JALANDHAR WEATHER

ਤਖਤ ਸ੍ਰੀ ਪਟਨਾ ਸਾਹਿਬ ਵਲੋਂ ਸੁਖਬੀਰ ਨੂੰ ਤਨਖਾਹੀਆ ਕਰਾਰ ਦੇਣਾ ਅਧਿਕਾਰਾਂ ਤੋਂ ਬਾਹਰੀ ਕਾਰਵਾਈ -ਐਡਵੋਕੇਟ ਧਾਮੀ

ਅੰਮ੍ਰਿਤਸਰ, 5 ਜੁਲਾਈ (ਜਸਵੰਤ ਸਿੰਘ ਜੱਸ)- ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਾਹਿਬਾਨ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦੇਣ ਦੇ ਫੈਸਲੇ ’ਤੇ ਚਿੰਤਾ ਪ੍ਰਗਟ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਨੂੰ ਪੰਥ ਵਿਚ ਦੁਬਿਧਾ ਪਾਉਣ ਵਾਲੀ ਅਤੇ ਅਧਿਕਾਰਾਂ ਤੋਂ ਬਾਹਰੀ ਕਾਰਵਾਈ ਕਰਾਰ ਦਿੱਤਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਖਾਲਸਾ ਪੰਥ ਦੀਆਂ ਰਵਾਇਤਾਂ ਤੇ ਪਰੰਪਰਾਵਾਂ ਕੌਮ ਦੇ ਮਸਲੇ ਨਜਿੱਠਣ ਲਈ ਹਨ, ਨਾ ਕਿ ਕੌਮੀ ਸੰਕਟ ਪੈਦਾ ਕਰਨ ਲਈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਨੂੰ ਦਰਕਿਨਾਰ ਕਰਨਾ ਉਚਿਤ ਨਹੀਂ ਹੈ ਅਤੇ ਅਜਿਹੇ ਚੱਲਣ ਨਾਲ ਕੌਮ ਅੰਦਰ ਆਪਾਧਾਪੀ ਵਾਲਾ ਮਾਹੌਲ ਪੈਦਾ ਹੋਵੇਗਾ।


ਉਨ੍ਹਾਂ ਕਿਹਾ ਕਿ ਬੇਸ਼ਕ ਤਖ਼ਤ ਸ੍ਰੀ ਪਟਨਾ ਸਾਹਿਬ ਦਾ ਸਿੱਖ ਜਗਤ ਅੰਦਰ ਵੱਡਾ ਸਤਿਕਾਰ ਹੈ, ਪ੍ਰੰਤੂ ਪੰਥਕ ਮਾਮਲਿਆਂ ਨੂੰ ਵਿਚਾਰਨ ਦਾ ਅਧਿਕਾਰ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਕਿਸੇ ਵੀ ਪੰਥਕ ਮਾਮਲੇ ’ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿਚ ਪੰਜ ਸਿੰਘ ਸਾਹਿਬਾਨ ਮਿਲ ਕੇ ਬੈਠਣ ਅਤੇ ਫੈਸਲੇ ਲੈਣ ਦੀ ਲੰਬੀ ਇਤਿਹਾਸਕ ਪ੍ਰਰੰਪਰਾ ਰਹੀ ਹੈ। ਇਹ ਹੀ ਪਰੰਪਰਾ ਸਿੱਖ ਕੌਮ ਨੂੰ ਦੁਨੀਆ ਵਿਚ ਉਭਾਰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉਚਤਾ ਨੂੰ ਦੂਜੇ ਤਖ਼ਤ ਸਾਹਿਬਾਨ ਤੋਂ ਹੀ ਚੁਣੌਤੀ ਦਿੱਤੀ ਜਾਣ ਲੱਗ ਪਈ ਤਾਂ ਇਹ ਸਿੱਖ ਪਰੰਪਰਾਵਾਂ ਦੀ ਮੌਲਿਕਤਾ ਅਤੇ ਅਮੀਰੀ ਨੂੰ ਸੱਟ ਮਾਰਨ ਤੋਂ ਘੱਟ ਨਹੀਂ ਮੰਨੀ ਜਾ ਸਕਦੀ।


ਉਨ੍ਹਾਂ ਆਖਿਆ ਕਿ ਮੌਜੂਦਾ ਮਾਮਲੇ ਦੇ ਸੰਬੰਧ ਵਿਚ ਮਿਲ ਬੈਠ ਕੇ ਹੱਲ ਵੱਲ ਤੁਰਨਾ ਚਾਹੀਦਾ ਹੈ, ਤਾਂ ਜੋ ਕੌਮ ਅੰਦਰ ਦਿਸ ਰਹੇ ਟਕਰਾਅ ਦੀ ਥਾਂ ’ਤੇ ਸਿੱਖ ਸ਼ਕਤੀ ਨੂੰ ਕੌਮੀ ਹਿਤਾਂ, ਕੌਮ ਦੀ ਚੜ੍ਹਦੀ ਕਲਾ ਅਤੇ ਸਿੱਖੀ ਪ੍ਰਚਾਰ ਲਈ ਵਰਤਿਆ ਜਾ ਸਕੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ