ਸੱਪ ਨੇ ਮਾਸੀ ਤੇ ਭਾਣਜੇ ਨੂੰ ਡੱਸਿਆ, ਮਾਸੀ ਦੀ ਮੌਤ

ਮਾਛੀਵਾੜਾ ਸਾਹਿਬ, 17 ਜੂਨ (ਰਾਜਦੀਪ ਸਿੰਘ ਅਲਬੇਲਾ)-ਬੇਟ ਇਲਾਕੇ ਦੇ ਪਿੰਡ ਜੋਧਵਾਲ ਵਿਖੇ ਤੜਕਸਾਰ ਸੱਪ ਦੇ ਡੱਸਣ ਨਾਲ ਔਰਤ ਅਨੂ ਰਾਣੀ (30) ਦੀ ਮੌਤ ਹੋ ਗਈ ਜਦਕਿ ਉਸਦਾ ਰਿਸ਼ਤੇ ਵਿਚ ਲੱਗਦਾ ਭਾਣਜਾ ਹਾਰਦਿਕ (5) ਵਾਸੀ ਅੰਬਾਲਾ ਕੈਂਟ ਹਸਪਤਾਲ ਵਿਚ ਇਲਾਜ ਅਧੀਨ ਹੈ। ਜਾਣਕਾਰੀ ਅਨੁਸਾਰ ਔਰਤ ਅਨੂ ਰਾਣੀ ਮੰਜੇ ’ਤੇ ਸੌਂ ਰਹੀ ਸੀ ਜਦਕਿ ਉਸਦਾ ਭਾਣਜਾ ਆਪਣੀ ਮਾਤਾ ਸਮੇਤ ਜੋ ਇਥੇ ਰਿਸ਼ਤੇਦਾਰੀ ਵਿਚ ਆਇਆ ਹੋਇਆ ਹੈ, ਉਹ ਥੱਲੇ ਬਿਸਤਰੇ ’ਤੇ ਪਿਆ ਸੀ। ਤੜਕੇ ਕਰੀਬ 3 ਵਜੇ ਤੋਂ ਬਾਅਦ ਇਕ ਸੱਪ ਉਨ੍ਹਾਂ ਦੇ ਕਮਰੇ ਵਿਚ ਆ ਗਿਆ, ਜਿਸ ਨੇ ਸੁੱਤੀ ਪਈ ਅਨੂ ਰਾਣੀ ਤੇ ਉਸਦੇ ਭਾਣਜੇ ਨੂੰ ਡੱਸ ਲਿਆ। ਸੱਪ ਦੇ ਡੱਸਣ ਕਾਰਨ ਪਰਿਵਾਰ ਵਿਚ ਹੜਕੰਪ ਮਚ ਗਿਆ ਅਤੇ ਦੋਵਾਂ ਨੂੰ ਹਸਪਤਾਲ ਲਿਆਂਦਾ ਗਿਆ ਜਿਥੇ ਅਨੂ ਰਾਣੀ ਦੀ ਮੌਤ ਹੋ ਗਈ ਜਦਕਿ ਹਾਰਦਿਕ ਜ਼ੇਰੇ ਇਲਾਜ ਹੈ। ਅਨੂ ਰਾਣੀ ਦੇ ਪਤੀ ਜਨਕ ਰਾਜ ਦੀ ਕੁਝ ਸਾਲ ਪਹਿਲਾਂ ਕੋਰੋਨਾ ਦੌਰਾਨ ਮੌਤ ਹੋ ਗਈ ਸੀ ਅਤੇ ਅੱਜ ਉਸਦੀ ਵੀ ਸੱਪ ਦੇ ਡੱਸਣ ਨਾਲ ਮੌਤ ਹੋ ਗਈ।