ਭਾਖੜਾ ਨਹਿਰ ਦੇ ਗੋਲੇਵਾਲਾ ਹੈੱਡ ਤੋਂ ਵਿਅਕਤੀ ਦੀ ਮਿਲੀ ਲਾਸ਼

ਬਠਿੰਡਾ/ਤਲਵੰਡੀ ਸਾਬੋ/ਸੀਂਗੋ ਮੰਡੀ, 17 ਜੂਨ (ਲਕਵਿੰਦਰ ਸ਼ਰਮਾ)-ਬਠਿੰਡਾ ਜ਼ਿਲ੍ਹੇ ਦੇ ਹਲਕਾ ਤਲਵੰਡੀ ਸਾਬੋ ਦੇ ਪਿੰਡ ਗੋਲੇਵਾਲਾ ਨਜ਼ਦੀਕ ਲੰਘਦੀ ਭਾਖੜਾ ਨਹਿਰ ਵਿਚੋਂ ਇਕ 40 ਸਾਲਾ ਵਿਅਕਤੀ ਦੀ ਲਾਵਾਰਿਸ ਲਾਸ਼ ਬਰਾਮਦ ਹੋਣ ਨਾਲ ਸਨਸਨੀ ਫੈਲ ਗਈ ਹੈ। ਇਤਲਾਹ ਮਿਲਣ ਉਤੇ ਸੀਂਗੋ ਮੰਡੀ ਚੌਕੀ ਦੀ ਪੁਲਿਸ ਟੀਮ ਵਲੋਂ ਗੋਲੇਵਾਲਾ ਹੈੱਡ ਉਤੇ ਇਕ ਲਾਵਾਰਿਸ ਲਾਸ਼ ਬਰਾਮਦ ਕਰਕੇ ਆਪਣੇ ਕਬਜ਼ੇ ਵਿਚ ਲੈ ਕੇ ਪਛਾਣ ਲਈ ਤਲਵੰਡੀ ਸਾਬੋ ਦੇ ਸਹਾਰਾ ਕਲੱਬ ਦੇ ਵਰਕਰ ਹੈਪੀ ਤੇ ਜਸਕਰਨ ਸਿੰਘ ਦੀ ਸਹਾਇਤਾ ਨਾਲ ਸੀਂਗੋ ਮੰਡੀ ਦੀ ਪੁਲਿਸ ਨੇ ਬਠਿੰਡਾ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤੀ ਹੈ। ਇਸ ਸਬੰਧੀ ਸਥਾਨਕ ਕਸਬੇ ਦੀ ਪੁਲਿਸ ਚੌਕੀ ਦੇ ਇੰਚਾਰਜ ਅਜੇਪਾਲ ਸਿੰਘ ਨੇ ਦੱਸਿਆ ਕਿ ਸਾਨੂੰ ਕੁਲਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਭਾਖੜਾ ਨਹਿਰ ਵਿਚ ਇਕ ਲਾਸ਼ ਤੈਰ ਰਹੀ ਹੈ। ਇਤਲਾਹ ਮਿਲਣ ਉਤੇ ਹੌਲਦਾਰ ਬਿੱਕਰ ਸਿੰਘ ਤੇ ਹੋਰ ਮੁਲਾਜ਼ਮਾਂ ਵਲੋਂ ਲਾਵਾਰਿਸ ਲਾਸ਼ ਆਪਣੇ ਕਬਜ਼ੇ ਵਿਚ ਲਈ ਗਈ। ਮ੍ਰਿਤਕ ਬਾਰੇ ਉਨ੍ਹਾਂ ਦੱਸਿਆ ਕਿ ਉਸ ਦੀ ਉਮਰ 40 ਸਾਲ ਦੀ ਜਾਪਦੀ ਹੈ ਤੇ ਸੱਜੇ ਹੱਥ ਉਤੇ ਅੰਗਰੇਜ਼ੀ ਵਿਚ ਧੀਮਾਨ ਅਤੇ ਟਰੱਸਟ ਨੋ ਵਨ ਤੇ ਏ.ਐਸ. ਲਿਖਿਆ ਹੋਇਆ ਹੈ ਤੇ ਉਸਦੇ ਸਰੀਰ ਉੱਤੇ ਸੱਟਾਂ ਦੇ ਨਿਸ਼ਾਨ ਵੀ ਹਨ, ਜਿਸ ਨੂੰ ਸਹਾਰਾ ਕਲੱਬ ਤਲਵੰਡੀ ਸਾਬੋ ਦੇ ਵਰਕਰਾਂ ਰਾਹੀਂ ਕਢਵਾ ਕੇ ਸ਼ਨਾਖਤ ਲਈ 72 ਘੰਟਿਆਂ ਲਈ ਸਿਵਲ ਹਸਪਤਾਲ ਬਠਿੰਡਾ ਦੇ ਮੁਰਦਾਘਰ ਵਿਖੇ ਰੱਖਿਆ ਗਿਆ ਹੈ।