ਦੋ ਦਿਨਾਂ ਦੌਰੇ ’ਤੇ ਅਰਜਨਟੀਨਾ ਪੁੱਜੇ ਪ੍ਰਧਾਨ ਮੰਤਰੀ ਮੋਦੀ




ਬੁਏਨਸ ਆਇਰਸ, 5 ਜੁਲਾਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੋ ਦਿਨਾਂ ਦੌਰੇ ’ਤੇ ਅਰਜਨਟੀਨਾ ਪਹੁੰਚੇ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ਉਨ੍ਹਾਂ ਦਾ ਅਰਜਨਟੀਨਾ ਦਾ ਦੂਜਾ ਦੌਰਾ ਹੈ। ਇਸ ਤੋਂ ਪਹਿਲਾਂ, ਉਹ 2018 ਵਿਚ ਜੀ-20 ਸੰਮੇਲਨ ਵਿਚ ਹਿੱਸਾ ਲੈਣ ਲਈ ਅਰਜਨਟੀਨਾ ਗਏ ਸਨ।
ਪ੍ਰਧਾਨ ਮੰਤਰੀ ਮੋਦੀ ਅਤੇ ਅਰਜਨਟੀਨਾ ਦੇ ਰਾਸ਼ਟਰਪਤੀ ਜੇਵੀਅਰ ਜੇਵੀਅਰ ਮਿਲਈ ਅੱਜ ਦੁਵੱਲੀ ਗੱਲਬਾਤ ਕਰਨਗੇ। ਇਸ ਤੋਂ ਇਲਾਵਾ, ਉਹ ਭਾਰਤੀ ਮੂਲ ਦੇ ਲੋਕਾਂ ਨੂੰ ਵੀ ਸੰਬੋਧਨ ਕਰਨਗੇ। ਮੋਦੀ ਦੀ ਫੇਰੀ ਦੌਰਾਨ, ਭਾਰਤ-ਅਰਜਨਟੀਨਾ ਰੱਖਿਆ, ਖੇਤੀਬਾੜੀ, ਊਰਜਾ, ਪ੍ਰਮਾਣੂ ਸਹਿਯੋਗ, ਵਪਾਰ ਅਤੇ ਨਿਵੇਸ਼ ’ਤੇ ਚਰਚਾ ਕਰ ਸਕਦੇ ਹਨ। ਦੋਵਾਂ ਦੇਸ਼ਾਂ ਵਿਚਕਾਰ ਲਿਥੀਅਮ ਸਪਲਾਈ ’ਤੇ ਇਕ ਸਮਝੌਤਾ ਵੀ ਸੰਭਵ ਹੈ।
ਅਰਜਨਟੀਨਾ ਕੋਲ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਲਿਥੀਅਮ ਭੰਡਾਰ ਹੈ। ਮੋਦੀ 2 ਜੁਲਾਈ ਤੋਂ 10 ਜੁਲਾਈ ਤੱਕ 5 ਦੇਸ਼ਾਂ ਦੇ ਦੌਰੇ ’ਤੇ ਹਨ। ਘਾਨਾ, ਤ੍ਰਿਨੀਦਾਦ ਅਤੇ ਟੋਬੈਗੋ ਤੋਂ ਬਾਅਦ ਉਹ ਅਰਜਨਟੀਨਾ ਪਹੁੰਚੇ ਹਨ। ਇਸ ਤੋਂ ਬਾਅਦ ਉਨ੍ਹਾਂ ਦਾ ਅਗਲਾ ਪੜਾਅ ਬ੍ਰਾਜ਼ੀਲ ਹੈ।
ਦੱਸ ਦੇਈਏ ਕਿ ਅਰਜਨਟੀਨਾ ਵਿਚ ਲਗਭਗ 3 ਹਜ਼ਾਰ ਭਾਰਤੀ ਪ੍ਰਵਾਸੀ ਰਹਿੰਦੇ ਹਨ। ਦੋਵੇਂ ਦੇਸ਼ ਰੱਖਿਆ ਖੇਤਰ ਵਿਚ ਸਹਿਯੋਗ ਵਧਾਉਣ ’ਤੇ ਕੰਮ ਕਰ ਰਹੇ ਹਨ। ਫਰਵਰੀ 2025 ਵਿਚ ਦੋਵਾਂ ਦੇਸ਼ਾਂ ਵਿਚਕਾਰ ਫੌਜੀ ਸਾਂਝੇ ਅਭਿਆਸਾਂ ਅਤੇ ਉਪਕਰਣਾਂ ’ਤੇ ਚਰਚਾ ਹੋਈ ਸੀ। ਭਾਰਤ ਅਤੇ ਅਰਜਨਟੀਨਾ ਜੀ-20, ਜੀ-77 ਅਤੇ ਸੰਯੁਕਤ ਰਾਸ਼ਟਰ ਦੇ ਮੈਂਬਰ ਹਨ।