10 ਰੁਪਏ ਦੀ ਪਰਚੀ ਲਈ ਸਿਵਲ ਹਸਪਤਾਲ ਵਿਖੇ ਕੰਪਿਊਟਰ ਆਪ੍ਰੇਟਰ 'ਤੇ ਨਸ਼ੇੜੀ ਵਲੋਂ ਹਮਲਾ

ਤਲਵੰਡੀ ਸਾਬੋ, 4 ਜੁਲਾਈ-ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਵਿਖੇ ਕੰਪਿਊਟਰ ਆਪ੍ਰੇਟਰ ਉਤੇ ਇਕ ਨਸ਼ੇੜੀ ਵਲੋਂ ਹਮਲਾ ਕਰਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 10 ਰੁਪਏ ਦੀ ਪਰਚੀ ਨੂੰ ਲੈ ਕੇ ਕੰਪਿਊਟਰ ਆਪ੍ਰੇਟਰ ਉਤੇ ਹਮਲਾ ਕੀਤਾ ਗਿਆ। ਇਸ ਹਮਲੇ ਦੇ ਰੋਸ ਵਜੋਂ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਆਪਣੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ। ਪੁਲਿਸ ਨੇ ਕਥਿਤ ਆਰੋਪੀ ਖਿਲਾਫ ਇਰਾਦਾ-ਏ-ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
ਇਤਿਹਾਸਿਕ ਨਗਰ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਵਿਚ ਦਾਖਲ ਇਹ ਨੌਜਵਾਨ ਗੁਰਸੇਵਕ ਸਿੰਘ ਹਸਪਤਾਲ ਵਿਚ ਕੰਪਿਊਟਰ ਆਪ੍ਰੇਟਰ ਦੀ ਡਿਊਟੀ ਕਰਦਾ ਹੈ, ਜਿਸ ਉਤੇ ਨਸ਼ੇ ਦੀ ਦਵਾਈ ਲੈਣ ਲਈ ਹਸਪਤਾਲ ਵਿਚ ਆਏ ਇਕ ਨਸ਼ੇੜੀ ਨੇ ਹਮਲਾ ਕਰ ਦਿੱਤਾ, ਜਿਸ ਤੋਂ ਉਹ ਵਾਲ-ਵਾਲ ਬਚ ਗਿਆ ਅਤੇ ਉਸਦੇ ਹੱਥ ਉਤੇ ਕਿਰਪਾਨ ਲੱਗਣ ਨਾਲ ਜ਼ਖਮੀ ਹੋ ਗਿਆ। ਪੀੜਤ ਨੇ ਦੱਸਿਆ ਕਿ ਉਕਤ ਵਿਅਕਤੀ ਡਾਕਟਰ ਤੋਂ ਜਦੋਂ ਦਵਾਈ ਲੈਣ ਲਈ ਗਿਆ ਤਾਂ ਉਸਦੀ ਨਵੀਂ ਪਰਚੀ ਬਣਾਉਣ ਲਈ ਉਸਨੂੰ ਕਿਹਾ ਗਿਆ ਪਰ ਉਸਨੇ ਜਦੋਂ ਇਥੇ ਨਵੀਂ ਪਰਚੀ ਬਣਾਉਣ ਲਈ 10 ਰੁਪਏ ਮੰਗੇ ਤਾਂ ਉਸਨੇ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਉਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਉਸਨੂੰ ਜ਼ਖਮੀ ਕਰਕੇ ਫਰਾਰ ਹੋ ਗਿਆ।