ਦਿੱਲੀ ਤੋਂ ਵਾਸ਼ਿੰਗਟਨ ਜਾ ਰਹੀ ਏਅਰ ਇੰਡੀਆ ਦੀ ਉਡਾਣ ’ਚ ਆਈ ਤਕਨੀਕੀ ਖ਼ਰਾਬੀ

ਨਵੀਂ ਦਿੱਲੀ, 3 ਜੁਲਾਈ- ਦਿੱਲੀ ਤੋਂ ਵਾਸ਼ਿੰਗਟਨ ਜਾ ਰਹੀ ਏਅਰ ਇੰਡੀਆ ਦੀ ਉਡਾਣ ਵਿਚ ਅਚਾਨਕ ਤਕਨੀਕੀ ਖ਼ਰਾਬੀ ਆ ਗਈ। ਵਿਆਨਾ ਵਿਚ ਫਿਊਲ ਭਰਨ ਲਈ ਉਡਾਣ ਰੁਕਣ ਤੋਂ ਬਾਅਦ ਇਸ ਨੁਕਸ ਦਾ ਪਤਾ ਲੱਗਿਆ। ਇਸ ਤੋਂ ਬਾਅਦ, ਉਡਾਣ ਰੱਦ ਕਰ ਦਿੱਤੀ ਗਈ। ਏਅਰਲਾਈਨ ਨੇ ਵਾਸ਼ਿੰਗਟਨ ਜਾਣ ਵਾਲੇ ਯਾਤਰੀਆਂ ਨੂੰ ਵਿਆਨਾ ਵਿਚ ਉਤਾਰ ਦਿੱਤਾ ਅਤੇ ਦੂਸਰੇ ਜਹਾਜ਼ ਰਾਹੀਂ ਅੱਗੇ ਭੇਜਿਆ। ਇਸ ਦੇ ਨਾਲ ਹੀ ਪੂਰੇ ਰਿਫੰਡ ਦੀ ਪੇਸ਼ਕਸ਼ ਵੀ ਕੀਤੀ ਗਈ। ਇਸ ਤੋਂ ਇਲਾਵਾ ਵਿਆਨਾ ਡੀ.ਸੀ. ਤੋਂ ਵਿਆਨਾ ਰਾਹੀਂ ਨਵੀਂ ਦਿੱਲੀ ਆਉਣ ਵਾਲੀ ਏਅਰ ਇੰਡੀਆ ਦੀ ਉਡਾਣ ਨੂੰ ਵੀ ਰੱਦ ਕਰ ਦਿੱਤਾ ਗਿਆ। ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ 2 ਜੁਲਾਈ ਨੂੰ, ਨਵੀਂ ਦਿੱਲੀ ਤੋਂ ਵਾਸ਼ਿੰਗਟਨ ਡੀ.ਸੀ. ਜਾਣ ਵਾਲੀ ਉਡਾਣ ਨੰਬਰ ਏ.ਆਈ. 103 ਨੂੰ ਵਿਆਨਾ ਵਿਚ ਫਿਊਲ ਭਰਨ ਲਈ ਰੋਕ ਦਿੱਤਾ ਗਿਆ ਸੀ। ਫਿਊਲ ਭਰਨ ਦੌਰਾਨ ਨਿਯਮਤ ਜਾਂਚ ਦੌਰਾਨ, ਜਹਾਜ਼ ਵਿਚ ਇਕ ਤਕਨੀਕੀ ਨੁਕਸ ਪਾਇਆ ਗਿਆ।