JALANDHAR WEATHER

ਅਮਨ ਅਰੋੜਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਦੀ ਨਵੀਂ ਇਮਾਰਤ ਲੋਕ ਅਰਪਿਤ

ਲੌਂਗੋਵਾਲ, 4 ਜੁਲਾਈ (ਵਿਨੋਦ ਸ਼ਰਮਾ)-ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਸਬਾ ਲੌਂਗੋਵਾਲ ਵਿਖੇ ਸ਼ਹੀਦ ਭਗਵਾਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਲੌਂਗੋਵਾਲ ਦੀ 6.10 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਕੀਤਾ। ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਵਿਚ ਸਿਹਤ, ਸਿੱਖਿਆ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਮਜ਼ਬੂਤ ਕਰਨ ਲਈ ਵੱਡੇ ਪੱਧਰ ਉਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਨੀਅਤ ਅਤੇ ਨੀਤੀ ਸਾਫ਼ ਹੋਵੇ, ਉਥੇ ਕੋਈ ਵੀ ਕੰਮ ਨਹੀਂ ਰੁਕਦਾ। ਪਿਛਲੀਆਂ ਸਰਕਾਰਾਂ ਦੀ ਖੋਟੀ ਨੀਅਤ ਅਤੇ ਮਾੜੀਆਂ ਨੀਤੀਆਂ ਕਾਰਨ ਸੂਬਾ ਵਿਕਾਸ ਪੱਖੋਂ ਕਾਫ਼ੀ ਪਛੜ ਗਿਆ ਸੀ ਪਰ ਜਦੋਂ ਤੋਂ 'ਆਪ' ਸੱਤਾ ਵਿਚ ਆਈ ਹੈ ਉਦੋਂ ਤੋਂ ਹੀ ਤਰਜੀਹੀ ਤੌਰ ਉੱਤੇ ਸਰਬਪੱਖੀ ਵਿਕਾਸ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ।

ਉਨ੍ਹਾਂ ਸਕੂਲ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤਿੰਨ ਮੰਜ਼ਿਲਾ ਇਮਾਰਤ ਦਾ ਕੁੱਲ ਕਵਰਡ ਖੇਤਰ 33590 ਸਕੇਅਰ ਫੁੱਟ ਹੈ। ਇਸ ਸਕੂਲ ਵਿਚ ਨਿੱਜੀ ਸਕੂਲਾਂ ਤੋਂ ਵੀ ਵੱਧ ਆਧੁਨਿਕ ਸਹੂਲਤਾਂ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਇਮਾਰਤ ਵਿਚ ਪ੍ਰਿੰਸੀਪਲ ਦੇ ਦਫ਼ਤਰ ਸਮੇਤ 14 ਕਲਾਸ ਰੂਮ, ਰਸੋਈ, ਕਲੈਰੀਕਲ ਸਟਾਫ ਰੂਮ, ਕੰਪਿਊਟਰ ਲੈਬ, ਭੂਗੋਲ ਲੈਬ, 2 ਰੋਬੋਟਿਕ ਲੈਬ, ਆਈ ਟੀ ਲੈਬ, ਸੁੰਦਰਤਾ ਅਤੇ ਤੰਦਰੁਸਤੀ ਲੈਬ, ਅੰਗਰੇਜ਼ੀ ਸੁਣਨ ਲੈਬ, ਸਾਇੰਸ ਲੈਬ, ਮੀਟਿੰਗ ਹਾਲ, ਡਾਈਨਿੰਗ ਰੂਮ, ਸਟੋਰ, ਵਾਸ਼ਰੂਮ ਅਤੇ ਹੋਰ ਸਹੂਲਤਾਂ ਮੌਜੂਦ ਹਨ।

ਉਨ੍ਹਾਂ ਕਿਹਾ ਕਿ ਪਹਿਲਾਂ ਇਹ ਸਕੂਲ ਕਸਬੇ ਦੇ ਤੰਗ ਬਾਜ਼ਾਰ ਵਿਚ ਚੱਲਦਾ ਸੀ, ਜਿਸ ਕਾਰਨ ਲੜਕੀਆਂ ਨੂੰ ਸਕੂਲ ਆਉਣ-ਜਾਣ ਦੀ ਬਹੁਤ ਮੁਸ਼ਕਿਲ ਪੇਸ਼ ਆਉਂਦੀ ਸੀ। ਇਸ ਸਕੂਲ ਨੂੰ ਬਣਾਉਣ ਦੀ ਮੰਗ 10 ਸਾਲ ਪਹਿਲਾਂ ਰੱਖੀ ਗਈ ਸੀ। ਜਿਹੜੇ ਕੰਮ ਪਿਛਲੇ 75 ਸਾਲਾਂ ਵਿਚ ਨਹੀਂ ਹੋਏ, ਉਹ ਅੱਜ ਪਹਿਲ ਦੇ ਆਧਾਰ ਉੱਤੇ ਕਰਵਾਏ ਜਾ ਰਹੇ ਹਨ। ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਸੰਬੋਧਨ ਕਰਦਿਆਂ ਜਿਥੇ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਚੰਗਾ ਬੁਨਿਆਦੀ ਢਾਂਚਾ ਮਿਲਣ ਨਾਲ ਬੱਚਿਆਂ ਦੇ ਆਤਮ-ਵਿਸ਼ਵਾਸ ਵਿਚ ਵਾਧਾ ਹੋਇਆ ਹੈ ਅਤੇ ਗੱਲਬਾਤ ਦੇ ਸਲੀਕੇ ਵਿਚ ਵੱਡਾ ਬਦਲਾਅ ਆਇਆ ਹੈ।

ਇਸ ਮੌਕੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ, ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਤਰਵਿੰਦਰ ਕੌਰ, ਚੇਅਰਮੈਨ ਅਵਤਾਰ ਸਿੰਘ ਈਲਵਾਲ, ਪਰਮਿੰਦਰ ਕੌਰ ਬਰਾੜ, ਸਿਸ਼ਨਪਾਲ ਗਰਗ, ਗੁਰਮੀਤ ਸਿੰਘ ਲੱਲੀ, ਬਲਵਿੰਦਰ ਸਿੰਘ ਢਿੱਲੋਂ, ਮੇਲਾ ਸਿੰਘ ਸੂਬੇਦਾਰ, ਰਣਜੀਤ ਸਿੰਘ ਕੂਕਾ, ਬਲਵਿੰਦਰ ਸਿੰਘ ਕੌਂਸਲਰ, ਰਾਜ ਸਿੰਘ ਰਾਜੂ, ਅੰਮ੍ਰਿਤਪਾਲ ਸਿੰਘ, ਵਿੱਕੀ ਵਸ਼ਿਸ਼ਟ, ਸੁਖਪਾਲ ਬਾਜਵਾ, ਗੁਰਜੰਟ ਖਾਂ, ਭੀਮ ਬਾਵਾ, ਕਰਨੈਲ ਸਿੰਘ ਜੱਸੇ ਕਾ, ਬਲਰਾਜ ਬਾਜ਼ੀ, ਡਾ. ਮੋਹਨ ਸਿੰਘ, ਡਾ. ਮਲਵਿੰਦਰ ਸਿੰਘ ਮਾਲੀ, ਕਮਲ ਬਰਾੜ, ਕਮਲਜੀਤ ਸਿੰਘ ਵਿੱਕੀ, ਸਤਿਗੁਰ ਸਿੰਘ ਯੋਗਾ, ਲਖਵਿੰਦਰ ਸਿੰਘ ਭਾਲ, ਦਲਵੀਰ ਸਿੰਘ, ਸਰਪੰਚ ਨਿਹਾਲ ਸਿੰਘ, ਸਰਪੰਚ ਦਰਸ਼ਨ ਸਿੰਘ, ਗੋਬਿੰਦ ਸਿੰਘ ਗਿੱਲ, ਪ੍ਰੀਤਮ ਸਿੰਘ ਹੌਲਦਾਰ, ਮਾ. ਨਰਿੰਦਰ ਸ਼ਰਮਾ, ਗੁਰਸੇਵਕ ਸਿੰਘ ਚਹਿਲ, ਬਲਵਿੰਦਰ ਸਿੰਘ ਪ੍ਰਧਾਨ ਸਰਾਭਾ ਕਲੱਬ,  ਪ੍ਰਿੰ. ਨਾਜ਼ਰ ਸਿੰਘ ਚਹਿਲ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਨਜੀਤ ਕੌਰ, ਪ੍ਰਿੰ. ਕਰਮਜੀਤ ਕੌਰ, ਮੈਡਮ ਗੁਰਪ੍ਰੀਤ ਕੌਰ ਧਾਲੀਵਾਲ, ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਅਜੇ ਕੁਮਾਰ ਗਰਗ, ਜੇ.ਈ. ਸੰਜੇ ਸਿੰਗਲਾ, ਡੀ.ਐਸ.ਪੀ. ਹਰਵਿੰਦਰ ਸਿੰਘ ਖਹਿਰਾ,  ਪ੍ਰਿੰ. ਬਿਪਨ ਚਾਵਲਾ, ਮੰਚ ਸੰਚਾਲਕ ਸ਼ਸ਼ੀ ਬਾਲਾ ਹਾਜ਼ਰ ਸਨ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ