ਲਿਵਰਪੂਲ ਨੇ ਡਿਓਗੋ ਜੋਟਾ ਦਾ ਜਰਸੀ ਨੰਬਰ ਰਿਟਾਇਰ ਕੀਤਾ

ਲਿਵਰਪੂਲ, 12 ਜੁਲਾਈ (ਏਜੰਸੀ)-ਲਿਵਰਪੂਲ ਨੇ ਡਿਓਗੋ ਜੋਟਾ ਦੇ ਸਨਮਾਨ 'ਚ ਹਰ ਪੱਧਰ 'ਤੇ ਜਰਸੀ ਨੰਬਰ 20 ਨੂੰ ਰਿਟਾਇਰ ਕਰਨ ਦਾ ਐਲਾਨ ਕੀਤਾ ਹੈ | 28 ਸਾਲਾ ਡਿਓਗੋ ਜੋਟਾ ਦੀ 3 ਜੁਲਾਈ ਨੂੰ ਇਕ ਕਾਰ ਹਾਦਸੇ 'ਚ ਮੌਤ ਹੋ ਗਈ ਸੀ | ਪ੍ਰੀਮੀਅਰ ਲੀਗ ਕਲੱਬ ਨੇ ਇਕ ਬਿਆਨ 'ਚ ਕਿਹਾ ਕਿ ਉਸਨੇ ਇਹ ਜਰਸੀ ਨੰਬਰ ਮਾਣ ਨਾਲ ਪਹਿਨਿਆ ਤੇ ਸਾਨੂੰ ਅਣਗਿਣਤ ਜਿੱਤਾਂ ਦਿੱਤੀਆਂ | ਡਿਓਗੋ ਜੋਟਾ ਹਮੇਸ਼ਾ ਲਿਵਰਪੂਲ ਫੁੱਟਬਾਲ ਕਲੱਬ ਦਾ ਨੰਬਰ 20 ਰਹੇਗਾ | ਇਹ ਕਦਮ ਨਾ ਸਿਰਫ ਪਿਛਲੇ 5 ਸਾਲਾਂ 'ਚ ਰੈਡਜ਼ ਦੀਆਂ ਮੈਦਾਨੀ ਸਫਲਤਾਵਾਂ 'ਚ ਸਾਡੇ ਪੁਰਤਗਾਲੀ ਖਿਡਾਰੀ ਦੇ ਅਥਾਹ ਯੋਗਦਾਨ ਨੂੰ ਦਰਸਾਉਂਦਾ ਹੈ, ਸਗੋਂ ਟੀਮ ਦੇ ਸਾਥੀਆਂ, ਸਹਿਯੋਗੀਆਂ ਅਤੇ ਸਮਰਥਕਾਂ 'ਤੇ ਉਸਦੇ ਡੂੰਘੇ ਪ੍ਰਭਾਵ ਨੂੰ ਵੀ ਸਾਬਤ ਕਰਦਾ ਹੈ | ਜ਼ਿਕਰਯੋਗ ਹੈ ਕਿ ਉਸ ਹਾਦਸੇ 'ਚ ਜੋਟਾ ਦੇ ਭਰਾ ਆਂਦਰੇ ਸਿਲਵਾ ਦੀ ਵੀ ਖਿਡਾਰੀ ਦੇ ਨਾਲ ਜਾਨ ਚਲੀ ਗਈ ਸੀ | ਸਪੈਨਿਸ਼ ਪੁਲਿਸ ਦੇ ਅਨੁਸਾਰ, ਜੋਟਾ ਦੀ ਕਾਰ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਂਦੇ ਹੋਏ ਸੜਕ ਤੋਂ ਉਤਰ ਗਈ ਅਤੇ ਟਾਇਰ ਫਟਣ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ |