JALANDHAR WEATHER

India vs England 2nd Test Day 3 ਇੰਗਲੈਂਡ 407 'ਤੇ ਆਲ-ਆਊਟ, ਭਾਰਤ ਨੂੰ 244 ਦੌੜਾਂ ਦੀ ਬੜਤ ਸਿਰਾਜ ਨੇ 6 ਤੇ ਆਕਾਸ਼ ਦੀਪ ਨੇ 4 ਵਿਕਟਾਂ ਲਈਆਂ

ਬਰਮਿੰਘਮ, 4 ਜੁਲਾਈ (ਪੀ.ਟੀ.ਆਈ.)-ਭਾਰਤ ਨੇ ਤੀਜੇ ਦਿਨ 244 ਦੌੜਾਂ ਦੀ ਬੜਤ ਪ੍ਰਾਪਤ ਕਰ ਲਈ ਹੈ | ਭਾਰਤੀ ਖਿਡਾਰੀ ਮੁਹੰਮਦ ਸਿਰਾਜ ਤੇ ਆਕਾਸ਼ ਦੀਪ ਦੀ ਘਾਤਕ ਗੇਂਦਬਾਜ਼ੀ ਸਦਕਾ ਇੰਗਲੈਂਡ 407 ਦੌੜਾਂ 'ਤੇ ਆਲ ਆਊਟ ਹੋ ਗਈ | ਅੱਜ ਦੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਦੂਜੀ ਪਾਰੀ 'ਚ ਭਾਰਤ ਨੇ ਇਕ ਵਿਕਟ ਦੇ ਨੁਕਸਾਨ 'ਤੇ 64 ਦੌੜਾਂ ਬਣਾ ਲਈਆਂ ਹਨ, ਜਦਕਿ ਪਿਛਲੀ ਪਾਰੀ ਭਾਰਤ ਵਲੋਂ 587 ਦੌੜਾਂ ਨਾਲ ਸਮਾਪਤ ਕੀਤੀ ਗਈ ਸੀ | ਅੱਜ ਤੀਜੇ ਦਿਨ ਦੀ ਖੇਡ 77/3 ਦੇ ਸਕੋਰ ਨਾਲ ਸ਼ੁਰੂ ਕਰਨ ਵਾਲੇ ਇੰਗਲੈਂਡ ਨੂੰ ਸ਼ੁਰੂਆਤ 'ਚ ਹੀ ਮੁਹੰਮਦ ਸਿਰਾਜ ਨੇ ਲਗਾਤਾਰ 2 ਝਟਕੇ ਦਿੱਤੇ | ਪਹਿਲਾਂ, ਉਸਨੇ ਜੋ ਰੂਟ (22) ਨੂੰ ਪੰਤ ਹੱਥੋਂ ਕੈਚ ਕਰਵਾਇਆ | ਇਸ ਤੋਂ ਬਾਅਦ ਉਸਨੇ ਕਪਤਾਨ ਬੇਨ ਸਟੋਕਸ ਨੂੰ ਵੀ ਪੈਵੇਲੀਅਨ ਦਾ ਰਸਤਾ ਦਿਖਾਇਆ | ਜੋ ਕਿ ਖਾਤਾ ਖੋਲਣ 'ਚ ਵੀ ਅਸਫਲ ਰਿਹਾ | ਹਾਲਾਂਕਿ, ਹੈਰੀ ਬਰੂਕ ਤੇ ਜੈਮੀ ਸਮਿਥ ਮੁਸ਼ਕਲਾਂ ਪੈਦਾ ਕਰਨ ਵਾਲੇ ਸਾਬਤ ਹੋਏ | ਦੋਵਾਂ ਵਿਚਕਾਰ 6ਵੀਂ ਵਿਕਟ ਲਈ 368 ਗੇਂਦਾਂ 'ਚ 303 ਦੌੜਾਂ ਦੀ ਸਾਂਝੇਦਾਰੀ ਹੋਈ | ਇਸ ਦੌਰਾਨ ਜੈਮੀ ਸਮਿਥ ਨੇ 80 ਗੇਂਦਾਂ 'ਚ ਆਪਣੇ ਟੈਸਟ ਕਰੀਅਰ ਦਾ ਦੂਜਾ ਸੈਂਕੜਾ ਪੂਰਾ ਕੀਤਾ ਜਦੋਂ ਕਿ ਸਮਿਥ ਨੇ 137 ਗੇਂਦਾਂ 'ਚ ਆਪਣਾ ਨੌਵਾਂ ਟੈਸਟ ਸੈਂਕੜਾ ਪੂਰਾ ਕੀਤਾ | ਦੂਜੇ ਸੈਸ਼ਨ ਦਾ ਖੇਡ 355/5 ਦੇ ਸਕੋਰ 'ਤੇ ਖ਼ਤਮ ਹੋਇਆ | ਹਾਲਾਂਕਿ, ਤੀਜੇ ਸੈਸ਼ਨ 'ਚ ਆਕਾਸ਼ ਦੀਪ ਨੇ ਹੈਰੀ ਬਰੂਕ ਨੂੰ ਆਪਣਾ ਸ਼ਿਕਾਰ ਬਣਾਇਆ ਤੇ ਸਮਿਥ ਨਾਲ 300 ਤੋਂ ਵੱਧ ਦੌੜਾਂ ਦੀ ਸਾਂਝੇਦਾਰੀ ਤੋੜੀ | ਬਰੂਕ 234 ਗੇਂਦਾਂ 'ਚ 17 ਚੌਕੇ ਤੇ ਇੱਕ ਛੱਕੇ ਦੀ ਮਦਦ ਨਾਲ 158 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਿਆ | ਇਸ ਦੇ ਨਾਲ ਹੀ ਸਮਿਥ 207 ਗੇਂਦਾਂ 'ਚ 21 ਚੌਕੇ ਤੇ ਚਾਰ ਛੱਕਿਆਂ ਦੀ ਮਦਦ ਨਾਲ 184 ਦੌੜਾਂ ਬਣਾਉਣ ਤੋਂ ਬਾਅਦ ਅਜੇਤੂ ਰਿਹਾ | ਸਮਿਥ ਤੋਂ ਇਲਾਵਾ, ਆਕਾਸ਼ ਦੀਪ ਨੇ ਕਿ੍ਸ ਵੋਕਸ ਨੂੰ ਕਰੁਣ ਨਾਇਰ ਤੋਂ ਕੈਚ ਆਉਟ ਕਰਵਾਇਆ | ਉਹ ਸਿਰਫ਼ 5 ਦੌੜਾਂ ਹੀ ਬਣਾ ਸਕਿਆ | ਇਸ ਤੋਂ ਬਾਅਦ ਸਿਰਾਜ ਨੇ ਇਕ ਵੱਡਾ ਯੋਗਦਾਨ ਪਾਉਂਦੇ ਹੋਏ ਬ੍ਰਾਈਡਨ ਕਾਰਸੇ, ਜੋਸ਼ ਟੰਗ ਤੇ ਸ਼ੋਏਬ ਬਸ਼ੀਰ ਨੂੰ ਬਿਨਾਂ ਖ਼ਾਤਾ ਖੋਲ੍ਹਣ ਦਿੱਤੇ ਪੈਵੇਲੀਅਨ ਦਾ ਰਸਤਾ ਦਿਖਾਇਆ | ਹੁਣ ਆਪਣੀ ਦੂਜੀ ਪਾਰੀ ਦੌਰਾਨ ਕੇ.ਐਲ. ਰਾਹੁਲ 38 ਗੇਂਦਾਂ 'ਚ 28 ਦੌੜਾਂ ਤੇ ਕਰੁਣ ਨਾਇਰ 18 ਗੇਂਦਾਂ 'ਚ 7 ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਹਨ | ਹਾਲਾਂਕਿ, ਜੋਸ਼ ਟੰਗ ਨੇ ਭਾਰਤ ਨੂੰ ਪਹਿਲਾ ਝਟਕਾ ਦਿੰਦੇ ਹੋਏ ਯਸ਼ਸਵੀ ਜੈਸਵਾਲ ਨੂੰ ਆਪਣਾ ਸ਼ਿਕਾਰ ਬਣਾ ਲਿਆ ਹੈ | ਉਹ 22 ਗੇਂਦਾਂ 'ਚ ਛੇ ਚੌਕਿਆਂ ਦੀ ਮਦਦ ਨਾਲ 28 ਦੌੜਾਂ ਬਣਾਉਣ 'ਚ ਕਾਮਯਾਬ ਰਿਹਾ | ਉਸਨੇ ਕੇ.ਐਲ. ਰਾਹੁਲ ਨਾਲ ਪਹਿਲੀ ਵਿਕਟ ਲਈ 51 ਦੌੜਾਂ ਦੀ ਸਾਂਝੇਦਾਰੀ ਕੀਤੀ | ਚੌਥੇ ਦਿਨ, ਭਾਰਤ ਇੰਗਲੈਂਡ ਦੇ ਸਾਹਮਣੇ ਇਕ ਮਜ਼ਬੂਤ ਟੀਚਾ ਰੱਖਣ ਦੀ ਕੋਸ਼ਿਸ਼ ਕਰੇਗਾ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ