚ ਜ਼ਰਦਾਰੀ, ਸ਼ਰੀਫ ਤੇ ਮੁਨੀਰ ਵਿਰੁੱਧ ਚੱਲ ਰਹੀ ਕਥਿਤ ਪ੍ਰਚਾਰ ਮੁਹਿੰਮ ਦੀ ਨਿੰਦਾ ਕੀਤੀ | ਨਕਵੀ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਇਸ ਪ੍ਰਚਾਰ ਪਿੱਛੇ ਕੌਣ ਹੈ | ਨਕਵੀ ਨੂੰ ਫੌਜ ਦੇ ਉੱਚ ਅਧਿਕਾਰੀਆਂ ਦਾ ਕਰੀਬੀ ਮੰਨਿਆ ਜਾਂਦਾ ਹੈ | ਉਨ੍ਹਾਂ ਸਪੱਸ਼ਟ ਤੌਰ 'ਤੇ ਕਿਹਾ ਕਿ ਨਾ ਤਾਂ ਰਾਸ਼ਟਰਪਤੀ ਤੋਂ ਅਸਤੀਫੇ ਦੀ ਕੋਈ ਗੱਲ ਹੋਈ ਹੈ ਤੇ ਨਾ ਹੀ ਫੌਜ ਮੁਖੀ ਨੂੰ ਰਾਸ਼ਟਰਪਤੀ ਬਣਾਉਣ ਦੀ ਕੋਈ ਯੋਜਨਾ ਹੈ | ਨਕਵੀ ਨੇ ਇਹ ਵੀ ਦੋਸ਼ ਲਗਾਇਆ ਕਿ ਅਫਵਾਹਾਂ ਫੈਲਾਉਣ ਦੀ ਇਸ ਮੁਹਿੰਮ 'ਚ ਵਿਦੇਸ਼ੀ ਦੁਸ਼ਮਣ ਤਾਕਤਾਂ ਦੀ ਵੀ ਭੂਮਿਕਾ ਹੈ | ਉਨ੍ਹਾਂ ਕਿਹਾ ਕਿ ਜੋ ਲੋਕ ਅਜਿਹੀਆਂ ਗੱਲਾਂ ਫੈਲਾਅ ਰਹੇ ਹਨ, ਉਹ ਭਾਵੇਂ ਕਿੰਨੀ ਵੀ ਯੋਜਨਾ ਬਣਾ ਲੈਣ, ਦੁਸ਼ਮਣ ਏਜੰਸੀਆਂ ਨਾਲ ਮਿਲ ਕੇ ਕੁਝ ਵੀ ਕਰਨ, ਪਰ ਅਸੀਂ ਆਪਣਾ ਕੰਮ ਕਰਦੇ ਰਹਾਂਗੇ ਅਤੇ ਉਹ ਹੈ ਪਾਕਿਸਤਾਨ ਨੂੰ ਮਜ਼ਬੂਤ ਬਣਾਉਣਾ | ਫੀਲਡ ਮਾਰਸ਼ਲ ਅਸਿਮ ਮੁਨੀਰ ਨੂੰ 2022 'ਚ ਫੌਜ ਮੁਖੀ ਨਿਯੁਕਤ ਕੀਤਾ ਗਿਆ ਸੀ | ਪਹਿਲਾਂ ਉਨ੍ਹਾਂ ਦਾ ਕਾਰਜਕਾਲ 3 ਸਾਲਾਂ ਲਈ ਸੀ, ਪਰ ਸਰਕਾਰ ਨੇ ਬਾਅਦ 'ਚ ਇਸਨੂੰ 5 ਸਾਲ ਤੱਕ ਵਧਾ ਦਿੱਤਾ | ਜੇਕਰ ਸਰਕਾਰ ਚਾਹੇ ਤਾਂ ਇਸਨੂੰ ਹੋਰ ਵੀ ਵਧਾ ਸਕਦੀ ਹੈ | ਜ਼ਰਦਾਰੀ ਪਿਛਲੇ ਸਾਲ ਰਾਸ਼ਟਰਪਤੀ ਚੁਣੇ ਗਏ ਸਨ | ਇਹ ਫੈਸਲਾ ਉਸ ਰਾਜਨੀਤਿਕ ਸਮਝੌਤੇ ਦੇ ਤਹਿਤ ਲਿਆ ਗਿਆ ਸੀ ਜਿਸ 'ਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਸ਼ਾਹਬਾਜ਼ ਸ਼ਰੀਫ ਦਾ ਸਮਰਥਨ ਕੀਤਾ ਸੀ |